ਖੇਤਰੀ ਪ੍ਰਤੀਨਿਧਲੁਧਿਆਣਾ, 1 ਫਰਵਰੀਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵਿਮੈੱਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਵੱਲੋਂ ਅੱਜ ਕਾਲਜ ਕੈਂਪਸ ਵਿੱਚ 10ਵੇਂ ਪ੍ਰੋ. ਗੁਰਬੀਰ ਸਿੰਘ ਸਰਨਾ ਯਾਦਗਾਰੀ ਅੰਤਰ-ਕਾਲਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਓਵਰਆਲ ਟਰਾਫੀ ਸਰਕਾਰੀ ਕਾਲਜ ਲੜਕੀਆਂ (ਜੀਸੀਜੀ) ਨੇ ਜਿੱਤੀ। ਇਹ ਮੁਕਾਬਲੇ ਗੁਰੂ ਨਾਨਕ ਐਜੂਕੇਸ਼ਨ ਟਰੱਸਟ (ਗੁਜਰਖਾਨ) ਗੁਜਰਖਾਨ ਕੈਂਪਸ ਦੇ ਜਨਰਲ ਸਕੱਤਰ ਪ੍ਰੋ. ਗੁਰਬੀਰ ਸਿੰਘ ਸਰਨਾ ਦੀ ਯਾਦ ਨੂੰ ਸਮਰਪਿਤ ਸਨ । ਇਸ ਦੌਰਾਨ 30 ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਕਾਵਿ ਪਾਠ, ਭਾਸ਼ਣ, ਸੰਗੀਤ, ਕਾਮਰਸ, ਆਈ.ਟੀ., ਗ੍ਰਹਿ ਵਿਗਿਆਨ, ਫਾਈਨ ਆਰਟਸ, ਜਨ ਸੰਚਾਰ ਅਤੇ ਵਪਾਰ ਪ੍ਰਬੰਧਨ ਆਦਿ ਪ੍ਰਮੁੱਖ ਸਨ। ਮੁਕਾਬਲਿਆਂ ਵਿੱਚ ਲੁਧਿਆਣਾ ਅਤੇ ਆਲੇ-ਦੁਆਲੇ ਦੇ 28 ਕਾਲਜਾਂ ਨੇ ਹਿੱਸਾ ਲਿਆ।ਇਸ ਮੌਕੇ ਉੱਘੇ ਪੰਜਾਬੀ ਲੇਖਕ ਸੁਰਿੰਦਰ ਕੈਲੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਮੇਜ਼ਬਾਨ ਕਾਲਜ ਨੂੰ ਅਜਿਹੇ ਮੁਕਾਬਲਿਆਂ ਦੇ ਆਯੋਜਨ ਅਤੇ ਨੌਜਵਾਨ ਪ੍ਰਤਿਭਾ ਨੂੰ ਪ੍ਰੇਰਿਤ ਕਰਨ ਲਈ ਵਧਾਈ ਦਿੱਤੀ। ਸ਼ਾਮ ਦੇ ਮੁਕਾਬਲਿਆਂ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਕਮ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਸਾਰੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਸਰਕਾਰੀ ਕਾਲਜ ਫ਼ਾਰ ਗਰਲਜ਼ (ਜੀਸੀਜੀ), ਲੁਧਿਆਣਾ ਨੇ ਓਵਰਆਲ ਟਰਾਫ਼ੀ ਅਤੇ 5100 ਰੁਪਏ ਦਾ ਨਕਦ ਇਨਾਮ ਜਿੱਤਿਆ। ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ ਨੇ 3100 ਰੁਪਏ ਦੇ ਨਕਦ ਇਨਾਮ ਨਾਲ ਪਹਿਲੀ ਰਨਰਅੱਪ ਟਰਾਫੀ ਜਿੱਤੀ। 2100 ਰੁਪਏ ਦੇ ਨਕਦ ਇਨਾਮ ਨਾਲ ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਤੀਜੇ ਸਥਾਨ ’ਤੇ ਰਿਹਾ। ਮੇਜ਼ਬਾਨ ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਕਿਹਾ ਕਿ ਇਹ ਅੰਤਰ-ਕਾਲਜ ਮੁਕਾਬਲੇ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਬੌਧਿਕ ਸੰਵਾਦ ਦੀ ਮੌਜੂਦਾ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਕਰਵਾਏ ਜਾਂਦੇ ਹਨ।” ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਦਿੱਤਾ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ।