ਗਾਇਕ ਬਣਨਾ ਚਾਹੁੰਦੇ ਸਨ ਰਾਜ ਖੋਸਲਾ
ਨਵੀਂ ਦਿੱਲੀ:
ਫਿਲਮਾਂ ਵਿੱਚ ਸਟੰਟਮੈਨ ਵਜੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਰਾਜ ਖੋਸਲਾ ਅਸਲ ਵਿੱਚ ਗਾਇਕ ਬਣਨਾ ਚਾਹੁੰਦੇ ਸਨ ਪਰ ਉਹ ਅਜਿਹਾ ਕਰ ਨਾ ਸਕੇ। ਖੋਸਲਾ ਨੇ ‘ਸੀਆਈਡੀ’ ਅਤੇ ‘ਵੋ ਕੌਨ ਥੀ’ ਵਰਗੀਆਂ ਸਸਪੈਂਸ ਫਿਲਮਾਂ ਨਾਲ ਨਿਰਦੇਸ਼ਕ ਵਜੋਂ ਆਪਣੀ ਪਛਾਣ ਬਣਾਈ। ਰਾਜ ਖੋਸਲਾ ਨੇ ਅਦਾਕਾਰਾ ਵਹੀਦਾ ਰਹਿਮਾਨ ਨੂੰ ਬੌਲੀਵੁੱਡ ਵਿੱਚ ਫਿਲਮਾਂ ’ਚ ਕੰਮ ਕਰਨ ਦਾ ਮੌਕਾ ਦਿੱਤਾ ਸੀ। ਉਹ ਅਜਿਹੇ ਨਿਰਦੇਸ਼ਕ ਸਨ ਜਿਨ੍ਹਾਂ ਦੀ ਫਿਲਮ ਨਿਰਦੇਸ਼ਨ ਦੀ ਸ਼ੁਰੂਆਤ ਅਚਾਨਕ ਹੋਈ ਸੀ। ਉਨ੍ਹਾਂ ਦੀਆਂ ਬਣਾਈਆਂ ਫਿਲਮਾਂ ਦੇਖਣ ਲਈ ਸਿਨੇਮਾ ਘਰਾਂ ਦੇ ਬਾਹਰ ਦਰਸ਼ਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗਦੀਆਂ ਸਨ। ਇਨ੍ਹਾਂ ਫਿਲਮਾਂ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹਨ। ਫਿਲਮ ਹੈਰੀਟੇਜ ਫਾਊਂਡੇਸ਼ਨ (ਐੱਫਐੱਚਐੱਫ) ਨੇ ਲੇਖਕ ਅਤੇ ਫਿਲਮ ਨਿਰਮਾਤਾ ਰਾਜ ਖੋਸਲਾ ਦੀ 100ਵੀਂ ਜੈਯੰਤੀ ਦੇ ਮੌਕੇ ਉਨ੍ਹਾਂ ਦੀਆਂ ਫਿਲਮਾਂ ਦੀ ਮੁੰਬਈ ’ਚ ਪ੍ਰਦਰਸ਼ਨੀ ਲਾਉਣ ਦਾ ਐਲਾਨ ਕੀਤਾ। ਰਾਜ ਨੇ ਸਾਲ 1955 ਤੋਂ ਫਿਲਮ ‘ਮਿਲਾਪ’ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਸਾਲ 1989 ਵਿੱਚ ਆਈ ‘ਨਕਾਬ’ ਉਨ੍ਹਾਂ ਦੀ ਆਖ਼ਰੀ ਫਿਲਮ ਸੀ। ਰਾਜ ਖੋਸਲਾ ਨੇ ਕਈ ਕਾਮਯਾਬ ਫਿਲਮਾਂ ਜਿਵੇਂ ‘ਵੋ ਕੌਨ ਥੀ’, ‘ਮੇਰਾ ਸਾਇਆ’ ਅਤੇ ‘ਅਨੀਤਾ’ ਬਣਾਈਆਂ। ਰਾਜ ਨੇ ਦੇਵ ਆਨੰਦ ਨਾਲ ‘ਕਾਲਾ ਪਾਣੀ’ ਅਤੇ ‘ਸੋਲ੍ਹਵਾਂ ਸਾਲ’ ਫਿਲਮਾਂ ਵਿੱਚ ਕੰਮ ਕੀਤਾ ਅਤੇ ਗੁਰੂ ਦੱਤ ਦੀ ਅਗਵਾਈ ’ਚ ਫਿਲਮ ਬਣਾਈ। ਰਾਜ ਨੇ ਆਪਣੀ ਦੂਜੀ ਫਿਲਮ ‘ਸੀਆਈਡੀ’ ਨਾਲ ਹੀ ਖ਼ੁਦ ਨੂੰ ਨਿਰਦੇਸ਼ਕ ਵਜੋਂ ਸਾਬਤ ਕਰ ਦਿੱਤਾ ਸੀ। -ਪੀਟੀਆਈ