ਗੁਲਜ਼ਾਰ ਗਰੁੱਪ ’ਚ ਮਾਨਸਿਕ ਤੰਦਰੁਸਤੀ ਬਾਰੇ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੁਲਾਈ
ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਮਾਈਂਡਪਲੱਸ ਹੈਲਥ ਕੇਅਰ ਦੇ ਸਹਿਯੋਗ ਨਾਲ ਮਾਨਸਿਕ ਤੰਦਰੁਸਤੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਆਪਣੇ ਵਿਦਿਆਰਥੀਆਂ ਅਤੇ ਸਟਾਫ਼ ਦੀ ਸਰਬਪੱਖੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਸੀ ਜਿਸ ਰਾਹੀਂ ਭਾਗੀਦਾਰਾਂ ਨੂੰ ਤਣਾਅ ਦਾ ਪ੍ਰਬੰਧਨ ਕਰਨ, ਭਾਵਨਾਤਮਕ ਲਚਕੀਲੇਪਣ ਨੂੰ ਵਧਾਉਣ ਅਤੇ ਸਕਾਰਾਤਮਿਕ ਮਾਨਸਿਕਤਾ ਪੈਦਾ ਕਰਨ ਲਈ ਵਿਹਾਰਕ ਰਣਨੀਤੀਆਂ ਨਾਲ ਲੈਸ ਕਰਨਾ ਸੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਮਾਨਸਿਕ ਤੰਦਰੁਸਤੀ ਦੇ ਮਾਹਿਰ ਡਾ. ਤਾਨੀਆ ਨੇ ਵਿਦਿਆਰਥੀਆਂ ਨੂੰ ਆਪਣੀ ਸਮੁੱਚੀ ਮਾਨਸਿਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਤਿਆਰ ਕੀਤੀਆਂ ਚਰਚਾਵਾਂ ਅਤੇ ਅਭਿਆਸਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ।
ਕਾਲਜ ਦੇ ਚੇਅਰਮੈਨ ਗੁਰਸ਼ਰਨ ਸਿੰਘ ਨੇ ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿੱਚ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਕਾਦਮਿਕ ਉੱਤਮਤਾ ਨੂੰ ਮਜ਼ਬੂਤ ਮਾਨਸਿਕ ਤੰਦਰੁਸਤੀ ਨਾਲ ਪੂਰਕ ਹੋਣਾ ਚਾਹੀਦਾ ਹੈ। ਇਹ ਵਰਕਸ਼ਾਪ ਇੱਕ ਸਹਾਇਕ ਮਾਹੌਲ ਦੇਣ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ ਜਿੱਥੇ ਸਾਡੇ ਵਿਦਿਆਰਥੀ ਅਤੇ ਸਟਾਫ਼ ਬੌਧਿਕ ਅਤੇ ਭਾਵਨਾਤਮਕ ਤੌਰ ’ਤੇ ਵੱਧ-ਫੁੱਲ ਸਕਦੇ ਹਨ। ਇਸ ਤੋਂ ਇਲਾਵਾ ਨਿੱਜੀ ਵਿਕਾਸ ਅਤੇ ਸਫਲਤਾ ਲਈ ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ। ਡਾਇਰੈਕਟਰ ਗੁਰਕੀਰਤ ਸਿੰਘ ਨੇ ਅਜਿਹੀਆਂ ਪਹਿਲਕਦਮੀਆਂ ਦੇ ਵਿਹਾਰਕ ਲਾਭਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਈਂਡਪਲੱਸ ਨਾਲ ਸਾਡਾ ਸਹਿਯੋਗ ਸਾਡੇ ਭਾਈਚਾਰੇ ਨੂੰ ਜ਼ਿੰਦਗੀ ਦੀਆਂ ਚੁਨੌਤੀਆਂ ਨੂੰ ਵਧੇਰੇ ਆਸਾਨੀ ਅਤੇ ਵਿਸ਼ਵਾਸ ਨਾਲ ਨਜਿੱਠਣ ਲਈ ਜ਼ਰੂਰੀ ਸਾਧਨਾਂ ਨਾਲ ਸ਼ਕਤੀ ਪ੍ਰਦਾਨ ਕਰਨਾ ਹੈ। ਇਹ ਸੈਸ਼ਨ ਮਾਨਸਿਕ ਸਿਹਤ ਨਾਲ ਜੁੜੇ ਕਲੰਕ ਨੂੰ ਤੋੜਨ ਅਤੇ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਹਨ। ਅੰਤ ਵਿਚ ਡਾ. ਤਾਨੀਆ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਸਰਲਤਾ ਨਾਲ ਜਵਾਬ ਦਿੱਤੇ।