ਗੁਆਚਿਆ ਸਮਾਨ
ਪ੍ਰੋ. ਮੋਹਣ ਸਿੰਘ
1965 ਵਾਲੀ ਹਿੰਦ-ਪਾਕਿ ਜੰਗ ਅਜੇ ਸ਼ੁਰੂ ਨਹੀਂ ਸੀ ਹੋਈ ਪਰ ਲੱਗਦਾ ਸੀ, ਕਿਸੇ ਵੇਲੇ ਵੀ ਚੰਗਿਆੜੀ ਲੱਗ ਸਕਦੀ ਹੈ। ਚਾਰੇ ਪਾਸੇ ਫ਼ੌਜ ਹੋਣ ਦੀਆਂ ਨਿਸ਼ਾਨੀਆਂ ਦਿਸਦੀਆਂ। ਕਿਤੇ ਕੋਈ ਟੈਂਕ, ਟਰੱਕ, ਤੋਪ; ਸਭ ਰੁੱਖਾਂ ਹੇਠ ਜਾਂ ਮਿਲਟਰੀ ਦੇ ਆਪਣੇ ਜਾਲ ਨਾਲ ਲੁਕਾਏ ਦਿਸਦੇ ਸਨ ਤਾਂ ਕਿ ਉਪਰੋਂ ਜਹਾਜ਼ ’ਚੋਂ ਪਤਾ ਨਾ ਲੱਗੇ। ਪੂਰਾ ਭੁਲੇਖਾ ਪਾਇਆ ਹੋਇਆ। ਉਦੋਂ ਰੁੱਖ, ਝਾੜੀਆਂ ਤੇ ਅੱਕ ਬਹੁਤ ਹੁੰਦੇ ਸਨ।
ਗਰਮੀਆਂ ਦੀਆਂ ਛੁੱਟੀਆਂ ਸਨ। ਯੂਨੈਸਕੋ ਨੇ ਸਾਇੰਸ ਮਾਸਟਰਾਂ ਲਈ ਬੜਾ ਫ਼ਾਇਦੇਮੰਦ ਸਮਰ ਇੰਸਟੀਚਿਊਟ ਲਾਇਆ। ਖਰਚਾ ਅਮਰੀਕਾ ਦੀ ਪੀਐੱਲ 480 ’ਚੋਂ ਹੋਣਾ ਸੀ। ਪੈਸਾ ਪਾਣੀ ਵਾਂਗ ਵਗ ਰਿਹਾ ਸੀ। ਉੱਥੋਂ ਦੇ ਦੋ ਮਾਹਿਰ ਡਾ. ਮੈਟਜ਼ਨਰ ਤੇ ਫਾਦਰ ਡਰੈੱਸਲ ਦਿਲਚਸਪ ਤੇ ਜਾਣਕਾਰੀ ਭਰਪੂਰ ਲੈਕਚਰ ਦਿੰਦੇ। ਫਿਜ਼ਿਕਸ ਨਾਲ ਸਬੰਧਿਤ ਤਜਰਬੇ, ਫਿਲਮਾਂ, ਕਿਤਾਬਾਂ, ਵਿਦਿਅਕ ਟੂਰ ਤੇ ਦਿਨ ’ਚ ਦੋ ਵਾਰੀ ਕੌਫ਼ੀ ਬਰੇਕ। ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੀ।
ਉਹ ਦਸ ਹਫ਼ਤੇ ਕਿਸੇ ਲੰਮੇ ਸਮੁੰਦਰੀ ਕਰੂਜ਼ ਵਾਂਗ ਪਤਾ ਨਹੀਂ ਲੱਗਾ, ਕਿਹੜੇ ਵੇਲੇ ਬੀਤ ਗਏ। ਸਾਰਿਆਂ ਨੂੰ ਬੜੇ ਆਕਰਸ਼ਕ ਸਰਟੀਫਿਕੇਟ, 60-60 ਕਿਤਾਬਾਂ ਦੇ ਸੈੱਟ ਤੇ ਮੇਰੇ ਕਹਿਣ ’ਤੇ ਇੱਕ-ਇੱਕ ਸਲਾਈਡ ਰੂਲ ਅਤੇ ਹੋਰ ਸੁਗਾਤਾਂ ਦਿੱਤੀਆਂ। ਅਗਸਤ 1965 ਵਿੱਚ ਸਕੂਲ ਖੁੱਲ੍ਹ ਗਏ ਅਤੇ ਅਸੀਂ ਸਾਰੇ ਅਧਿਆਪਕ ਨਵੇਂ-ਨਵੇਂ ਗਿਆਨ ਨਾਲ ਗੜੁੱਚ ਬੜੇ ਕਾਹਲੇ ਸਾਂ ਕਿ ਕਿਹੜਾ ਵੇਲਾ ਹੋਵੇ, ਅਸੀਂ ਆਪਣੇ ਸਾਇੰਸ ਵਿਦਿਆਰਥੀਆਂ ਨਾਲ ਸਭ ਕੁਝ ਸਾਂਝਾ ਕਰੀਏ।
... ਤੇ ਜੰਗ ਦੇ ਤਾਂਡਵ ਦੇ ਦਿਨੀਂ ਡਿਊਟੀ ਲੱਗ ਗਈ ਕਿ ਅੰਬਾਲੇ ਤੋਂ ਲੋੜੀਂਦਾ ਸਮਾਨ ਖਰੀਦ ਲਿਆਵਾਂ। ਅੰਬਾਲੇ ਕੈਂਟ ਦਾ ਇਹ ਪਹਿਲਾ ਗੇੜਾ ਸੀ। ਮੇਰੇ ਪਾਸ ਸਕੂਲ ਦਾ ਅਥਾਰਟੀ ਲੈਟਰ ਸੀ। ਮੈਨੂੰ ਯਾਦ ਹੈ, ਮੈਂ ਕਿਸੇ ਲਾਲਚੀ ਬੱਚੇ ਵਾਂਗ ਜੋ ਮਨ ’ਚ ਆਇਆ, ਖਰੀਦਿਆ। ਸਮਾਨ ਵੀ ਮਿਆਰੀ। ਵਲੈਤ ਦੀ ਮੋਹਰ ਲੱਗੀ ਵਾਲਾ। ਮੈਂ ਅਪਲਾਈਡ ਮੈਥਿਮੈਟਿਕਸ ਵੀ ਪੜ੍ਹਾਉਂਦਾ ਸਾਂ ਅਤੇ ਸਿਲੇਬਸ ਵਿੱਚ ਇੱਕ ਪ੍ਰਸ਼ਨ ਹੁੰਦਾ ਸੀ ‘ਸਲਾਈਡ ਰੂਲ’ ਵਰਤਣ ਬਾਰੇ। ਉਦੋਂ ਕੈਲਕੁਲੇਟਰ ਨਹੀਂ ਸੀ ਹੁੰਦੇ ਤੇ ਸਭ ਕੰਮ ਸਲਾਈਡ ਰੂਲ ਨਾਲ ਹੁੰਦੇ ਸਨ। ਮੈਂ ਪੜ੍ਹਾਉਣ ਵਾਸਤੇ ਲੱਕੜ ਦਾ ਵੱਡਾ ਸਾਰਾ ਸਾਈਲਡ ਰੂਲ ਦਾ ਮਾਡਲ ਵੀ ਖਰੀਦਿਆ। ਸਮਾਨ ਏਨਾ ਖਰੀਦ ਲਿਆ ਕਿ ਸਾਰਾ ਲੈ ਕੇ ਜਾਣਾ ਮੁਸ਼ਕਿਲ ਲੱਗਣ ਲੱਗਾ। ਖ਼ੈਰ, ਗੱਤੇ ਦੇ ਡੱਬਿਆਂ ਵਿੱਚ ਬੰਦ ਸਮਾਨ ਅਤੇ ਉਹ ਸਲਾਈਡ ਰੂਲ ਰਿਕਸ਼ੇ ’ਤੇ ਰੱਖ ਕੇ ਅੰਬਾਲੇ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚ ਗਿਆ।
ਰਾਤ ਹੋ ਗਈ ਸੀ ਤੇ ਜੰਗੀ ਹਾਲਾਤ ਕਾਰਨ ਸਟੇਸ਼ਨ ’ਤੇ ਮੁਕੰਮਲ ਬਲੈਕ ਆਊਟ ਸੀ। ਗੱਡੀਆਂ ਲਾਈਟਾਂ ਮੱਧਮ ਤੇ ਨੀਵੀਆਂ ਕਰ ਕੇ, ਹੌਲੀ-ਹੌਲੀ ਆ-ਜਾ ਰਹੀਆਂ ਸਨ। ਅੰਮ੍ਰਿਤਸਰ ਜਾਣ ਵਾਲੀ ਹਰਦੁਆਰ ਤੋਂ ਆ ਰਹੀ ਪੈਸੇਂਜਰ ਗੱਡੀ ਮਲਕੜੇ ਜਿਹੇ ਆਣ ਲੱਗੀ। ਇੰਜਣ ਦੀ ਬੱਤੀ ’ਤੇ ਘੁੰਡ ਜਿਹਾ ਲੱਗਾ ਹੋਇਆ ਸੀ ਤਾਂ ਕਿ ਲਾਈਟ ਉੱਪਰ ਨਾ ਜਾਵੇ। ਸਿਗਨਲ ਲਾਈਟਾਂ ਵੀ ਘੁੰਡਾਂ ਨਾਲ ਉਪਰੋਂ ਢੱਕੀਆਂ ਹੋਈਆਂ ਸੀ। ਕਿਸੇ ਕੋਚ ਵਿੱਚ ਕੋਈ ਲਾਈਟ ਨਹੀਂ। ਘੁੱਪ ਹਨੇਰੇ ਵਿੱਚ ਗੱਡੀ ਅੱਧੀ ਰਾਤੀਂ ਅੰਮ੍ਰਿਤਸਰ ਪੁੱਜੀ। ਕਿਤੇ ਕੋਈ ਲਾਈਟ ਨਹੀਂ ਬਲਿਕ ਸਵਾਰੀਆਂ ਵੀ ਬਹੁਤ ਘੱਟ ਉੱਤਰੀਆਂ। ਤਾਰਿਆਂ ਦੀ ਛਾਵੇਂ ਰਿਕਸ਼ੇ ’ਚ ਬੈਠ ਕੇ ਘਰ ਅੱਪਡਿ਼ਆ।
ਇੱਕ-ਦੋ ਦਿਨਾਂ ਬਾਅਦ ਹੀ ਜਿਸ ਜੰਗ ਦੀ ਤਿੰਨ ਮਹੀਨੇ ਤੋਂ ਤਿਆਰੀ ਹੋ ਰਹੀ ਸੀ, ਸ਼ੁਰੂ ਹੋ ਗਈ। ਸਕੂਲ ਅਜੇ ਬੰਦ ਨਹੀਂ ਸੀ ਕੀਤਾ ਗਿਆ। ਗੇਟ ਤੋਂ ਬਾਰਡਰ ਵੱਲ ਆਉਂਦੇ-ਜਾਂਦੇ ਦੋਧੀਆਂ ਤੋਂ ਖ਼ਬਰ ਮਿਲੀ ਕਿ ਸਾਡੇ ਟੈਂਕ ਸਰਹੱਦ ਪਾਰ ਕਰ ਚੁੱਕੇ ਹਨ। ਇਹ ਵੀ ਸੁਣਨ ’ਚ ਆਇਆ ਕਿ ਸਾਡੀਆਂ ਫ਼ੌਜਾਂ ਲਾਹੌਰ ਦੀਆਂ ਬਰੂਹਾਂ ’ਤੇ ਅੱਪੜ ਗਈਆਂ ਸਨ। ਇੱਕ ਅਮਰੀਕੀ ਸੇਬਰ ਜੈੱਟ ਦਾ ਮਲਬਾ ਕਾਲਜ ਨੇੜੇ ਗੁਰੂ ਨਾਨਕ ਵਾੜੇ ਲਾਗੇ ਕਿਤੇ ਡਿੱਗਿਆ ਸੀ। ਇਹ ਭਾਵੇਂ ਨਾਮੁਮਕਿਨ ਜਾਪੇ, ਸਕੂਲ ਹਾਲ ਦੇ ਪਿਛਵਾੜੇ ਕਮਾਦ ਦੇ ਖੇਤ ਵਿੱਚ ਐਂਟੀ-ਏਅਰਕਰਾਫਟ ਗੰਨ ਬੀੜੀ ਹੋਈ ਸੀ। ਅਸੀਂ ਚਾਰ-ਪੰਜ ਦਿਨ ਡੌਗ ਫਾਈਟਾਂ ਸਕੂਲੋਂ ਦੇਖਦੇ ਰਹੇ। ਦਰਅਸਲ, ਖਾਲਸਾ ਕਾਲਜ ਸਕੂਲ ਦੇ ਪ੍ਰਿੰਸੀਪਲ ਮਾਹਣਾ ਸਿੰਘ ਰਿਟਾਇਰ ਹੋ ਚੁੱਕੇ ਸੀ ਅਤੇ ਨਵਾਂ ਅਜੇ ਕੋਈ ਲੱਗਾ ਨਹੀਂ ਸੀ ਜੋ ਸਕੂਲ ਬੰਦ ਕਰਵਾ ਸਕੇ। ਅੰਮ੍ਰਿਤਸਰ ਕੰਟੋਨਮੈਂਟ ਵਿੱਚੋਂ ਕੋਈ ਆਰਡਰ ਆਇਆ ਸੀ ਅਤੇ ਸਕੂਲ ਬਾਕੀ ਸਕੂਲਾਂ ਵਾਂਗ ਬੰਦ ਕਰਵਾਇਆ ਗਿਆ।
ਖ਼ੈਰ… ਜੰਗ ਖ਼ਤਮ ਹੋਈ। ਹਾਲਾਤ ਆਮ ਵਰਗੇ ਹੋਏ। ਸਕੂਲ ਖੁੱਲ੍ਹ ਗਏ। ਬੜੇ ਉਤਾਵਲੇ ਮਨ ਨਾਲ ਮੈਂ ਆਪਣੀ ਲੈਬਾਰਟਰੀ ਵਿੱਚ ਗਿਆ ਕਿ ਜਿਹੜਾ ਸਮਾਨ ਅੰਬਾਲਿਉਂ ਲਿਆਂਦਾ ਅਜੇ ਬੱਝਾ ਹੀ ਪਿਆ ਸੀ, ਖੋਲ੍ਹ ਕੇ ਸਟਾਕ ਰਜਿਸਟਰ ’ਤੇ ਚੜ੍ਹਾਵਾਂ ਪਰ ਆਹ ਕੀ? ਜਿਹੜੀਆਂ ਚੀਜ਼ਾਂ ਮੈਂ ਚੁਣ-ਚੁਣ ਕੇ ਖਰੀਦੀਆਂ ਸਨ, ਉਹ ਕਿਤੇ ਦਿਸਦੀਆਂ ਨਹੀਂ ਸਨ। ਮੈਂ ਹਿਸਾਬ ਲਾਇਆ, ਤਿੰਨ ਹਫ਼ਤੇ ਪਹਿਲਾਂ ਜਦੋਂ ਹਨੇਰੇ ਵਿੱਚ ਗੱਡੀਓਂ ਉਤਰਿਆ ਸਾਂ, ਕੁਝ ਸਮਾਨ ਵਿੱਚੇ ਹੀ ਰਹਿ ਗਿਆ ਹੋਵੇਗਾ। ਸਾਰੀ ਜ਼ਿੰਮੇਵਾਰੀ ਮੇਰੀ ਸੀ। ਬਿੱਲ ਵਿੱਚ ਉਹ ਸਮਾਨ ਸ਼ਾਮਿਲ ਸੀ। ਬੜਾ ਨਿਰਾਸ਼ ਘਰ ਆਇਆ। ਸਮਝਿਆ, ਨੌਕਰੀ ਤਾਂ ਹੁਣ ਗਈ ਕਿ ਗਈ, ਨਾਲ ਹੋਰ ਹਰਜਾਨਾ ਵੀ ਭਰਨਾ ਪੈਣਾ।
ਅਗਲੇ ਦਿਨ ਸਾਈਕਲ ’ਤੇ ਜਾਂਦਿਆਂ ਐਵੇਂ ਖਿਆਲ ਆਇਆ, ਕਿਉਂ ਨਾ ਸਟੇਸ਼ਨ ’ਤੇ ‘ਗੁੰਮਸ਼ੁਦਾ ਵਸਤਾਂ’ ਵਾਲੇ ਦਫ਼ਤਰ ਤੋਂ ਪਤਾ ਕਰਾਂ... ਹੋ ਸਕਦੈ, ਉਹ ਸਮਾਨ ਕਿਸੇ ਨੇ ‘ਲੌਸਟ ਪ੍ਰਾਪਰਟੀ ਆਫਿਸ’ ਜਮ੍ਹਾਂ ਕਰਵਾ ਦਿੱਤਾ ਹੋਵੇ।... ਮੇਰੀ ਜਾਨ ’ਚ ਜਾਨ ਆਈ ਜਦੋਂ ਦੇਖਿਆ ਕਿ ਸਾਰਾ ਸਮਾਨ ਉੱਥੇ ਇਉਂ ਪਿਆ ਸੀ ਜਿਵੇਂ ਬੱਸ ਮੈਨੂੰ ਹੀ ਉਡੀਕ ਰਿਹਾ ਹੋਵੇ।... ਸਾਹ ’ਚ ਸਾਹ ਆਇਆ ਤੇ ਜੰਗ ਦੇ ਖ਼ਾਤਮੇ ਨਾਲ ਮਨ ਵੀ ਸ਼ਾਂਤ ਹੋ ਗਿਆ।