ਗੁਰਚਰਨ ਧੰਜੂ ਦਾ ਕਾਵਿ ਸੰਗ੍ਰਹਿ ‘ਵਿਰਸੇ ਦੇ ਹਰਫ਼’ ਲੋਕ ਅਰਪਣ
ਪੱਤਰ ਪ੍ਰੇਰਕ
ਪਾਤੜਾਂ, 2 ਫਰਵਰੀ
ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਬੱਤਰਾ ਅਕੈਡਮੀ ’ਚ ਗੁਰਚਰਨ ਸਿੰਘ ਧੰਜੂ ਦਾ ਕਾਵਿ ਸੰਗ੍ਰਹਿ ‘ਵਿਰਸੇ ਦੇ ਹਰਫ਼’ ਲੋਕ ਅਰਪਣ ਕਰਨ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਾਹਿਤਕਾਰ ਡਾ. ਜਗਮੇਲ ਸਿੰਘ ਭਾਠੂਆਂ ਸਨ। ਸਾਹਿਤ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਨੇ ਗੁਰਚਰਨ ਸਿੰਘ ਧੰਜੂ ਅਤੇ ਉਨ੍ਹਾਂ ਦੀ ਲਿਖੀ ਪੁਸਤਕ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਪਰੰਤ ਮੁੱਖ ਮਹਿਮਾਨ ਡਾ. ਜਗਮੇਲ ਸਿੰਘ ਭਾਠੂਆਂ ਨੇ ਲੇਖਕ ਵੱਲੋਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਗਏ ਕਾਵਿ ਸੰਗ੍ਰਹਿ ਦਾ ਸਵਾਗਤ ਕੀਤਾ। ਪੁਸਤਕ ਦੀ ਘੁੰਡ ਚੁਕਾਈ ਉਪਰੰਤ ਭੁਪਿੰਦਰਜੀਤ ਮੌਲਵੀਵਾਲਾ ਨੇ ਪਰਚਾ ਪੜ੍ਹਿਆ। ਪੁਸਤਕ ਵਿੱਚ ਸ਼ਾਮਲ ਰਚਨਾਵਾਂ ਲੇਖਕ ਦੇ ਕਲਾਤਮਕ ਪੱਖ ਅਤੇ ਵਿਸ਼ਿਆਂ ਦੀ ਵੰਨ ਸੁਵੰਨਤਾ ਦੇ ਨਾਲ ਨਾਲ ਲੇਖਕ ਵੱਲੋਂ ਉਠਾਏ ਗਏ ਨੁਕਤਿਆਂ ਉੱਤੇ ਵਿਚਾਰ ਸਾਂਝੇ ਕੀਤੇ। ਪੁਸਤਕ ’ਤੇ ਕੀਤੀ ਗਈ ਚਰਚਾ ਵਿੱਚ ਸਭਾ ਦੇ ਸਰਪ੍ਰਸਤ ਬਾਜ ਸਿੰਘ ਮਹਿਲੀਆ, ਰਾਮਫਲ ਰਾਜਲਹੇੜੀ ਅਤੇ ਦਰਸ਼ਨ ਲਾਡਬੰਨਜਾਰਾ ਨੇ ਹਿੱਸਾ ਲਿਆ। ਨਿਰਮਲਾ ਗਰਗ ਅਤੇ ਅਨੀਤਾ ਅਰੋੜਾ ਨੇ ਕਵਿਤਾਵਾਂ ਰਾਹੀਂ ਲੇਖਕ ਨੂੰ ਮੁਬਾਰਕਬਾਦ ਦਿੱਤੀ। ਰਚਨਾਵਾਂ ਦੇ ਦੌਰ ਵਿੱਚ ਸੁਭਾਸ਼ ਘੱਗਾ, ਸੁਮਨਦੀਦ, ਪ੍ਰੇਮ ਮੌਲਵੀਵਾਲਾ, ਜਤਿਨ ਬੱਤਰਾ, ਖੁਸ਼ਪ੍ਰੀਤ ਹਰੀਗੜ੍ਹ ਨੇ ਰਚਨਾਵਾਂ ਪੇਸ਼ ਕੀਤੀਆਂ ਜਿਨ੍ਹਾਂ ’ਤੇ ਉਸਾਰੂ ਬਹਿਸ ਹੋਈ। ਮੰਚ ਸੰਚਾਲਨ ਰਵੀ ਘੱਗਾ ਨੇ ਬਾਖੂਬੀ ਕੀਤਾ। ਅਖੀਰ ਵਿੱਚ ਸਾਹਿਤ ਸਭਾ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।