ਗੁਰੂ ਨਾਨਕ ਦੇਵ ’ਵਰਸਿਟੀ ਨੇ 15 ਦਿਨਾਂ ਵਿੱਚ ਜਾਰੀ ਕੀਤੇ ਪ੍ਰੀਖਿਆਵਾਂ ਦੇ ਨਤੀਜੇ
ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਜੂਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਪ੍ਰੋਫੈਸਰ ਡਾ. ਕਰਮਜੀਤ ਸਿੰਘ ਨੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਾਰੀਆਂ ਪ੍ਰੀਖਿਆਵਾਂ ਦੇ ਨਤੀਜੇ 15 ਦਿਨਾਂ ਦੇ ਅੰਦਰ ਜਾਰੀ ਕਰਨ ਦੀ ਹਦਾਇਤ ਦਿੱਤੀ ਸੀ। ਇਸ ਦਿਸ਼ਾ ਵਿੱਚ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਨੇ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਐੱਮਟੈੱਕ ਟਰਾਂਸਪੋਰਟ ਪਲਾਨਿੰਗ ਸਮੈਸਟਰ ਚੌਥਾ, ਐੱਮਟੈੱਕ ਅਰਬਨ ਪਲਾਨਿੰਗ ਸਮੈਸਟਰ ਚੌਥਾ, ਬੈਚਲਰ ਆਫ਼ ਪਲੈਨਿੰਗ ਅਰਬਨ ਸਮੈਸਟਰ ਛੇਵਾ, ਐੱਮਟੈੱਕ ਟਰਾਂਸਪੋਰਟ ਪਲਾਨਿੰਗ ਸਮੈਸਟਰ ਦੂਜਾ, ਬੈਚਲਰ ਆਫ ਪਲੈਨਿੰਗ ਅਰਬਨ ਸਮੈਸਟਰ ਛੇਵਾਂ ਅਤੇ ਐਮਟੈੱਕ ਅਰਬਨ ਪਲਾਨਿੰਗ ਸਮੈਸਟਰ ਦੂਜਾ ਦੇ ਨਤੀਜੇ ਨਿਰਧਾਰਤ ਸਮੇਂ ਤੋਂ ਪਹਿਲਾਂ ਐਲਾਨ ਦਿੱਤੇ ਹਨ। ਇਸ ਪ੍ਰਾਪਤੀ ’ਤੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਵਿਭਾਗ ਦੀ ਟੀਮ ਅਤੇ ਮੁਖੀ, ਪ੍ਰੋ. ਅਸ਼ਵਨੀ ਲੁਥਰਾ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਯੂਨੀਵਰਸਿਟੀ ਦੀ ਪ੍ਰਬੰਧਕੀ ਸਮਰੱਥਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਸਮੇਂ ਸਿਰ ਨਤੀਜੇ ਮੁਹੱਈਆ ਕਰ ਕੇ ਉਨ੍ਹਾਂ ਦੀ ਅਕਾਦਮਿਕ ਅਤੇ ਪੇਸ਼ੇਵਰ ਯੋਜਨਾਬੰਦੀ ਵਿੱਚ ਮੱਦਦ ਕਰੇਗੀ। ਉਨ੍ਹਾਂ ਸਾਰੇ ਵਿਭਾਗਾਂ ਨੂੰ ਇਸ ਮਿਆਰ ਨੂੰ ਅਪਣਾਉਣ ਅਤੇ 15 ਦਿਨਾਂ ਦੇ ਅੰਦਰ ਨਤੀਜੇ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਸ ਹੈ ਕਿ ਯੂਨੀਵਰਸਿਟੀ ਦੇ ਹੋਰ ਵਿਭਾਗ ਵੀ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰਨਗੇ। ਇਸ ਪਹਿਲਕਦਮੀ ਨੇ ਨਾ ਸਿਰਫ਼ ਵਿਦਿਆਰਥੀਆਂ ਵਿੱਚ ਵਿਸ਼ਵਾਸ ਜਗਾਇਆ ਹੈ ਸਗੋਂ ਯੂਨੀਵਰਸਿਟੀ ਦੀ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਨੂੰ ਵੀ ਉਜਾਗਰ ਕੀਤਾ ਹੈ।