ਗੁਰਦੇਵ ਚੌਹਾਨ ਸਾਹਿਤ ਪ੍ਰੇਮੀਆਂ ਦੇ ਰੂਬਰੂ
ਪੱਤਰ ਪ੍ਰੇਰਕ
ਪਟਿਆਲਾ, 4 ਜੂਨ
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਾਇਰ ਗੁਰਦੇਵ ਚੌਹਾਨ ਨੂੰ ਸਾਹਿਤ ਪ੍ਰੇਮੀਆਂ ਦੇ ਰੂਬਰੂ ਕਰਵਾਇਆ ਗਿਆ। ‘ਕਵਿਤਾ ਸੰਗਤ’ ਬੈਨਰ ਹੇਠ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਕਵੀ ਗੁਰਪ੍ਰੀਤ ਮਾਨਸਾ ਨੇ ਗੁਰਦੇਵ ਚੌਹਾਨ ਨਾਲ ਸੰਵਾਦ ਰਚਾਇਆ। ਸਮਾਗਮ ਦੀ ਪ੍ਰਧਾਨਗੀ ਵਿਦਵਾਨ ਡਾ. ਜਸਵਿੰਦਰ ਸਿੰਘ ਨੇ ਕੀਤੀ। ਅੱਧੀ ਦਰਜਨ ਦੇ ਕਰੀਬ ਸਰੋਤਿਆਂ ਨੇ ਵੀ ਸ੍ਰੀ ਚੌਹਾਨ ਨੂੰ ਸੁਆਲ ਕੀਤੇ। ਸਵਾਗਤੀ ਭਾਸ਼ਣ ’ਚ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਗੁਰਦੇਵ ਚੌਹਾਨ ਵੱਡਾ ਕਵੀ ਹੈ ਪਰ ਪ੍ਰਸਿੱਧ ਘੱਟ ਹੈ। ਵਧੀਆ ਸ਼ਾਇਰ ਦਾ ਮਸ਼ਹੂਰ ਸ਼ਾਇਰ ਹੋਣਾ ਲਾਜ਼ਮੀ ਨਹੀਂ ਹੁੰਦਾ। ਗੁਰਦੇਵ ਚੌਹਾਨ ਨੇ ਦੱਸਿਆ ਕਿ ਉਹ ਤੀਸਰੀ-ਚੌਥੀ ਜਮਾਤ ’ਚ ਹੀ ਕਿੱਸਾ ਕਾਵਿ ਪੜ੍ਹਨ ਲੱਗ ਗਏ ਸਨ ਅਤੇ ਦਸਵੀਂ ਜਮਾਤ ਤੱਕ ਪੁੱਜਦਿਆਂ ਉਹ ਕਵਿਤਾ ਲਿਖਣ ਲੱਗ ਗਏ ਸਨ। ਉਨ੍ਹਾਂ ਗ੍ਰੈਜੂਏਸ਼ਨ ਕਰਦਿਆਂ ਪਹਿਲੀ ਕਾਵਿ ਪੁਸਤਕ ਲਿਖ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਵਿਤਾ ਕਵੀ ਤੋਂ ਅੰਦਰ-ਬਾਹਰ ਦਾ ਸਹਿਜ ਮੰਗਦੀ ਹੈ। ਇਸ ਮੌਕੇ ਡਾ. ਸੰਤੋਖ ਸੁੱਖੀ, ਤੁਸ਼ਾਰ, ਗੁਰਮੁਖ ਸਿੰਘ ਜਾਗੀ, ਬਲਵਿੰਦਰ ਸਿੰਘ ਭੱਟੀ ਆਦਿ ਨੇ ਵੀ ਗੁਰਦੇਵ ਚੌਹਾਨ ਨੂੰ ਸੁਆਲ ਕੀਤੇ। ਆਪਣੇ ਪ੍ਰਧਾਨਗੀ ਭਾਸ਼ਣ ’ਚ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ-ਨਾਲ ਬਦਲਦੀ ਕਵਿਤਾ ਹੀ ਵਕਤ ਦੀ ਆਵਾਜ਼ ਬਣਦੀ ਹੈ।
ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ ਗੁਰਦੇਵ ਚੌਹਾਨ ਨੂੰ ਪੌਦਾ ਭੇਟ ਕਰ ਕੇ ਸਵਾਗਤ ਕੀਤਾ ਅਤੇ ਅਖੀਰ ਵਿੱਚ ਵਿਭਾਗ ਵੱਲੋਂ ਚੌਹਾਨ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਹਰਭਜਨ ਕੌਰ ਅਤੇ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਤੋਂ ਇਲਾਵਾ ਡਾ. ਸੁਰਜੀਤ ਸਿੰਘ, ਸ਼ਾਇਰ ਬਲਵਿੰਦਰ ਸੰਧੂ, ਜਗਦੀਪ ਸਿੱਧੂ, ਸੰਤ ਸਿੰਘ ਸੋਹਲ, ਨਵਦੀਪ ਮੁੰਡੀ, ਅਵਤਾਰਜੀਤ, ਹਰਪ੍ਰੀਤ ਸੰਧੂ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।