ਗੁਰਦੁਆਰਾ ਬੰਗਲਾ ਸਾਹਿਬ ’ਚ ਪੀਈਟੀ ਸਕੈਨ ਸੈਂਟਰ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ 6 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕਿਸ਼ਨ ਪੋਲੀਕਲੀਨਕ ਵਿੱਚ ਪੀਈਟੀ ਸਕੈਨ ਸੈਂਟਰ ਨੂੰ ਸਮਰਪਿਤ ਕੀਤਾ। ਕੈਂਸਰ ਦੀ ਬਿਮਾਰੀ ਦੀ ਜਲਦੀ ਪਛਾਣ ਅਤੇ ਇਲਾਜ ਲਈ ਬਣਾਏ ਗਏ ਇਸ ਸਹੂਲਤ ਕੇਂਦਰ ਦੇ ਉਦਘਾਟਨ ਤੋਂ ਪਹਿਲਾਂ ਸ੍ਰੀ ਕਲਕਾ ਦੀ ਅਗਵਾਈ ਹੇਠ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਰਦਾਸ ਕੀਤੀ।
ਸ੍ਰੀ ਕਾਲਕਾ ਨੇ ਦੱਸਿਆ ਕਿ ਇਹ ਸਕੈਨ ਸੈਂਟਰ 6 ਜੂਨ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਕਿ 1984 ਵਿੱਚ ਅੱਜ ਤੋਂ 41 ਸਾਲ ਪਹਿਲਾਂ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਹੋਏ ਸਾਕਾ ਨੀਲਾ ਤਾਰਾ ਦੀ ਤਾਰੀਖ ਨਾਲ ਮਿਲਦੀ ਹੈ, ਜਦੋਂ ਸਿੱਖਾਂ ਦੀ ਸਭ ਤੋਂ ਉੱਚੀ ਪ੍ਰਭੂਸੱਤਾ ਦਾ ਮੁੱਖ ਕੇਂਦਰ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਪੀਈਟੀ ਸਕੈਨ ਸੈਂਟਰ ਦੀ ਫੀਸ ਬਹੁਤ ਘੱਟ ਰੱਖੀ ਗਈ ਹੈ, ਸਿਰਫ਼ ਟੈਸਟ ਕਰਨ ਵਿੱਚ ਆਉਣ ਵਾਲਾ ਖ਼ਰਚਾ ਹੀ ਲਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਹ ਸਹੂਲਤ ਹਰ ਕਿਸੇ ਲਈ ਉਪਲਬਧ ਹੋਵੇਗੀ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤੀ ਨਾਲ ਸਬੰਧਤ ਹੋਣ। ਸ੍ਰੀ ਕਾਲਕਾ ਨੇ ਬਾਬਾ ਬਚਨ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੀਈਟੀ ਸਕੈਨ ਸੈਂਟਰ ਦੀ ਇਮਾਰਤ ਤਿਆਰ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸਕੈਨ ਮਸ਼ੀਨ ਦੀ ਕੀਮਤ 10 ਕਰੋੜ ਰੁਪਏ ਹੈ ਜੋ ਕਿ ਇੱਕ ਗੁਰੂ ਘਰ ਦੇ ਪ੍ਰੇਮੀ ਪਰਿਵਾਰ ਵੱਲੋਂ ਦਾਨ ਕੀਤੀ ਗਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਵੀ ਸਮਾਗਮ ਦੌਰਾਨ ਕਿਹਾ ਕਿ ਪੋਲੀਕਲੀਨਕ ਵਿੱਚ ਦਿੱਤੀ ਜਾ ਰਹੀ ਇਹ ਸਹੂਲਤ ਮਨੁੱਖਤਾ ਦੀ ਸੇਵਾ ਲਈ ਬਹੁਤ ਮਹੱਤਵਪੂਰਨ ਹੈ।