ਗੁਰੂਸਰ ਵਿੱਚ ਪਰਿਵਾਰ ਨੇ ਜ਼ਹਿਰੀਲੀ ਚੀਜ਼ ਨਿਗਲੀ
ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 10 ਜੂਨ
ਪਿੰਡ ਗੁਰੂਸਰ ਵਿੱਚ ਦੇਰ ਰਾਤ ਪਰਿਵਾਰ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਦੌਰਾਨ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਮ੍ਰਿਤਕ ਦੇ ਮਾਪਿਆਂ ਦੀ ਹਾਲਤ ਗੰਭੀਰ ਹੈ ਅਤੇ ਉਸ ਦੀ ਪਤਨੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੀੜਤ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕ ਦੀ ਪਛਾਣ ਸ਼ਿਵਤਾਰ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਮ੍ਰਿਤਕ ਦੇ ਵੱਡੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੁਰਜੀਤ ਸਿੰਘ, ਮਾਤਾ ਜਸਵਿੰਦਰ ਕੌਰ, ਛੋਟਾ ਭਰਾ ਸ਼ਿਵਤਾਰ ਸਿੰਘ ਉਰਫ਼ ਰਾਜੂ ਅਤੇ ਉਸ ਦੀ ਪਤਨੀ ਖੁਸ਼ਮਨਦੀਪ ਕੌਰ ਨੂੰ ਉਲਟੀਆਂ ਲੱਗਣ ਬਾਰੇ ਪਤਾ ਲੱਗਾ। ਇਸ ਮਗਰੋਂ ਪੀੜਤਾਂ ਨੂੰ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਦੀ ਹਾਲਤ ਜ਼ਹਿਰੀਲੀ ਚੀਜ਼ ਖਾਣ ਨਾਲ ਵਿਗੜੀ ਹੈ। ਸਿਵਲ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਸ਼ਿਵਤਾਰ ਸਿੰਘ ਉਰਫ ਰਾਜੂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ, ਜਦੋਂ ਕਿ ਬਾਕੀਆਂ ਨੂੰ ਹਸਪਤਾਲ ਗਿੱਦੜਬਾਹਾ ਦਾਖ਼ਲ ਕਰਵਾਇਆ ਗਿਆ। ਸ਼ਿਵਤਾਰ ਸਿੰਘ ਦੀ ਬਠਿੰਡਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਿਵਤਾਰ ਸਿੰਘ ਦਾ ਕੁਝ ਮਹੀਨੇ ਪਹਿਲਾਂ ਹੀ ਖੁਸ਼ਮਨਦੀਪ ਕੌਰ ਨਾਲ ਵਿਆਹ ਹੋਇਆ ਸੀ ਅਤੇ ਇਸ ਦੌਰਾਨ ਉਸ ਦੀ ਪਤਨੀ ਝਗੜਾ ਕਰਕੇ 1-2 ਵਾਰ ਪੇਕੇ ਵੀ ਚਲੀ ਗਈ ਸੀ। ਮ੍ਰਿਤਕ ਦੇ ਭਰਾ ਜਗਤਾਰ ਸਿੰਘ ਨੇ ਖੁਸ਼ਮਨਦੀਪ ਕੌਰ ’ਤੇ ਪੂਰੇ ਪਰਿਵਾਰ ਨੂੰ ਜ਼ਹਿਰ ਦੇਣ ਦੇ ਦੋਸ਼ ਲਗਾਏ ਹਨ। ਹਸਪਤਾਲ ਦੇ ਡਾ. ਰਾਜੀਵ ਜੈਨ ਨੇ ਦੱਸਿਆ ਕਿ ਸੁਰਜੀਤ ਸਿੰਘ ਅਤੇ ਜਸਵਿੰਦਰ ਕੌਰ ਦੀ ਹਾਲਤ ਗੰਭੀਰ ਹੈ, ਜਦੋਂਕਿ ਖੁਸ਼ਮਨਦੀਪ ਕੌਰ ਦੀ ਹਾਲਤ ਸਥਿਰ ਹੈ। ਗਿੱਦੜਬਾਹਾ ਦੇ ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੂੰਹ ਨੇ ਰੋਟੀਆਂ ਵਿੱਚ ਮਿਲਾਈ ਸੀ ਜ਼ਹਿਰੀਲੀ ਦਵਾਈ: ਡੀਐੱਸਪੀ
ਗਿੱਦੜਬਾਹਾ ਦੇ ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਸ਼ਿਵਤਾਰ ਸਿੰਘ ਉਰਫ਼ ਰਾਜੂ ਦੀ ਪਤਨੀ ਖੁਸ਼ਮਨਦੀਪ ਕੌਰ ਅਤੇ ਇਸ ਦੇ 3 ਹੋਰ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖੁਸ਼ਮਨਦੀਪ ਕੌਰ ਅਤੇ ਸ਼ਿਵਤਾਰ ਸਿੰਘ ਦਾ ਵਿਆਹ ਲਗਪਗ 5 ਮਹੀਨੇ ਪਹਿਲਾਂ ਹੋਇਆ ਸੀ। ਖੁਸ਼ਮਨਦੀਪ ਕੌਰ ਕਰੀਬ 2 ਮਹੀਨੇ ਪਹਿਲਾਂ ਕਿਸੇ ਹੋਰ ਨਾਲ ਘਰੋਂ ਚਲੀ ਗਈ ਸੀ ਤੇ ਹੁਣ ਪਰਿਵਾਰ ਆਪਣੀ ਨੂੰਹ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਇਸ ਕਾਰਨ ਉਸ ਨੇ ਰਾਤ ਪੂਰੇ ਪਰਿਵਾਰ ਨੂੰ ਆਟੇ ’ਚ ਜ਼ਹਿਰੀਲੀ ਦਵਾਈ ਮਿਲਾ ਕੇ ਉਸ ਦੀਆਂ ਰੋਟੀਆਂ ਖਵਾ ਦਿੱਤੀਆਂ। ਰੋਟੀਆਂ ਖਾਣ ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਜ਼ਿਆਦਾ ਹਾਲਤ ਖਰਾਬ ਹੋ ਗਈ ਜਦੋਂਕਿ ਖੁਸ਼ਮਨਦੀਪ ਨੇ ਖੁਦ ਜ਼ਹਿਰੀਲੀ ਰੋਟੀ ਬਹੁਤ ਘੱਟ ਮਾਤਰਾ ਵਿਚ ਖਾਧੀ ਸੀ।