ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਵਿਸਾਖੀ ਮੌਕੇ ਸੰਗਤ ਨਤਮਸਤਕ
ਪੱਤਰ ਪ੍ਰੇਰਕ
ਮਾਛੀਵਾੜਾ, 13 ਅਪਰੈਲ
ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਵਿਸਾਖੀ ਦਾ ਦਿਹਾੜਾ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਗੁਰੂ ਘਰ ਵਿੱਚ ਦਰਸ਼ਨਾਂ ਲਈ ਸੰਗਤ ਵੱਡੀ ਗਿਣਤੀ ’ਚ ਪੁੱਜੀ ਅਤੇ ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਅਨੁਸਾਰ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਕਰਨ ਮਗਰੋਂ ਦੀਵਾਨ ਹਾਲ ਵਿੱਚ ਦੀਵਾਨ ਸਜਾਏ ਗਏ।
ਇਸ ਮੌਕੇ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ ਕੀਤਾ ਅਤੇ ਢਾਡੀ ਜਥਿਆਂ ਨੇ ਇਤਿਹਾਸਕ ਪ੍ਰਸੰਗ ਸੁਣਾਏ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਕੀਰਤਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਮਾਛੀਵਾੜਾ ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਇਤਿਹਾਸ ਜੰਡ ਸਾਹਿਬ ਅਤੇ ਖੂਹ ਦੇ ਦਰਸ਼ਨ ਕਰ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਇਲਾਵਾ ਸੰਗਤ ਨੇ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ, ਗੁਰਦੁਆਰਾ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਦੇ ਵੀ ਦਰਸ਼ਨ ਕੀਤੇ। ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਆਈ ਸੰਗਤ ਲਈ ਠੰਢੇ ਮਿੱਠੇ ਜਲ ਦੀ ਛਬੀਲ ਤੋਂ ਇਲਾਵਾ ਲੰਗਰ ਵੀ ਲਗਾਏ ਹੋਏ ਸਨ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਆਈਆਂ ਸੰਗਤ ਅਤੇ ਸਹਿਯੋਗ ਦੇਣ ਲਈ ਪੰਜਾਬ ਪੁਲੀਸ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਬਾਬਾ ਮੋਹਣ ਸਿੰਘ, ਜਸਵੀਰ ਸਿੰਘ ਗਿੱਲ, ਬਾਬਾ ਬਲਜੀਤ ਸਿੰਘ ਬੁਰਜ, ਬਲਜਿੰਦਰ ਸਿੰਘ ਤੂਰ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਗੁਰਮੁਖ, ਅਕਾਊਂਟੈਂਟ ਸੁਖਦੇਵ ਸਿੰਘ, ਖਜਾਨਚੀ ਜਸਪਿੰਦਰ ਸਿੰਘ, ਭੁਪਿੰਦਰ ਸਿੰਘ ਰਿਕਾਰਡ ਕੀਪਰ ਵੀ ਮੌਜੂਦ ਸਨ।