ਗਾਜ਼ਾ ਦੀ ਦੁਰਦਸ਼ਾ
ਗਾਜ਼ਾ ’ਤੇ ਤਾਜ਼ਾ ਇਜ਼ਰਾਇਲੀ ਹਮਲਿਆਂ, ਜਿਨ੍ਹਾਂ ’ਚ 400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਨੇ ਉਸ ਨਾਜ਼ੁਕ ਗੋਲੀਬੰਦੀ ਸਮਝੌਤੇ ਨੂੰ ਲਗਭਗ ਤੋੜ ਹੀ ਦਿੱਤਾ ਹੈ ਜਿਸ ਦਾ ਮੰਤਵ ਟਕਰਾਅ ਘਟਾਉਣਾ ਸੀ। ਟਕਰਾਅ ਘਟਣ ਦੀ ਥਾਂ ਖੇਤਰ ਮੁੜ ਤੋਂ ਉਸੇ ਉਥਲ-ਪੁਥਲ ’ਚ ਧੱਸ ਗਿਆ ਹੈ ਤੇ ਇਸ ਦਾ ਸਭ ਤੋਂ ਵੱਧ ਖ਼ਮਿਆਜ਼ਾ ਇੱਕ ਵਾਰ ਫਿਰ ਤੋਂ ਨਾਗਰਿਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਜ਼ਰਾਈਲ ਮੁੜ ਤੋਂ ਬੋਲੇ ਹੱਲੇ ਲਈ ਹਮਾਸ ਵੱਲੋਂ ਅਜੇ ਤੱਕ ਵੀ ਬੰਦੀਆਂ ਦੀ ਰਿਹਾਈ ਨਾ ਕਰਨ ਨੂੰ ਜ਼ਿੰਮੇਵਾਰ ਠਹਿਰਾਅ ਰਿਹਾ ਹੈ। ਉਨ੍ਹਾਂ ਇਸ ਹਮਲੇ ਦਾ ਬੰਦੀਆਂ ਦੀ ਰਿਹਾਈ ਲਈ ਜ਼ਰੂਰੀ ਕਦਮ ਦੱਸ ਕੇ ਬਚਾਅ ਕੀਤਾ ਹੈ। ਇਸ ਦੌਰਾਨ ਹਮਾਸ ਨੇ ਦਾਅਵਾ ਕੀਤਾ ਹੈ ਕਿ ਇਹ ਗੋਲੀਬੰਦੀ ਦੀਆਂ ਸ਼ਰਤਾਂ ਦਾ ਪਾਲਣ ਕਰ ਰਿਹਾ ਹੈ ਤੇ ਗੱਲਬਾਤ ਲਈ ਰਾਜ਼ੀ ਹੈ। ਬੰਦੀ ਕੂਟਨੀਤਕ ਜਮੂਦ ’ਚ ਫਸੇ ਹੋਏ ਹਨ, ਵਧ ਰਹੀ ਹਿੰਸਾ ਦਾ ਪਰਛਾਵਾਂ ਉਨ੍ਹਾਂ ਦੀ ਹੋਣੀ ਉੱਤੇ ਪੈ ਰਿਹਾ ਹੈ।
ਗਾਜ਼ਾ ਦਾ ਮਾਨਵੀ ਸੰਕਟ ਹੁਣ ਤਬਾਹੀ ਦੇ ਸਿਖਰਲੇ ਪੱਧਰ ਉੱਤੇ ਹੈ। ਹਸਪਤਾਲ ਭਰੇ ਪਏ ਹਨ, ਮਦਦ ਰੁਕੀ ਹੋਈ ਹੈ ਤੇ ਹਰੇਕ ਹਵਾਈ ਹਮਲਾ ਹੋਰ ਤਬਾਹੀ ਕਰ ਰਿਹਾ ਹੈ। ਵਿਨਾਸ਼ ਸੈਨਿਕ ਨਿਸ਼ਾਨਿਆਂ ਤੋਂ ਕਿਤੇ ਅੱਗੇ ਵਧ ਚੁੱਕਾ ਹੈ; ਘਰ, ਸਕੂਲ ਤੇ ਪੂਰੀਆਂ ਸੁਸਾਇਟੀਆਂ ਮਲਬੇ ਦੇ ਰੂਪ ’ਚ ਜ਼ਮੀਨ ’ਤੇ ਵਿਛ ਚੁੱਕੀਆਂ ਹਨ। ਇਜ਼ਰਾਈਲ ਦੇ ਹਮਲੇ ਨਾਲ ਨਾ ਕੇਵਲ ਗਾਜ਼ਾ ’ਚ ਦੁੱਖਾਂ ਦਾ ਪਹਾੜ ਟੁੱਟਿਆ ਹੈ ਬਲਕਿ ਖੇਤਰੀ ਟਕਰਾਅ ਦੇ ਫੈਲਣ ਦਾ ਖ਼ਤਰਾ ਵੀ ਖੜ੍ਹਾ ਹੋ ਗਿਆ ਹੈ, ਜਿਸ ਵਿੱਚ ਇਰਾਨ, ਹਿਜ਼ਬੁੱਲ੍ਹਾ ਤੇ ਯਮਨ ਦੇ ਹੂਤੀ ਸ਼ਾਮਿਲ ਹੋ ਸਕਦੇ ਹਨ। ਇੱਕ ਗ਼ਲਤ ਅਨੁਮਾਨ ਜੰਗ ਨੂੰ ਹੋਰ ਭੜਕਾ ਸਕਦਾ ਹੈ, ਜਿਸ ਨਾਲ ਪੱਛਮੀ ਏਸ਼ਿਆਈ ਖ਼ਿੱਤਾ ਗਹਿਰੀ ਅਸਥਿਰਤਾ ਵੱਲ ਧੱਕਿਆ ਜਾਵੇਗਾ।
ਕੌਮਾਂਤਰੀ ਹੁੰਗਾਰਾ ਉਮੀਦ ਮੁਤਾਬਿਕ ਕਮਜ਼ੋਰ ਹੀ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਹਮਲਿਆਂ ਦੀ ਨਿਖੇਧੀ ਕੀਤੀ ਹੈ ਤੇ ਮਿਸਰ ਨੇ ਕਾਬੂ ਰੱਖਣ ਦਾ ਸੱਦਾ ਦਿੱਤਾ ਹੈ, ਪਰ ਇਹ ਬੇਨਤੀਆਂ ਖ਼ੂਨ-ਖਰਾਬਾ ਰੋਕਣ ਵਿੱਚ ਜ਼ਿਆਦਾ ਮਦਦਗਾਰ ਸਾਬਿਤ ਨਹੀਂ ਹੋ ਰਹੀਆਂ। ਇਜ਼ਰਾਈਲ ਦੇ ਮੁੱਖ ਸਾਥੀ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਆਤਮ-ਰੱਖਿਆ ਲਈ ਇਜ਼ਰਾਈਲ ਦਾ ਪੱਖ ਪੂਰਨ ਦੀ ਬਜਾਇ ਤੁਰੰਤ ਟਕਰਾਅ ਘਟਾਉਣ ਦਾ ਪੁਰਜ਼ੋਰ ਯਤਨ ਕਰੇ। ਅਰਥਪੂਰਨ ਕੌਮਾਂਤਰੀ ਦਖ਼ਲ ਤੋਂ ਬਿਨਾਂ ਮਾਨਵੀ ਪੀੜਾ ਬਦਤਰ ਹੀ ਹੁੰਦੀ ਜਾਵੇਗੀ। ਇਹ ਜੰਗ ਅੰਦਰੂਨੀ ਤੌਰ ’ਤੇ ਹੋਂਦ ਬਚਾਉਣ ਅਤੇ ਸੁਰੱਖਿਆ ਬਾਰੇ ਹੈ। ਇਜ਼ਰਾਈਲ ਜ਼ੋਰ ਦਿੰਦਾ ਹੈ ਕਿ ਲੰਮੇਰੀ ਸ਼ਾਂਤੀ ਲਈ ਹਮਾਸ ਨੂੰ ਖ਼ਤਮ ਕੀਤਾ ਜਾਵੇ, ਪਰ ਆਖ਼ਿਰ ਕਿਸ ਕੀਮਤ ਉੱਤੇ? ਹਰੇਕ ਹਮਲਾ ਨਾ ਸਿਰਫ਼ ਬੁਨਿਆਦੀ ਢਾਂਚਾ ਤਬਾਹ ਕਰ ਰਿਹਾ ਹੈ ਬਲਕਿ ਸਹਿ-ਹੋਂਦ ਦੀ ਸੰਭਾਵਨਾ ਨੂੰ ਵੀ ਖ਼ਤਮ ਕਰ ਰਿਹਾ ਹੈ। ਗੋਲੀਬੰਦੀ ਕਦੇ ਵੀ ਸਥਾਈ ਹੱਲ ਨਹੀਂ ਸੀ, ਪਰ ਇਸ ਦੇ ਟੁੱਟਣ ਨਾਲ ਕੌੜੀ ਸੱਚਾਈ ਸਾਹਮਣੇ ਆਈ ਹੈ: ਗੰਭੀਰ ਸਿਆਸੀ ਰੂਪ-ਰੇਖਾ ਤੋਂ ਬਿਨਾਂ ਹਿੰਸਾ ਦਾ ਇਹ ਪਹੀਆ ਘੁੰਮਦਾ ਹੀ ਰਹੇਗਾ।