ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਅਸੀਂ
ਡਾ. ਗੁਰਬਖ਼ਸ਼ ਸਿੰਘ ਭੰਡਾਲ
ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਖਾਤਰ 1675 ਵਿੱਚ ਔਰੰਗਜ਼ੇਬ ਵੱਲੋਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਹਿਲੇ ਸ਼ਹੀਦ ਵਜੋਂ ਸੰਸਾਰ ਭਰ ਵਿੱਚ ਜਾਣਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਸਮੁੱਚੀ ਸ਼ਖ਼ਸੀਅਤ ਅਤੇ ਸ਼ਹਾਦਤ ਨੇ ਭਵਿੱਖ ਨੂੰ ਬਹੁਤ ਸਾਰੇ ਪੱਖਾਂ ਤੋਂ ਪ੍ਰਭਾਵਿਤ ਕੀਤਾ। ਦਰਅਸਲ, ਮਹਾਨ ਵਿਅਕਤੀਆਂ ਦੀਆਂ ਸ਼ਹਾਦਤਾਂ ਹੀ ਵਕਤ ਨੂੰ ਨਵਾਂ ਮੋੜ, ਨਵੀਂ ਦਿਸ਼ਾ ਅਤੇ ਨਵੀਂ ਦਿੱਖ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਰਾਹੀਂ ਕਿਸੇ ਕੌਮ ਦੀ ਵਿਲੱਖਣ ਪਛਾਣ ਦੀ ਸਿਰਜਣਾ ਹੁੰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਦੋ ਤਰੀਕਿਆਂ ਨਾਲ ਸਿੱਖ ਇਤਿਹਾਸ ਅਤੇ ਸਰੋਕਾਰਾਂ ਨੂੰ ਪ੍ਰਭਾਵਿਤ ਕੀਤਾ।
ਖਾਲਸਾ ਪੰਥ ਦੀ ਸਿਰਜਣਾ: ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਆਨੰਦ ਸਾਹਿਬ ਲਿਆਏ ਤਾਂ ਉਸ ਨੂੰ ਦੇਖ ਕੇ 9 ਸਾਲ ਦੇ ਬਾਲ ਗੋਬਿੰਦ ਦੇ ਮਨ ’ਤੇ ਇਸ ਕਹਿਰ, ਕਤਲ ਅਤੇ ਜ਼ੁਲਮ ਦਾ ਬਹੁਤ ਡੂੰਘਾ ਅਸਰ ਹੋਇਆ ਹੋਵੇਗਾ। ਬਾਲਮਨ ਨੇ ਸੋਚਿਆ ਤਾਂ ਜ਼ਰੂਰ ਹੋਵੇਗਾ ਕਿ ਇਹ ਕਿਉਂ ਹੋਇਆ? ਕਿਸ ਨੇ ਕੀਤਾ? ਮੇਰੇ ਪਿਤਾ ਜੀ ਦਾ ਕੀ ਕਸੂਰ ਸੀ? ਇਹ ਜ਼ਬਰ-ਜ਼ੁਲਮ ਕਿਉਂ ਢਾਇਆ ਗਿਆ? ਬਾਪ ਦਾ ਸਾਇਆ ਸਿਰੋਂ ਉੱਠ ਜਾਵੇ ਤਾਂ ਬੱਚੇ ਲਈ ਸਾਰਾ ਜਹਾਨ ਹੀ ਬੇਗਾਨਾ ਹੋ ਜਾਂਦਾ ਹੈ। ਬਾਲ ਗੋਬਿੰਦ ਦੇ ਮਨ ਵਿੱਚ ਉੱਠੀ ਪੀੜਾ, ਗੁੱਸਾ ਤੇ ਵੇਦਨਾ ਨੇ ਹੌਲੀ ਹੌਲੀ ਰੋਹ ਦਾ ਰੂਪ ਧਾਰਿਆ ਹੋਵੇਗਾ ਤਾਂ ਹੀ ਗੁਰੂ ਜੀ ਬਚਿੱਤਰ ਨਾਟਕ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਮੇਂ ਨੂੰ ਯਾਦ ਕਰਦਿਆਂ ਉਚਾਰਦੇ ਹਨ;
ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ।
ਜਿਉਂ ਜਿਉਂ ਬਾਲ ਗੋਬਿੰਦ ਜੀ ਜਵਾਨ ਹੋਏ, ਉਨ੍ਹਾਂ ਨੇ ਜ਼ਾਲਮਾਨਾ ਸਥਿਤੀਆਂ ਦਾ ਟਾਕਰਾ ਕਰਨ ਲਈ ਇੱਕ ਸੰਗਠਿਤ ਜੰਗਜੁ ਕੌਮ ਨੂੰ ਤਿਆਰ ਕਰਨ ਦਾ ਮਨ ਵਿੱਚ ਧਾਰਿਆ ਜੋ ਧਰਮ, ਜਾਤ, ਰੰਗ, ਨਸਲ ਜਾਂ ਕੌਮ ਤੋਂ ਉੱਪਰ ਉੱਠ ਕੇ ਜ਼ੁਲਮ ਅਤੇ ਜ਼ਬਰ ਦਾ ਟਾਕਰਾ ਕਰ ਸਕੇ। ਸ਼ਹਾਦਤ ਤੋਂ ਪੂਰੇ 24 ਸਾਲ ਬਾਅਦ 33 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਨ ਲਈ 1699 ਦੀ ਵਿਸਾਖੀ ਨੂੰ ਚੁਣਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ, ਜਜ਼ਬੇ ਅਤੇ ਜਜ਼ਬਾਤਾਂ ਨੂੰ ਜਰਬ ਦਿੱਤੀ ਜੋ ਖਾਲਸਾ ਪੰਥ ਦੀ ਸਿਰਜਣਾ ਦਾ ਆਧਾਰ ਬਣੀ ਅਤੇ ਸਿੱਖ ਕੌਮ ਨੇ ਲਾਸਾਨੀ ਕੁਰਬਾਨੀਆਂ ਅਤੇ ਬੇਮਿਸਾਲ ਬਹਾਦਰੀ ਦਾ ਇਤਿਹਾਸ ਸਿਰਜਿਆ ਅਤੇ ਸਿਰਜ ਰਿਹਾ ਹੈ।
ਜ਼ਬਰ ਤੇ ਜ਼ੁਲਮ ਦਾ ਸੰਗਠਿਤ ਰੂਪ ਵਿੱਚ ਟਾਕਰਾ: ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੇ ਹਾਕਮਾਂ ਦਾ ਤਸ਼ਦੱਦ ਸਹਿੰਦਿਆਂ, ‘ਤੇਰਾ ਕੀਆ ਮੀਠਾ ਲਾਗੈ’ ਅਨੁਸਾਰ ਸ਼ਹਾਦਤ ਦਿੱਤੀ। ਗੁਰੂ ਹਰਿਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਅਧਿਆਤਮਕਤਾ ਦੇ ਨਾਲ ਨਾਲ ਜ਼ੁਲਮ ਖਿਲਾਫ਼ ਤਲਵਾਰ ਉਠਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਪਰ ਸਮੁੱਚੀ ਸਿੱਖੀ ਸੋਚ ਵਿੱਚ ਜ਼ੁਲਮ, ਅਨਿਆਂ, ਬੇਇਨਸਾਫ਼ੀ ਅਤੇ ਧਾਰਮਿਕ ਕੱਟੜਤਾ ਵਿਰੁੱਧ ਸੰਗਠਿਤ ਰੂਪ ਵਿੱਚ ਵਿਰੋਧ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਹੀ ਸ਼ੁਰੂ ਹੋਇਆ। ਯਾਦ ਰਹੇ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾ ਤਾਂ ਕਿਸੇ ਖ਼ਾਸ ਧਰਮ ਵਾਸਤੇ ਸੀ ਅਤੇ ਨਾ ਹੀ ਕਿਸੇ ਖ਼ਾਸ ਧਰਮ ਜਾਂ ਹਾਕਮ ਵਿਰੁੱਧ ਸੀ। ਦਰਅਸਲ, ਗੁਰੂ ਜੀ ਦੀ ਕੁਰਬਾਨੀ ਤਾਂ ਧਾਰਮਿਕ ਆਜ਼ਾਦੀ ਲਈ ਸੀ ਅਤੇ ਹਰ ਉਸ ਧਰਮ ਵਿਰੁੱੱਧ ਸੀ ਜਿਹੜਾ ਕਿਸੇ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਮਜਬੂਰ ਕਰਦਾ ਹੈ। ਇਹ ਵਿਰੋਧ ਕਿਸੇ ਖ਼ਾਸ ਹਾਕਮ ਵਿਰੁੱਧ ਵੀ ਨਹੀਂ ਸੀ। ਸਿਰਫ਼ ਜ਼ਾਲਮ ਅਤੇ ਜ਼ਬਰ ਢਾਹੁਣ ਵਾਲੇ ਹਾਕਮ ਵਿਰੁੱਧ ਸੀ।
ਸੋਚਣ ਵਾਲੀ ਗੱਲ ਇਹ ਹੈ ਕਿ ਕੀ ਮੌਜੂਦਾ ਦੌਰ ਵਿੱਚ ਵੀ ਅਜਿਹਾ ਵਾਪਰ ਰਿਹੈ? ਕੌਣ ਜ਼ਬਰੀ ਧਰਮ ਪਰਿਵਰਤਨ ਕਰਵਾ ਰਿਹੈ ਅਤੇ ਕੌਣ ਧਾਰਮਿਕ ਨਫ਼ਰਤ ਫੈਲਾ ਰਿਹਾ ਹੈ? ਅਜਿਹੇ ਸਮਿਆਂ ਵਿੱਚ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਦੀ ਸਭ ਤੋਂ ਜ਼ਿਆਦਾ ਪ੍ਰਸੰਗਤਾ ਹੈ। ਕੀ ਅਸੀਂ ਸਿਰਫ਼ ਸ਼ਤਾਬਦੀਆਂ ਮਨਾਉਣ ਤੀਕ ਹੀ ਸੀਮਤ ਹਾਂ? ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਕਿਉਂ ਅਵੇਸਲੇ ਹੋ ਗਏ? ਇਹ ਸੋਚਣ ਦੀ ਲੋੜ ਹੈ।
ਗੁਰੂ ਤੇਗ ਬਹਾਦਰ ਜੀ ਦੀਆਂ ਸਮੁੱਚੀਆਂ ਸਿੱਖਿਆਵਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਜੋ ਅਜੋਕੇ ਦੌਰ ਵਿੱਚ ਬਹੁਤ ਪ੍ਰਸੰਗਕ ਹਨ। ਜੇਕਰ ਅਸੀਂ ਆਪਣੇ ਵਿਰਸੇ ਨੂੰ ਬਚਾਉਣਾ ਹੈ, ਧਰਮ ਦੀਆਂ ਮੂਲ ਧਾਰਨਾਵਾਂ ਦੇ ਪਹਿਰੇਦਾਰ ਬਣਨਾ ਹੈ ਅਤੇ ਆਪਣੀ ਵਿਰਾਸਤ ਨੂੰ ਅਗਲੀ ਪੀੜ੍ਹੀ ਦੇ ਨਾਮ ਲਾਉਣਾ ਹੈ ਤਾਂ ਸਾਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਪਵੇਗੀ ਕਿ ਕੀ ਅਸੀਂ ਗੁਰੂ ਜੀ ਦੇ ਸੱਚੇ ਸਿੱਖ ਹਾਂ ਜਾਂ ਸਿਰਫ਼ ਸਿੱਖ ਅਖਵਾਉਣ ਤੀਕ ਹੀ ਸੀਮਤ ਹਾਂ?
ਸਮਾਜਿਕ ਨਿਆਂ ਅਤੇ ਸਮਾਨਤਾ: ਗੁਰੂ ਤੇਗ ਬਹਾਦਰ ਜੀ ਦਾ ਉਪਦੇਸ਼ ਹੈ ਕਿ ਸਾਰੇ ਮਨੁੱਖ ਬਰਾਬਰ ਹਨ ਅਤੇ ਕਿਸੇ ਨਾਲ ਵੀ ਜਾਤ, ਧਰਮ, ਰੰਗ, ਨਸਲ ਜਾਂ ਲਿੰਗ ਦੇ ਆਧਾਰ ’ਤੇ ਕਿਸੇ ਵੀ ਕਿਸਮ ਦਾ ਧਾਰਮਿਕ, ਸਮਾਜਿਕ, ਆਰਥਿਕ ਆਦਿ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਕੀ ਦੁਨੀਆ ਭਰ ਵਿੱਚ ਅਜਿਹਾ ਅਸਾਵਾਂਪਣ ਖ਼ਤਮ ਹੋ ਗਿਆ ਹੈ? ਕੀ ਸੰਸਾਰ ਪੱਧਰ ’ਤੇ ਇਸ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਅਸੀਂ ਕੋਈ ਠੋਸ ਯਤਨ ਵੀ ਕੀਤੇ ਹਨ? ਕੀ ਸਿੱਖਾਂ ਵਿੱਚ ਵੀ ਅਜਿਹੀ ਅਸਮਾਨਤਾ ਬਰਕਰਾਰ ਹੈ ਜਿਸ ਨੂੰ ਸਾਡੇ ਗੁਰੂ ਸਾਹਿਬਾਨ ਨੇ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਸੀ? ਅਫ਼ਸੋਸ ਕਿ ਅਸੀਂ ਤਾਂ ਜਾਤਾਂ ਦੇ ਨਾਮ ’ਤੇ ਆਪਣੇ ਗੁਰਦੁਆਰੇ ਹੀ ਬਣਾ ਲਏ ਹਨ।
ਹਿੰਮਤ ਅਤੇ ਕੁਰਬਾਨੀ: ਗੁਰੂ ਤੇਗ ਬਹਾਦਰ ਜੀ ਦਾ ਸਮੇਂ ਦੇ ਜ਼ੋਰਾਵਰ ਹਾਕਮਾਂ ਸਾਹਵੇਂ ਬੇਖੌਫ਼ ਹੋ ਕੇ ਸੱਚ ਕਹਿਣਾ, ਦਲੇਰੀ ਦਿਖਾਉਣਾ ਅਤੇ ਸ਼ਹਾਦਤ ਪ੍ਰਾਪਤ ਕਰਨਾ, ਇੱਕ ਅਜਿਹਾ ਜਜ਼ਬਾ ਸੀ ਜਿਸ ਨੂੰ ਬੇਦਰਦ ਹਾਕਮ ਵੀ ਦੇਖਦਾ ਰਹਿ ਗਿਆ। ਹਾਕਮ ਹੈਰਾਨ ਤੇ ਪਰੇਸ਼ਾਨ ਸੀ ਕਿ ਕੋਈ ਵਿਅਕਤੀ ਕਿਸੇ ਹੋਰ ਧਰਮ ਦੀ ਧਾਰਮਿਕ ਆਜ਼ਾਦੀ ਦੀ ਬਰਕਰਾਰੀ ਲਈ ਆਪਣੀ ਜਾਨ ਵੀ ਕੁਰਬਾਨ ਕਰ ਸਕਦੈ?
ਆਲੇ-ਦੁਆਲੇ ਝਾਤੀ ਮਾਰ ਕੇ ਦੇਖਣਾ ਕਿ ਕਿੰਨੇ ਕੁ ਲੋਕ ਨੇ ਜੋ ਸਮਾਜਿਕ ਤੇ ਧਾਰਮਿਕ ਬੇਇਨਸਾਫ਼ੀਆਂ ਦੇ ਸਾਹਮਣੇ ਹਿੱਕ ਡਾਹੁੰਦੇ ਹਨ। ਬਹੁਤੇ ਲੋਕ ਤਾਂ ਅਜਿਹੇ ਮੌਕਿਆਂ ’ਤੇ ਆਪਣੇ ਨਿੱਜੀ ਮੁਫ਼ਾਦ ਜਾਂ ਰਾਜਸੀ ਹਿੱਤਾਂ ਲਈ ਆਪਣੀ ਜ਼ਮੀਰ ਦਾ ਸੌਦਾ ਵੀ ਕਰ ਲੈਂਦੇ ਹਨ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਬਜਾਏ ਅਸੀਂ ਤਾਂ ਸਗੋਂ ਕੁਰਾਹੇ ਪੈ ਚੁੱਕੇ ਹਾਂ।
ਅੰਤਰ-ਧਰਮ ਸਦਭਾਵਨਾ ਅਤੇ ਸਤਿਕਾਰ: ਗੁਰੂ ਤੇਗ ਬਹਾਦਰ ਜੀ ਦਾ ਸਾਰੇ ਧਰਮਾਂ ਪ੍ਰਤੀ ਸਦਭਾਵਨਾ ਅਤੇ ਸਤਿਕਾਰ ਦਾ ਸਿਖਰ ਹੀ ਸੀ ਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ। ਗੁਰੂ ਜੀ ਦਾ ਮੰਨਣਾ ਸੀ ਕਿ ਧਰਮ ਨੂੰ ਮੰਨਣਾ, ਰਹੁਰੀਤਾਂ ਅਤੇ ਮਰਿਆਦਾਵਾਂ ਨੂੰ ਅਪਨਾਉਣਾ ਹਰੇਕ ਇਨਸਾਨ ਦਾ ਨਿੱਜੀ ਹੱਕ ਹੈ। ਇਸ ਵਿੱਚ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਕੀ ਅਜੋਕੇ ਸਮਾਜਿਕ ਵਰਤਾਰੇ ਵਿੱਚ ਅਜਿਹਾ ਹੋ ਰਿਹਾ ਹੈ? ਧਾਰਮਿਕ ਸੰਕੀਰਨਤਾ ਅਤੇ ਕੱਟੜਤਾ ਨੇ ਸਾਨੂੰ ਨਿੱਕੇ ਨਿੱਕੇ ਦਾਇਰਿਆਂ ਵਿੱਚ ਵੰਡ ਦਿੱਤਾ ਹੈ। ਅਸੀਂ ਵਸੀਹ ਹੋਣ ਦੀ ਬਜਾਏ ਸੁੰਗੜ ਗਏ ਹਾਂ ਅਤੇ ਇਹੀ ਸੁੰਗੜਨਾ ਸਾਨੂੰ ਅਸਹਿਣਸ਼ੀਲ ਅਤੇ ਤਰਕਹੀਣ ਬਣਾ ਰਿਹਾ ਹੈ। ਜਦੋਂ ਕਿਸੇ ਕੌਮ ਕੋਲੋਂ ਤਰਕ, ਦਲੀਲ ਅਤੇ ਸਹਿਚਾਰ ਗੁੰਮ ਹੋ ਜਾਵੇ ਤਾਂ ਅਜਿਹੀ ਕੌਮ ਦੀ ਗਰਕਣੀ ਨੂੰ ਕੋਈ ਨਹੀਂ ਰੋਕ ਸਕਦਾ? ਜਦੋਂ ਧਾਰਮਿਕ ਆਗੂ ਹੀ ਤੁਹਮਤਬਾਜ਼ੀ ’ਤੇ ਉਤਰ ਆਉਣ ਤਾਂ ਗੁਰੂ ਦੀਆਂ ਸਿੱਖਿਆਵਾਂ ਦੇ ਕੀ ਅਰਥ ਰਹਿ ਜਾਂਦੇ ਨੇ? ਅਸੀਂ ਕਿਸ ਤਰ੍ਹਾਂ ਦੇ ਸਿੱਖ ਹਾਂ? ਬਹੁਤ ਗੰਭੀਰ ਸਵਾਲ ਸਾਡੇ ਸਾਰਿਆਂ ਦੇ ਸਨਮੁੱਖ ਹੈ ਜਿਸ ਦਾ ਜਵਾਬ ਵੀ ਸਾਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ।
ਮਾਨਸਿਕ ਸਕੂਨ ਅਤੇ ਅੰਤਰੀਵੀ ਸੁਖਨ: ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਉਨ੍ਹਾਂ ਲੋਕਾਂ ਦਾ ਮਾਰਗ-ਦਰਸ਼ਨ ਕਰਦੀਆਂ ਹਨ ਜੋ ਭਟਕਣਾ ਨੂੰ ਤਿਆਗ, ਮਾਨਸਿਕ ਸ਼ਾਂਤੀ ਅਤੇ ਸੰਤੁਸ਼ਟਮਈ ਜੀਵਨ-ਜਾਚ ਦੇ ਚਾਹਵਾਨ ਹਨ। ਇਹ ਸਾਨੂੰ ਆਪਣੇ ਆਪ ਨਾਲ ਜੋੜਦੀਆਂ, ਆਪਣੇ ਅੰਦਰੋਂ ਹੀ ਸੁੱਖ ਅਤੇ ਸ਼ਾਂਤੀ ਨੂੰ ਪ੍ਰਾਪਤ ਕਰਨ ਦੀ ਤਰਕੀਬ ਦੱਸਦੀਆਂ ਹਨ। ਗੁਰੂ ਤੇਗ ਬਹਾਦਰ ਜੀ ਦੇ ਆਦਿ-ਗ੍ਰੰਥ ਵਿੱਚ ਸ਼ਾਮਲ 59 ਸ਼ਬਦ ਅਤੇ ਸਲੋਕਾਂ ਨੂੰ ਪੜ੍ਹ, ਸਮਝ ਅਤੇ ਜੀਵਨ-ਜੁਗਤੀ ਦਾ ਹਿੱਸਾ ਬਣਾ ਕੇ ਅਸੀਂ ਆਪਣੇ ਜੀਵਨ ਨੂੰ ਸੁਖਨਮਈ, ਸਕੂਨਮਈ ਅਤੇ ਸਹਿਜਮਈ ਬਣਾ ਸਕਦੇ ਹਨ। ਗੁਰੂ ਜੀ ਬਾਣੀ ਵਿੱਚ ਫੁਰਮਾਉਂਦੇ ਹਨ:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ। ਰਹਾਉ।
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ।
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ।
ਜਾਂ
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ।
ਇਹ ਸ਼ਬਦ ਸੁੰਦਰ ਜੀਵਨ-ਸ਼ੈਲੀ ਦਾ ਸਾਰ ਹਨ। ਕੀ ਅਸੀਂ ਸ਼ਬਦ-ਜੋਤ ਨੂੰ ਸਿਰਫ਼ ਪੜ੍ਹਨ ਤੀਕ ਤਾਂ ਸੀਮਤ ਨਹੀਂ ਕਰ ਰਹੇ? ਕੀ ਕਦੇ ਅਸੀਂ ਇਸ ਸ਼ਬਦ-ਸੋਚ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਇਆ ਹੈ? ਜ਼ਰਾ ’ਕੱਲੇ ਬਹਿ ਕੇ ਸੋਚਣਾ? ਗੁਰੂ ਜੀ ਦੀ 1675 ਵਿੱਚ ਹੋਈ ਸ਼ਹਾਦਤ ਤੋਂ ਬਾਅਦ ਇਸ ਸ਼ਹਾਦਤ ਨੂੰ ਨਮਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਚੰਦਰ ਸੈਨ ਸੈਨਾਪਤੀ ਨੇ ਆਪਣੀ ਕਵਿਤਾ ‘ਸ੍ਰੀ ਗੁਰ ਸੋਭਾ’ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਲਿਖਿਆ ਸੀ;
ਪ੍ਰਗਟ ਭਈ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੇ ਧਾਪੀ ਚਾਦਰ
ਯਾਨੀ ਗੁਰੂ ਤੇਗ ਬਹਾਦਰ ਜੀ ਨੂੰ ‘ਸ੍ਰਿਸ਼ਟੀ ਦੀ ਚਾਦਰ’ ਕਹਿ ਕੇ ਉਚਤਮ ਮਾਣ ਬਖ਼ਸ਼ਿਆ ਸੀ। ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਸਮੁੱਚੀ ਲੋਕਾਈ ਲਈ ਹਨ। ਉਨ੍ਹਾਂ ਨੇ ਹਰ ਮਨੁੱਖ ਦੇ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਉਹ ਸਮੁੱਚੀ ਮਾਨਵਤਾ ਦੇ ਰਹਿਬਰ ਹਨ ਅਤੇ ਦੁਨੀਆ ਦਾ ਹਰ ਮਨੁੱਖ ਉਨ੍ਹਾਂ ਦੀ ਸੋਚ ਅਤੇ ਸੰਵੇਦਨਾ ਵਿੱਚ ਸਮਾਇਆ ਹੋਇਆ ਹੈ।
ਫਿਰ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ‘ਧਰਮ ਦੀ ਚਾਦਰ’ ਕਹਿ ਸਿਰਫ਼ ਇੱਕ ਧਰਮ ਤੀਕ ਹੀ ਸੀਮਤ ਕਰ ਦਿੱਤਾ ਜਦੋਂ ਕਿ ਉਨ੍ਹਾਂ ਦੀ ਸ਼ਹਾਦਤ ਸੰਸਾਰ ਦੇ ਸਾਰੇ ਧਰਮਾਂ ਲਈ ਸੀ ਕਿ ਹਰੇਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਨਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਹੁਣ ਤਾਂ ਗੁਰੂ ਜੀ ਦੀ ਸ਼ਹਾਦਤ ਸਿਰਫ਼ ਇੱਕ ਖਿੱਤੇ ਤੀਕ ਸੀਮਤ ਕਰਦਿਆਂ ‘ਹਿੰਦ ਦੀ ਚਾਦਰ’ ਕਹਿਣ ਲੱਗ ਪਏ ਹਾਂ। ਬਹੁਤ ਫ਼ਰਕ ਹੈ, ‘ਸ੍ਰਿਸ਼ਟੀ ਦੀ ਚਾਦਰ’, ‘ਧਰਮ ਦੀ ਚਾਦਰ’ ਅਤੇ ‘ਹਿੰਦ ਦੀ ਚਾਦਰ’ ਵਿੱਚ। ਜਾਂ ਤਾਂ ਅਸੀਂ ਹੀ ਭੋਲੇ ਹਾਂ ਜਾਂ ਗੁਰੂ ਨੂੰ ‘ਸ੍ਰਿਸ਼ਟੀ ਦੀ ਚਾਦਰ’ ਤੋਂ ‘ਧਰਮ ਦੀ ਚਾਦਰ’ ਅਤੇ ਫਿਰ ‘ਹਿੰਦ ਦੀ ਚਾਦਰ’ ਕਹਿਣ ਵਾਲੇ ਬਹੁਤ ਚਲਾਕ ਹਨ। ਉਹ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਨੂੰ ਨੀਵਾਂ ਦਿਖਾਉਣ ਲਈ ਇਹ ਸਭ ਕੁੱਝ ਕਰਦੇ ਰਹੇ ਅਤੇ ਅਸੀਂ ਸਮਝ ਹੀ ਨਾ ਸਕੇ। ਇਹ ਕੌਣ ਕਰ ਰਿਹਾ ਹੈ? ਕਿਹੜੇ ਲੋਕ ਨੇ ਜੋ ਮਹਾਨ ਕੁਰਬਾਨੀ ਨੂੰ ਸੀਮਤ ਕਰਕੇ, ਇਸ ਕੁਰਬਾਨੀ ਦਾ ਸੰਦੇਸ਼ ਸਮੁੱਚੀ ਲੋਕਾਈ ਤੀਕ ਪਹੁੰਚਾਉਣ ਤੋਂ ਰੋਕਣ ਲਈ ਅਸਿੱਧੇ ਰੂਪ ਵਿੱਚ ਕੋਸ਼ਿਸ਼ ਕਰ ਰਹੇ ਹਨ? ਸਾਨੂੰ ਇਹ ਤਾਂ ਸਮਝਣਾ ਹੀ ਪਵੇਗਾ।
ਦਰਅਸਲ, ਕੁੱਝ ਕੁ ਲੋਕਾਂ ਦੀ ਸੰਕੀਰਨਤਾ ਹੁੰਦੀ ਹੈ ਕਿ ਉਹ ਕਿਸੇ ਮਹਾਨ ਵਿਅਕਤੀ ਦੀ ਵਡਿਆਈ ਨੂੰ ਸੀਮਤ ਕਰਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ। ਅੰਗਰੇਜ਼ ਫ਼ਿਲਾਸਫ਼ਰ ਵਿਲਸਨ ਸੱਭਿਆਚਾਰਕ ਪ੍ਰਤੀਕਾਂ ਨੂੰ ਰਾਜਸੀ ਅਤੇ ਸਵਾਰਥੀ ਹਿੱਤਾਂ ਲਈ ਵਰਤਣ ਪ੍ਰਤੀ ਸੁਚੇਤ ਕਰਦਿਆਂ ਕਹਿੰਦਾ ਹੈ, “ਦੂਜਿਆਂ ਦੇ ਕੀਤੇ ਅੱਤਿਆਚਾਰਾਂ ਤੋਂ ਲਾਭ ਉਠਾਉਣਾ ਅਤੇ ਰਾਜਨੀਤਕ ਲੋਭ ਲਈ ਹੋਰ ਸੱਭਿਆਚਾਰਾਂ ਦਾ ਸ਼ੋਸ਼ਣ ਕਰਨਾ, ਸਮਾਨਤਾ ਅਤੇ ਮੁਕਤੀ ਲਈ ਕੀਤੇ ਜਾਣ ਵਾਲੇ ਲੋਕ-ਸੰਘਰਸ਼ਾਂ ਨੂੰ ਕਮਜ਼ੋਰ ਕਰਦਾ ਹੈ।”
ਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਿਸੇ ਖ਼ਾਸ ਧਰਮ ਅਤੇ ਖਿੱਤੇ ਤੀਕ ਸੀਮਤ ਕਰਕੇ ਕੋਈ ਧਿਰ ਆਪਣੇ ਮੁਫ਼ਾਦ ਦੀ ਪੂਰਤੀ ਤਾਂ ਨਹੀਂ ਕਰ ਰਹੀ? ਕੀ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਕਿਸੇ ਨੂੰ ਸ਼ੋਭਾ ਦਿੰਦਾ ਹੈ? ਇਸ ਪ੍ਰਤੀ ਤਾਂ ਸਾਨੂੰ ਹੀ ਫ਼ਿਕਰਮੰਦ ਅਤੇ ਸਾਵਧਾਨ ਹੋਣ ਦੀ ਲੋੜ ਹੈ। ਸ਼ਹਾਦਤਾਂ ਦੇ ਮਾਣਮੱਤੇ ਇਤਿਹਾਸ ਨੂੰ ਦੁਨੀਆ ਸਾਹਵੇਂ ਰੱਖੀਏ ਤਾਂ ਕਿ ਸਮੁੱਚੀ ਲੋਕਾਈ ਇਹ ਜਾਣ ਸਕੇ ਕਿ ਸਿੱਖ ਧਰਮ ਕਿਹੋ ਜਿਹੀਆਂ ਕੁਰਬਾਨੀਆਂ ਦਾ ਮੁਜੱਸਮਾ ਹੈ ਜਿਸ ਤੋਂ ਜ਼ਿਆਦਾਤਰ ਲੋਕ ਅਣਜਾਣ ਹਨ।
ਯਾਦ ਰੱਖਣਾ! ਆਪਣੀ ਗੌਰਵਮਈ ਵਿਰਾਸਤ ਨੂੰ ਭੁੱਲਣ ਵਾਲੀਆਂ ਕੌਮਾਂ ਬਹੁਤ ਜਲਦੀ ਇਤਿਹਾਸ ਦੇ ਵਰਕਿਆਂ ਤੋਂ ਮਿਟ ਜਾਂਦੀਆਂ ਹਨ ਜਦੋਂ ਕਿ ਆਪਣੇ ਵਿਰਸੇ ਨਾਲ ਜੁੜਨ ਅਤੇ ਇਸ ਦੀ ਮਾਣ ਮਰਿਆਦਾ ਨੂੰ ਹਰਦਮ ਅੱਗੇ ਤੋਰਨ ਵਾਲੀਆਂ ਕੌਮਾਂ ਹਰ ਯੁੱਗ ਦਾ ਮਾਣ ਹੁੰਦੀਆਂ ਹਨ। ਸਾਡਾ ਭਵਿੱਖ ਬਹੁਤ ਰੋਸ਼ਨ ਹੋਵੇਗਾ ਜਦੋਂ ਅਸੀਂ ਗੁਰੂ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ, ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸੁਚਾਰੂ ਰੂਪ ਵਿੱਚ ਪ੍ਰਚਾਰਾਂਗੇ। ਇਸ ਨਾਲ ਅਸੀਂ ਮਾਣਮੱਤੀ ਵਿਰਾਸਤ ਨੂੰ ਜਿਊਂਦਾ ਰੱਖਣ ਅਤੇ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦਾ ਅਹਿਦ ਵੀ ਪੂਰਾ ਕਰਾਂਗੇ। ’ਕੇਰਾਂ ਜ਼ਰੂਰ ਸੋਚਣਾ ਕਿ ਅਸੀਂ ਕਿੱਥੇ ਖੜ੍ਹੇ ਹਾਂ?
ਸੰਪਰਕ: 216-556-2080