ਗਾਇਕੀ ਦੀ ਸਿਆਲਕੋਟ ਸ਼ੈਲੀ ਦਾ ਵਾਰਸ ਸੁਰਜੀਤ ਸਫ਼ਰੀ
ਹਰਦਿਆਲ ਸਿੰਘ ਥੂਹੀ
ਤੂੰਬੇ ਜੋੜੀ ਦੀ ਗਾਇਕੀ ਦੀ ਸਿਆਲਕੋਟ ਸ਼ੈਲੀ ਜਿਸ ਦੇ ਪ੍ਰਤੀਨਿਧ ਨਵਾਬ ਘੁਮਾਰ ਅਤੇ ਆਲਮ ਲੁਹਾਰ ਰਹੇ ਹਨ, ਨੂੰ ਅੱਗੇ ਤੋਰਨ ਵਾਲੇ ਉਨ੍ਹਾਂ ਦੇ ਅਣਗਿਣਤ ਅਨੁਯਾਈ ਹੋਏ ਹਨ। ਇਹ ਸਾਰੇ ਦੇਸ਼ ਵੰਡ ਵੇਲੇ ਓਧਰੋਂ (ਲਹਿੰਦੇ ਪੰਜਾਬ ਤੋਂ) ਏਧਰ ਆਏ ਸਨ। ਅੱਗੇ ਉਨ੍ਹਾਂ ਦੀ ਵਿਰਾਸਤ ਨੂੰ ਉਨ੍ਹਾਂ ਦੇ ਬਹੁਤ ਸਾਰੇ ਵਾਰਸ ਸੰਭਾਲ ਕੇ ਅੱਗੇ ਤੋਰ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਸੁਰਜੀਤ ਸਫ਼ਰੀ ਸਮਾਣੇ ਵਾਲਾ।
ਸੁਰਜੀਤ ਕੁਮਾਰ ਦਾ ਜਨਮ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਵਿਖੇ ਬਾਜ਼ੀਗਰ ਬਰਾਦਰੀ ਵਿੱਚ ਪਿਤਾ ਚਾਨਣ ਰਾਮ ਘਨੋਤ ਤੇ ਮਾਤਾ ਛਾਣੀ ਦੇਵੀ ਦੇ ਘਰ 1960-61 ਦੇ ਦਰਮਿਆਨ ਹੋਇਆ। ਉਹ ਦੱਸਦਾ ਹੈ ਕਿ ਉਸ ਦੀ ਉਮਰ 64 ਸਾਲ ਦੀ ਹੈ। ਮਾਪਿਆਂ ਦੀਆਂ ਅੱਠ ਔਲਾਦਾਂ, ਚਾਰ ਪੁੱਤਰਾਂ ਅਤੇ ਚਾਰ ਧੀਆਂ ਵਿੱਚੋਂ ਸੁਰਜੀਤ ਦਾ ਸੱਤਵਾਂ ਨੰਬਰ ਸੀ। ਮਾਪਿਆਂ ਨੇ ਉਸ ਨੂੰ ਸਮਾਣਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ। ਉਹ ਪੜ੍ਹਨ ਨੂੰ ਹੁਸ਼ਿਆਰ ਵੀ ਸੀ, ਪ੍ਰੰਤੂ ਘਰੇਲੂ ਤੰਗੀਆਂ ਤੁਰਸ਼ੀਆਂ ਕਾਰਨ ਬਹੁਤਾ ਨਹੀਂ ਪੜ੍ਹ ਸਕਿਆ। ਉਹ ਛੇਵੀਂ ਜਮਾਤ ਵਿੱਚੋਂ ਹੀ ਸਕੂਲ ਛੱਡ ਗਿਆ। ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਉਸ ਦੇ ਮਾਮੇ ਦਾ ਪੁੱਤਰ ਸੁਦਾਗਰ ਰਾਮ ਪਿੰਡ ਜੈਨਪੁਰ (ਕੁਰੂਕਸ਼ੇਤਰ) ਕਿੰਗ ਜੋੜੀ ਨਾਲ ਗਾਉਂਦਾ ਸੀ, ਜੋ ਸਮਾਣੇ ਕਿਸੇ ਨਾ ਕਿਸੇ ਪ੍ਰੋਗਰਾਮ ’ਤੇ ਆਉਂਦਾ ਰਹਿੰਦਾ ਸੀ। ਉਸ ਨੂੰ ਦੇਖ ਸੁਣ ਕੇ ਸੁਰਜੀਤ ਨੂੰ ਵੀ ਇਸ ਗਾਇਕੀ ਦੀ ਚੇਟਕ ਲੱਗ ਗਈ।
ਇਸ ਤੋਂ ਇਲਾਵਾ ਕੁਲਦੀਪ ਮਾਣਕ ਦੀਆਂ ਕਲੀਆਂ ਸਪੀਕਰਾਂ ਤੋਂ ਸੁਣ ਸੁਣ ਕੇ ਉਸ ਨੇ ਯਾਦ ਕਰ ਲਈਆਂ। ਇਨ੍ਹਾਂ ਨੂੰ ਉਹ ਆਪ ਮੁਹਾਰੇ ਗਾਉਂਦਾ ਰਹਿੰਦਾ। ਕੁਦਰਤੀ ਉਸ ਦੀ ਆਵਾਜ਼ ਉੱਚੀ ਅਤੇ ਸੁਰੀਲੀ ਸੀ। ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਹ ਸੁਦਾਗਰ ਰਾਮ ਦਾ ਸ਼ਾਗਿਰਦ ਹੋ ਗਿਆ। ਛੇ-ਸੱਤ ਸਾਲ ਉਸਤਾਦ ਦੇ ਕੋਲ ਰਹਿ ਕੇ ਉਸ ਨੇ ਇਸ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ। ਬਹੁਤ ਸਾਰੀਆਂ ਲੜੀਬੱਧ ਰਚਨਾਵਾਂ (ਲੋਕ ਗਾਥਾਵਾਂ) ਕੰਠ ਕੀਤੀਆਂ। ਆਪਣੇ ਨਾਂ ਨਾਲ ਤਖੱਲਸ ‘ਸਫ਼ਰੀ’ ਜੋੜ ਕੇ ਉਹ ਸੁਰਜੀਤ ਸਫ਼ਰੀ ਬਣ ਗਿਆ। ਮੈਂ ਉਸ ਨੂੰ ਪੰਜਾਬੀ ਯੂਨੀਵਰਸਿਟੀ (1999-2000) ਵਿੱਚ ਲੱਗੇ ਲੋਕ ਸੰਗੀਤ ਮੇਲਿਆਂ ਵਿੱਚ ਬਾਬਾ ਸੁਦਾਗਰ ਰਾਮ ਦੇ ਨਾਲ ਹੀ ਸੁਣਿਆ ਸੀ। ਉਸ ਦੀ ਬੁਲੰਦ ਤੇ ਸੁਰੀਲੀ ਆਵਾਜ਼ ਨੇ ਸਰੋਤਿਆਂ ਨੂੰ ਕੀਲ ਲਿਆ ਸੀ।
ਇਸ ਗਾਇਕੀ ਦੇ ਦੂਸਰੇ ਗਾਇਕਾਂ ਵਾਂਗ ਹੀ ਸੁਰਜੀਤ ਵੀ ਮਿਰਜ਼ਾ, ਹੀਰ, ਸੱਸੀ, ਢੋਲ ਸੰਮੀ, ਪੂਰਨ ਭਗਤ, ਦਹੂਦ ਬਾਦਸ਼ਾਹ, ਜੈਮਲ ਫੱਤਾ, ਵੀਰ ਜੋਧ, ਪੀਰ ਮੁਰਾਦੀਆ ਆਦਿ ਲੋਕ ਗਾਥਾਵਾਂ ਗਾਉਂਦਾ ਹੈ। ਇਨ੍ਹਾਂ ਤੋਂ ਇਲਾਵਾ ਉਹ ਵਿਕੋਲਿਤਰੀਆਂ ਇਕਹਿਰੀਆਂ ਰਚਨਾਵਾਂ ਵੀ ਗਾਉਂਦਾ ਹੈ। ਸੁਰਜੀਤ ਸਫ਼ਰੀ ਦੇ ਗਰੁੱਪ ਵਿੱਚ ਪਹਿਲਾਂ ਪਹਿਲ ਦਲੀਪ ਸਿੰਘ ਵਿਰਕ ਜੋੜੀ ਵਜਾਉਂਦਾ ਸੀ। ਸਮੇਂ ਸਮੇਂ ’ਤੇ ਸਾਜ਼ੀ ਬਦਲਦੇ ਰਹੇ। ਫਿਰ ਉਸ ਦਾ ਪੁੱਤਰ ਬੰਟੀ ਸਫ਼ਰੀ ਢੋਲਕ ’ਤੇ ਸਾਥ ਦੇਣ ਲੱਗ ਪਿਆ। ਬੰਟੀ ਕਿੰਗ ਵੀ ਵਜਾ ਲੈਂਦਾ ਹੈ ਅਤੇ ਗਾ ਵੀ ਲੈਂਦਾ ਹੈ। ਹੁਣ ਉਸ ਨੇ ਬੈਂਜੋ ਅਤੇ ਢੋਲ ਵੀ ਸ਼ਾਮਲ ਕਰ ਲਏ ਹਨ। ਬੈਂਜੋ ਕਾਦਰਾਬਾਦ ਪਿੰਡ ਵਾਲਾ ਰਾਜਿੰਦਰ ਨੂਰ ਵਜਾਉਂਦਾ ਹੈ ਅਤੇ ਢੋਲ ਨਕਟੇ ਪਿੰਡ ਵਾਲਾ ਕਾਕਾ ਬਾਜ਼ੀਗਰ ਵਜਾਉਂਦਾ ਹੈ। ਰਾਜਿੰਦਰ ਨੂਰ ਅੱਜਕੱਲ੍ਹ ਨਾਭੇ ਰਹਿ ਰਿਹਾ ਹੈ।
ਸੁਰਜੀਤ ਸਫ਼ਰੀ ਸ਼ੁਰੂ ਵਿੱਚ ਭਾਵੇਂ ਲੋਕ ਮੇਲਿਆਂ ਅਤੇ ਸੱਭਿਆਚਾਰਕ ਮੇਲਿਆਂ ਦੇ ਅਖਾੜਿਆਂ ਵਿੱਚ ਆਮ ਗਾਉਂਦਾ ਸੀ, ਪ੍ਰੰਤੂ ਅੱਜਕੱਲ੍ਹ ਹਾਲਾਤ ਬਦਲ ਗਏ ਹਨ। ਹੁਣ ਜ਼ਿਆਦਾਤਰ ਉਸ ਨੂੰ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ਜਾਂ ਸਥਾਨਾਂ ’ਤੇ ਲੱਗਦੇ ਮੇਲਿਆਂ ਵਿੱਚ ਹੀ ਬੁਲਾਇਆ ਜਾਂਦਾ ਹੈ। ਇਨ੍ਹਾਂ ਵਿੱਚ ਬਾਬੂ ਬੇਪਰਵਾਹ ਦੀ ਦਰਗਾਹ ਖੰਨਾ, ਬਾਬੂ ਬੇਪਰਵਾਹ ਦੀ ਦਰਗਾਹ ਪਿੰਡ ਕਲਿਆਣ (ਪਟਿਆਲਾ), ਪਿੰਡ ਚਣੋ ਪੀਰ ਲੱਖ ਦਾਤਾ ਦੀ ਦਰਗਾਹ, ਪਿੰਡ ਫੱਗਣ ਮਾਜਰਾ ਬਾਬਾ ਪੰਜੀ ਵਾਲੀ ਸਰਕਾਰ ਦਾ ਦਰਬਾਰ, ਪਿੰਡ ਮੂਲੇਪੁਰ ਮੇਲਾ ਸਈਅਦ ਪੀਰ ਬਾਬਾ ਬੁਰਜ ਵਾਲਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਥਾਨ ਹਨ।
ਸਫ਼ਰੀ ਆਲ ਇੰਡੀਆ ਰੇਡੀਓ ਜਲੰਧਰ ਕੇਂਦਰ ਦਾ ਬੀ ਗਰੇਡ ਵਿੱਚ ਰਜਿਸਟਰਡ ਕਲਾਕਾਰ ਹੈ। ਉੱਥੇ ਉਹ ਤਿੰਨ ਚਾਰ ਵਾਰ ਗਾ ਆਇਆ ਹੈ। ਇਸੇ ਤਰ੍ਹਾਂ ਰੇਡੀਓ ਦੇ ਪਟਿਆਲਾ ਕੇਂਦਰ ਤੋਂ ਵੀ ਪੇਸ਼ਕਾਰੀ ਦੇ ਚੁੱਕਾ ਹੈ, ਪ੍ਰੰਤੂ ਹੁਣ ਰੇਡੀਓ ਵਾਲੇ ਵੀ ਕੋਈ ਪ੍ਰੋਗਰਾਮ ਨਹੀਂ ਦੇ ਰਹੇ। ਯੂ-ਟਿਊਬ ਚੈਨਲਾਂ ’ਤੇ ਉਸ ਦੀ ਬਹੁਤ ਸਾਰੀ ਰਿਕਾਰਡਿੰਗ ਉਪਲੱਬਧ ਹੈ। ‘ਬੁੱਲਾ ਨੱਚ ਨੱਚ ਯਾਰ ਮਨਾਵੇ’, ‘ਕੁੱਲੀ ਵਿੱਚੋਂ ਯਾਰ ਲੱਭ ਲੈ’, ‘ਰੰਗਲੀ ਚਰਖੀ’, ‘ਡੇਰੇ ਵਾਲਿਆਂ ਫਕੀਰਾ’, ‘ਪੰਛੀ ਉੱਡ ਗਏ ਘਰਾਂ ਨੂੰ ਮੇਰਾ ਪੀਰ ਨ੍ਹੀਂ ਆਇਆ’ ਅਤੇ ‘ਨਗਾਹੇ ਵਾਲੇ ਪੀਰਾ ਸਾਡੀ ਝੋਲੀ ਭਰ ਜਾ’ ਆਦਿ ਰਚਨਾਵਾਂ ਸੁਣੀਆਂ ਜਾ ਸਕਦੀਆਂ ਹਨ। ਸਫ਼ਰੀ ਨੇ ਕੁੱਝ ਰਚਨਾਵਾਂ ਆਪ ਵੀ ਲਿਖੀਆਂ ਹਨ ਅਤੇ ਹੋਰਾਂ ਗੀਤਕਾਰਾਂ ਦੀਆਂ ਲਿਖੀਆਂ ਰਚਨਾਵਾਂ ਵੀ ਗਾਈਆਂ ਹਨ।
ਵੀਰ ਅਤੇ ਜੋਧ ਦੀ ਵਾਰ (ਗਾਥਾ) ਵਿੱਚੋਂ ਕੁੱਝ ਸਤਰਾਂ ਨਮੂਨੇ ਵਜੋਂ ਪੇਸ਼ ਹਨ। ਜਦੋਂ ਵੀਰ ਜਵਾਨ ਨੂੰ ਨਸ਼ਾ ਪਿਲਾ ਕੇ ਧੋਖੇ ਨਾਲ ਕੈਦ ਕਰਕੇ ਬੰਨ੍ਹ ਕੇ ਲਿਜਾਇਆ ਜਾ ਰਿਹਾ ਹੁੰਦਾ ਹੈ ਤਾਂ ਉਹ ਆਪਣੇ ਭਰਾ ਜੋਧ ਨੂੰ ਕਿਵੇਂ ਯਾਦ ਕਰਦਾ ਹੈ:
ਰੋਂਦਾ ਵੀਰ ਜਵਾਨ ਆ, ਉੱਚੀ ਨਾਹਰਾ ਵਾਹਿਆ।
ਕੁੱਝ ਨਹੀਂ ਰਿਹਾ ਸ਼ਰੀਕ ਦਾ, ਜੀਹਨੇ ਜ਼ੁਲਮ ਕਮਾਇਆ।
ਘਰ ਵਿੱਚ ਵੈਰੀ ਸੱਦ ਕੇ, ਉਹਦੇ ਹੱਥ ਫੜਾਇਆ।
ਢੋਕਾਂ ਵਾਂਗਰ ਬੰਨ੍ਹ ਕੇ, ਅੱਗੇ ਵੈਰੀਆਂ ਲਾਇਆ।
ਪਿੰਡ ਪਿਆ ਮੈਨੂੰ ਦਿਸਦੈ, ਹੋਰ ਮੁਲਖ ਪਰਾਇਆ।
ਨੇੜੇ ਹੈ ਤਾਂ ਬਹੁੜ ਜਾ, ਮੇਰੀ ਅੰਮਾਂ ਦਿਆ ਜਾਇਆ।
ਪੁੱਤਰ ਸੀ ਮੈਂ ਸ਼ੇਰ ਦਾ, ਪਿੰਜਰੇ ਲੋਹੇ ਦੇ ਪਾਇਆ।
ਬੇ ਹਥਿਆਰਾ ਬੱਝ ਗਿਆ, ਨਹੀਂ ਹੱਥ ਵਿਖਾਇਆ।
ਮੇਰਾ ਲੇਖ ਮੱਥੇ ਦਾ ਹਰ ਗਿਆ, ਦਾਰੂ ਭਟਕਾਇਆ।
ਇਸ ਤਰ੍ਹਾਂ ਗਾਥਾ ਅੱਗੇ ਚੱਲਦੀ ਜਾਂਦੀ ਹੈ। ਚੌਦਾਂ ਕੁ ਸਾਲ ਦੀ ਉਮਰ ਵਿੱਚ ਸੁਰਜੀਤ ਦਾ ਵਿਆਹ ਹੋ ਗਿਆ ਸੀ, ਪਰ ਮੁਕਲਾਵਾ ਦੋ ਸਾਲ ਬਾਅਦ ਆਇਆ। ਉਸ ਦੀ ਜੀਵਨ ਸਾਥਣ ਬਣੀ ਬਲਾਚੌਰ ਨੇੜਲੇ ਪਿੰਡ ਹੇਡੋਂ ਬੇਟ ਦੇ ਚੂੰਨੀ ਲਾਲ ਦੀ ਪੁੱਤਰੀ ਗੁਰਬਚਨ ਕੌਰ। ਇਨ੍ਹਾਂ ਦੇ ਘਰ ਤਿੰਨ ਪੁੱਤਰੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਬੰਟੀ ਕੇਵਲ ਅੱਠ ਕੁ ਜਮਾਤਾਂ ਤੱਕ ਹੀ ਪੜ੍ਹਾਈ ਕਰ ਸਕਿਆ। ਬਚਪਨ ਤੋਂ ਹੀ ਬੰਟੀ ਦਾ ਸੰਗੀਤ ਨਾਲ ਲਗਾਓ ਸੀ। ਛੋਟੀ ਉਮਰ ਵਿੱਚ ਹੀ ਉਹ ਢੋਲਕ ਵਜਾਉਣ ਲੱਗ ਪਿਆ ਸੀ। ਬਾਅਦ ਵਿੱਚ ਕਿੰਗ ਵਜਾਉਣੀ ਵੀ ਸਿੱਖ ਗਿਆ। ਉਸ ਦੀ ਆਵਾਜ਼ ਵੀ ਬੁਲੰਦ ਅਤੇ ਸੁਰੀਲੀ ਹੈ। ਉਹ ਵੀ ਆਪਣੇ ਪਿਉ ਵਾਂਗ ਵਧੀਆ ਗਾਉਂਦਾ ਹੈ।
ਸੰਪਰਕ : 84271-00341