ਗਿਆਰ੍ਹਵੀਂ ਜਮਾਤ: ਸਕੂਲ ਮੁਖੀਆਂ ਵੱਲੋਂ ਹੋਰ ਦਾਖਲਿਆਂ ਤੋਂ ਇਨਕਾਰ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਅਗਸਤ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਸਕੂਲ ਮੁਖੀਆਂ ਨੇ ਹੋਰ ਦਾਖਲੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵੇਲੇ 1700 ਦੇ ਕਰੀਬ ਵਿਦਿਆਰਥੀਆਂ ਨੂੰ ਇਸ ਜਮਾਤ ਵਿਚ ਦਾਖਲਾ ਹੀ ਨਹੀਂ ਮਿਲਿਆ। ਇਸ ਬਾਰੇ ਸਿੱਖਿਆ ਵਿਭਾਗ ਨੇ ਅਧਿਕਾਰੀਆਂ ਦੀ ਮੀਟਿੰਗ 13 ਅਗਸਤ ਨੂੰ ਸੱਦ ਲਈ ਹੈ। ਦੂਜੇ ਪਾਸੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸੰਸਦ ਮੈਂਬਰ ਕਿਰਨ ਖੇਰ ਦਾ ਦਖਲ ਮੰਗਿਆ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਚੌਥੀ ਕਾਊਂਸਲਿੰਗ ਸੱਦੀ ਸੀ। ਇਸ ਤੋਂ ਬਾਅਦ ਵਿਭਾਗ ਨੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਸਕੂਲਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਬਾਰੇ ਵੇਰਵਾ ਦੇਣ ਲਈ ਕਿਹਾ ਸੀ ਪਰ ਸਕੂਲ ਮੁਖੀਆਂ ਨੇ ਵਿਭਾਗ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਇਸ ਵੇਲੇ ਕਿਸੇ ਵੀ ਸਰਕਾਰੀ ਸਕੂਲ ਵਿਚ ਸੀਟਾਂ ਖਾਲੀ ਨਹੀਂ ਹਨ। ਵਿਭਾਗ ਦੇ ਸੀਨੀਅਰ ਅਧਿਕਾਰੀ ਅਨੁਸਾਰ ਇਸ ਬਾਰੇ 13 ਅਗਸਤ ਨੂੰ ਮੀਟਿੰਗ ਕਰਕੇ ਬਦਲਵੇਂ ਪ੍ਰਬੰਧ ਕਰਨ ਲਈ ਚਰਚਾ ਕੀਤੀ ਜਾਵੇਗੀ ਪਰ ਸਕੂਲਾਂ ਵਿਚ ਹੁਣ ਦਾਖਲੇ ਹੋਣੇ ਅਸੰਭਵ ਹਨ। ਉਨ੍ਹਾਂ ਕਿਹਾ ਕਿ ਡੀਈਓ ਵਲੋਂ ਭੇਜੇ ਪੱਤਰ ਵਿਚ ਵੀ ਦੱਸਿਆ ਗਿਆ ਹੈ ਕਿ 1700 ਦੇ ਕਰੀਬ ਵਿਦਿਆਰਥੀ ਹਾਲੇ ਵੀ ਦਾਖਲੇ ਤੋਂ ਵਾਂਝੇ ਹਨ।
ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਉਹ ਭਲਕੇ ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੂੰ ਮਿਲਣਗੇ ਤੇ ਸਕੂਲਾਂ ਵਿਚ ਸੀਟਾਂ ਵਧਾਉਣ ਬਾਰੇ ਮੰਗ ਕਰਨਗੇ। ਇਸ ਤੋਂ ਇਲਾਵਾ ਉਹ ਸੰਸਦ ਮੈਂਬਰ ਕਿਰਨ ਖੇਰ ਨੂੰ ਦੱਸਣਗੇ ਕਿ ਗਰੀਬ ਵਰਗ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਨਹੀਂ ਮਿਲ ਰਿਹਾ। ਦੱਸਣਾ ਬਣਦਾ ਹੈ ਕਿ ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ 12815 ਸੀਟਾਂ ਹਨ ਜਿਨ੍ਹਾਂ ਲਈ 18000 ਦੇ ਕਰੀਬ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਸਿੱਖਿਆ ਸਕੱਤਰ ਨੇ ਸਕੂਲਾਂ ’ਚ ਸੀਟਾਂ ਵਧਾਉਣ ਤੋਂ ਇਨਕਾਰ ਕੀਤਾ ਹੈ।

40 ਤੋਂ 45 ਫੀਸਦੀ ਅੰਕਾਂ ਵਾਲੇ ਦਾਖਲੇ ਤੋਂ ਵਾਂਝੇ

ਡੀਈਓ ਅਨੁਜੀਤ ਕੌਰ ਵਲੋਂ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਸੌਂਪੀ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਹਾਲੇ ਸਕੂਲ ਵਿਚ ਦਾਖਲਾ ਨਹੀਂ ਮਿਲਿਆ ਉਨ੍ਹਾਂ ਦੇ ਦਸਵੀਂ ਜਮਾਤ ਵਿਚ 40 ਤੋਂ 45 ਫੀਸਦ ਅੰਕ ਹਨ। ਇਹ ਵਿਦਿਆਰਥੀ ਜ਼ਿਆਦਾਤਰ ਪਰਵਾਸੀ ਮਜ਼ਦੂਰਾਂ ਤੇ ਗਰੀਬ ਤਬਕੇ ਨਾਲ ਸਬੰਧਤ ਹਨ ਤੇ ਉਨ੍ਹਾਂ ਨੇ ਚੰਡੀਗੜ੍ਹ ਦੇ ਸਕੂਲਾਂ ਵਿਚੋਂ ਹੀ ਪੜ੍ਹਾਈ ਕੀਤੀ ਹੈ। ਕਈ ਸਕੂਲਾਂ ਨੇ ਆਪਣੇ ਸਕੂਲਾਂ ਵਿਚ ‘ਸੀਟਾਂ ਭਰ ਗਈਆਂ ਹਨ’ ਦੇ ਨੋਟਿਸ ਚਿਪਕਾ ਦਿੱਤੇ ਹਨ ਤਾਂ ਕਿ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਸਕੂਲਾਂ ਵਿਚ ਆ ਕੇ ਖੱਜਲ ਨਾ ਹੋਣ।

ਓਪਨ ਸਕੂਲ ਤੋਂ ਅਣਜਾਣ ਮਾਪੇ

ਦਾਖਲੇ ਤੋਂ ਵਾਂਝੇ ਜ਼ਿਆਦਾਤਰ ਬੱਚੇ ਤੇ ਉਨ੍ਹਾਂ ਦੇ ਮਾਪੇ ਓਪਨ ਸਕੂਲ ਵਿਚ ਦਾਖਲੇ ਤੋਂ ਅਨਜਾਣ ਹਨ। ਉਨ੍ਹਾਂ ਓਪਨ ਸਕੂਲ ਦੀ ਥਾਂ ਸਰਕਾਰੀ ਸਕੂਲਾਂ ਵਿਚ ਹੀ ਦਾਖਲੇ ਦੀ ਮੰਗ ਕੀਤੀ। ਸਿੱਖਿਆ ਸਕੱਤਰ ਬੀ ਐਲ ਸ਼ਰਮਾ ਨੇ ਦੱਸਿਆ ਕਿ ਸੀਮਤ ਸੀਟਾਂ ਕਾਰਨ ਜੇ ਕੋਈ ਵਿਦਿਆਰਥੀ ਦਾਖਲੇ ਤੋਂ ਵਾਂਝਾ ਰਹਿ ਗਿਆ ਤਾਂ ਉਸ ਨੂੰ ਓਪਨ ਸਕੂਲ ਵਿਚ ਦਾਖਲਾ ਦਿਵਾਇਆ ਜਾਵੇਗਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਨੂੰ ਕੰਪਿਊਟਰ ਅਪਰੇਟਰ ਰਾਹੀਂ ਓਪਨ ਸਕੂਲ ਦਾ ਦਾਖਲਾ ਫਾਰਮ ਭਰਨ ਵਿਚ ਮਦਦ ਕੀਤੀ ਜਾਵੇਗੀ। ਉਸ ਤੋਂ ਬਾਅਦ ਓਪਨ ਸਕੂਲ ਤੋਂ ਨੋਟਸ ਹਾਸਲ ਕਰਨੇ ਤੇ ਪੜ੍ਹਨਾ ਵਿਦਿਆਰਥੀਆਂ ਦੀ ਆਪਣੀ ਜ਼ਿੰਮੇਵਾਰੀ ਹੈ।