ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਘੱਲੂਘਾਰੇ ਨੂੰ ਸਮਰਪਿਤ ਸਮਾਗਮ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਜੂਨ
ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਬੀਤੀ ਸ਼ਾਮ ਸਿੱਖ ਜੱਥਾ ਮਾਲਵਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਮਨਪ੍ਰੀਤ ਸਿੰਘ ਦੇ ਜੱਥੇ ਵੱਲੋਂ ਕੀਰਤਨ ਕੀਤਾ ਗਿਆ। ਸਮਾਗਮ ਦੇ ਮੁੱਖ ਬੁਲਾਰੇ ਭਾਈ ਮਨਧੀਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਜ਼ਿਆਦਾ ਤਰ ਸਿਆਸੀ ਆਗੂ ਅਕਾਲੀ -ਕਾਂਗਰਸ ਦੇ ਸਿਆਸੀ ਟਕਰਾਅ ਜਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਸ਼ਖ਼ਸੀਅਤਾਂ ਦੇ ਟਕਰਾਅ ਵੱਜੋਂ ਦੇਖਦੇ ਹਨ, ਪਰ ਇਹ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿੱਖ ਗੁਰੂਆਂ ਦੇ ਸਾਂਝੀਵਾਲਤਾ ਅਤੇ ਮਨੂਵਾਦੀ ਤਾਨਾਸ਼ਾਹੀ ਰਾਜ ਦੇ ਇੱਕ ਦੂਜੇ ਦੇ ਬਿਲਕੁਲ ਉਲ਼ਟ ਦੋ ਧਾਰਾਵਾਂ ਦਾ ਟਕਰਾਅ ਸੀ। ਉਨ੍ਹਾਂ ਦੱਸਿਆ ਕਿ ਵੋਟ ਦੀ ਮਾੜੀ ਸਿਆਸਤ ਕਾਰਨ ਅੱਜ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਆਕਾਲ ਤਖਤ ਸਾਹਿਬ ਦਾ ਰੁਤਬਾ ਬਹੁਤ ਨੀਵੇਂ ਪੱਧਰ ’ਤੇ ਆ ਗਿਆ ਹੈ। ਸਿੱਖ ਪੰਥ ਵਿੱਚ ਆਪਾ-ਧਾਪੀ ਦਾ ਮਾਹੌਲ ਸਿਰਜ ਦਿੱਤਾ ਗਿਆ ਹੈ, ਜੋ ਸਿੱਖ ਕੌਮ ਤੇ ਪੰਜਾਬ ਲਈ ਕਾਫ਼ੀ ਘਾਤਕ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਆਗੂਆਂ ਦਰਮਿਆਨ ਸਿੱਖ ਸਿਧਾਂਤਾਂ ਨੂੰ ਲੈ ਕੇ ਕੋਈ ਸੰਵਾਦ ਰਚਾਉਣ ਦੀ ਥਾਂ ਬੰਦਿਆਂ ਨੂੰ ਬਦਲਣ ਤੱਕ ਦੀ ਲੜਾਈ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਸੰਗਤਪੁਰਾ, ਗੁਰਦਿੱਤ ਸਿੰਘ ਆਲੋਅਰਖ, ਗੁਰਦੀਪ ਸਿੰਘ ਕਾਲਾਝਾੜ, ਰਜਿੰਦਰ ਸਿੰਘ ਛੰਨਾਂ, ਭੁਪਿੰਦਰ ਸਿੰਘ ਗਰੇਵਾਲ ਸਮੇਤ ਭਾਰੀ ਸੰਗਤ ਹਾਜ਼ਰ ਸੀ।
ਸ਼ਹੀਦ ਕੌਮ ਦਾ ਸਰਮਾਇਆ: ਬਡੂੰਗਰ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੂਨ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਅਤੇ ਇਤਿਹਾਸ ਅੰਦਰ ਸ਼ਹੀਦਾਂ ਦੇ ਦਿਹਾੜੇ ਜੂਨ ਮਹੀਨੇ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਜੇਠ ਮਹੀਨੇ ਦੌਰਾਨ ਵਰਦੀ ਗਰਮੀ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਇਸ ਦੌਰਾਨ ਪਹਿਲੀ ਜੂਨ 1746 ਨੂੰ ਛੋਟਾ ਘੱਲੂਘਾਰਾ ਕਾਹਨੂੰਵਾਲ ਵਿਖੇ ਹੋਇਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਫਤਿਹ ਦਿਵਸ ਮਨਾਉਂਦੀ ਹੈ ਤਾਂ ਕਿ ਸੰਗਤਾਂ ਆਪਣੇ ਵੱਡਮੁੱਲੇ ਇਤਿਹਾਸ ਨਾਲ ਜੁੜੀਆਂ ਰਹਿਣ। ਪ੍ਰੋ. ਬਡੂੰਗਰ ਨੇ ਕਿਹਾ ਕਿ 1 ਤੋਂ 6 ਜੂਨ ਤੱਕ ਵੱਡਾ ਘੱਲੂਘਾਰਾ ਹੋਇਆ ਅਤੇ ਇਸ ਘਟਨਾ ਵਿਚ ਭਾਰਤੀ ਫੌਜਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ।