ਗਾਇਕਾ ਦੁਆ ਲਿਪਾ ਖ਼ਿਲਾਫ਼ ਟਿੱਪਣੀ ਦਾ ਬਾਦਸ਼ਾਹ ਨੂੰ ਦੇਣਾ ਪਿਆ ਜਵਾਬ
ਨਵੀਂ ਦਿੱਲੀ: ਰੈਪਰ ਬਾਦਸ਼ਾਹ ਨੇ ਉੱਘੀ ਪੌਪ ਗਾਇਕਾ ਦੁਆ ਲਿਪਾ ਖ਼ਿਲਾਫ਼ ਕੀਤੀ ਟਿੱਪਣੀ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਉਸ ਦੀ ‘ਖੂਬਸੂਰਤ ਤਾਰੀਫ਼’ ਸੀ ਜੋ ਇੱਕ ਔਰਤ ਦੀ ਕੀਤੀ ਜਾ ਸਕਦੀ ਹੈ। ‘ਮਰਸੀ’, ‘ਅੱਕੜ ਬੱਕੜ’, ‘ਗਰਮੀ’ ਅਤੇ ‘ਸਨਕ’ ਵਰਗੇ ਗੀਤਾਂ ਨਾਲ ਆਪਣੀ ਪਛਾਣ ਬਣਾਉਣ ਵਾਲੇ ਬਾਦਸ਼ਾਹ ਵੱਲੋਂ ਇੱਕ ਪ੍ਰਸ਼ੰਸਕ ਨੂੰ ਦਿੱਤੇ ਜਵਾਬ ’ਤੇ ਆਨਲਾਈਨ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ। ਅੱਜ, ਗਾਇਕ ਨੇ ਆਪਣੇ ਐਕਸ ਹੈਂਡਲ ’ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਆਖਿਆ, ‘ਦੁਆ ਲਿਪਾ... ਇਹ ਦਿਲ ਦੀਆਂ ਭਾਵਨਾਵਾਂ ਸਨ।’ ਇਸ ਤੋਂ ਬਾਅਦ, ਇੱਕ ਪ੍ਰਸ਼ੰਸਕ ਨੇ ਬਾਦਸ਼ਾਹ ਨੂੰ ਪੁੱਛਿਆ ਕਿ ਕੀ ਤੁਸੀਂ ਉਸ ਨਾਲ ਕੋਈ ਗੀਤ ਬਣਾ ਰਹੇ ਹੋ। ਇਸ ਦੇ ਜਵਾਬ ਵਿੱਚ ਬਾਦਸ਼ਾਹ ਨੇ ਆਖਿਆ ਕਿ ਉਹ, ਉਸ ਨਾਲ ਬੱਚੇ ਪੈਦਾ ਕਰਨਾ ਪਸੰਦ ਕਰੇਗਾ, ਭਰਾ। ਇਹ ਜਵਾਬ ਸੋਸ਼ਲ ਮੀਡੀਆ ’ਤੇ ਤੁਰੰਤ ਵਾਇਰਲ ਹੋ ਗਿਆ। ਇਸ ਟਿੱਪਣੀ ’ਤੇ ਲੋਕਾਂ ਦਾ ਮਿਲਿਆ ਜੁਲਿਆ ਹੁੰਗਾਰਾ ਰਿਹਾ। ਇਸ ਦੌਰਾਨ ਕਈਆਂ ਨੇ ਬਾਦਸ਼ਾਹ ਦੀ ਨਿੰਦਾ ਵੀ ਕੀਤੀ। ਬਾਅਦ ਵਿੱਚ, ਬਾਦਸ਼ਾਹ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਸ ਨੇ ਆਪਣੀ ਪੋਸਟ ਬਾਰੇ ਸਪੱਸ਼ਟ ਕੀਤਾ। ਉਸ ਨੇ ਆਖਿਆ ਕਿ ਉਸ ਨੂੰ ਜਾਪਦਾ ਹੈ ਕਿ ਕਿਸੇ ਅਜਿਹੀ ਔਰਤ ਨੂੰ, ਜਿਸ ਦੀ ਤੁਸੀਂ ਬਹੁਤ ਪ੍ਰਸ਼ੰਸਾ ਕਰਦੇ ਹੋ, ਇਹ ਕਹਿਣਾ ਉਹ ਤੁਹਾਡੇ ਬੱਚਿਆਂ ਦੀ ਮਾਂ ਬਣੇ, ਸਭ ਤੋਂ ਖ਼ੂਬਸੂਰਤ ਤਾਰੀਫ਼ ਹੈ। ਜ਼ਿਕਰਯੋਗ ਹੈ ਕਿ ਲਿਪਾ ਇੱਕ ਅਲਬਾਨੀਅਨ ਗਾਇਕਾ ਹੈ ਅਤੇ ‘ਲੇਵੀਟੇਟਿੰਗ’, ‘ਹੌਦਿਨੀ’ ਅਤੇ ‘ਟ੍ਰੇਨਿੰਗ ਸੀਜ਼ਨ’ ਵਰਗੇ ਗੀਤਾਂ ਕਰ ਕੇ ਉਸ ਨੇ ਵੱਖਰੀ ਪਛਾਣ ਬਣਾਈ ਹੈ। ਉਸ ਨੇ ਪਿਛਲੇ ਸਾਲ ਨਵੰਬਰ ਵਿੱਚ ਮੁੰਬਈ ਵਿੱਚ ਸ਼ੋਅ ਕੀਤਾ ਸੀ। -ਪੀਟੀਆਈ