ਗ਼ੈਰ-ਕਾਨੂੰਨੀ ਪਰਵਾਸ ਦੇ ਪਹਿਲੂ
ਅਮਰੀਕਾ ਤੋਂ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਜਹਾਜ਼ ਭਰ-ਭਰ ਕੇ ਭਾਰਤ ਆ ਰਹੇ ਹਨ। ਇਸ ਵਕਤ ਇਸ ਤੱਥ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਨ੍ਹਾਂ ਵਿੱਚੋਂ ਕਿੰਨੇ ਲੋਕ ਕਿਹੜੇ ਸੂਬੇ ਨਾਲ ਸਬੰਧ ਰੱਖਦੇ ਹਨ। ਇਹ ਸਾਰੇ ਭਾਰਤੀ ਹਨ ਅਤੇ ਇਨ੍ਹਾਂ ਦਾ ਡਿਪੋਰਟ ਹੋਣਾ ਪੂਰੇ ਮੁਲਕ ਲਈ ਸ਼ਰਮਿੰਦਗੀ ਦਾ ਸਬੱਬ ਹੈ, ਨਾ ਕਿ ਸਿਰਫ਼ ਉਨ੍ਹਾਂ ਦੇ ਸਬੰਧਿਤ ਸੂਬਿਆਂ ਲਈ। ਇਸ ਦੁਖਦ ਘੜੀ ’ਤੇ ਹੋ ਰਹੀ ਸਿਆਸਤ ਮਹਿਜ਼ ਧਿਆਨ ਭਟਕਾਉਣ ਦੀ ਹੀ ਨੀਤੀ ਹੈ। ਪਹਿਲਾਂ ਰਹੀਆਂ ਕੇਂਦਰ ਅਤੇ ਰਾਜ ਸਰਕਾਰਾਂ ਇਨ੍ਹਾਂ ਨਾਗਰਿਕਾਂ ਪ੍ਰਤੀ ਆਪਣੇ ਫ਼ਰਜ਼ ਅਦਾ ਕਰਨ ’ਚ ਇੰਨੀ ਬੁਰੀ ਤਰ੍ਹਾਂ ਨਾਕਾਮ ਹੋਈਆਂ ਹਨ ਕਿ ਇਨ੍ਹਾਂ ਲੋਕਾਂ ਨੂੰ ਅਮਰੀਕਾ ਪਹੁੰਚਣ ਲਈ ਆਪਣੀਆਂ ਜ਼ਿੰਦਗੀਆਂ ਦਾਅ ਉੱਤੇ ਲਾਉਣੀਆਂ ਪਈਆਂ ਹਨ। ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਵਿੱਚ ਕਿਹਾ ਸੀ ਕਿ ਭਾਰਤ ਆਪਣੇ ਹਰੇਕ ਉਸ ਨਾਗਰਿਕ ਨੂੰ ਵਾਪਸ ਲਏਗਾ ਜਿਸ ਬਾਰੇ ਪੁਸ਼ਟੀ ਹੋ ਚੁੱਕੀ ਹੈ। ਨਵੀਂ ਦਿੱਲੀ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਮਜ਼ੋਰ ਵਰਗ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਮਨੁੱਖੀ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਸਿਰਫ਼ ਭਾਰਤੀਆਂ ਦੀ ਵਾਪਸੀ ਤੋਂ ਅੱਗੇ ਵਧਦਿਆਂ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਉਨ੍ਹਾਂ ਜ਼ੋਰਦਾਰ ਢੰਗ ਨਾਲ ਸਾਂਝੀ ਲੜਾਈ ਲੜਨ ਦਾ ਸੱਦਾ ਵੀ ਦਿੱਤਾ ਸੀ। ਇਸ ਤਰ੍ਹਾਂ ਦਾ ਸਹਿਯੋਗ ਸਿਰਫ਼ ਭਾਰਤ ਅਤੇ ਅਮਰੀਕਾ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਇਸ ਵਿੱਚ ਸਿਵਲ ਸੁਸਾਇਟੀ ਅਤੇ ਲੋਕਾਂ ਦੀ ਵਿਆਪਕ ਸ਼ਮੂਲੀਅਤ ਤੋਂ ਇਲਾਵਾ ਕੇਂਦਰ ਅਤੇ ਰਾਜ ਸਰਕਾਰਾਂ ਵੀ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਸਭ ਦੇ ਹਿੱਤ ਇਸ ਨਾਲ ਜੁੜੇ ਹੋਏ ਹਨ।
ਪੰਜਾਬ ਵਿੱਚ ਇਹ ਮਾਮਲਾ ਦੋਹਰੇ ਮਾਪਦੰਡ ਅਪਣਾਉਣ ਵਰਗਾ ਹੈ। ਪਿਛਲੇ 15 ਸਾਲਾਂ ਵਿੱਚ ਰਾਜ ’ਤੇ ਵਾਰੀ-ਵਾਰੀ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਰਾਜ ਕੀਤਾ ਹੈ। ਇੱਕ-ਦੂਜੇ ਉੱਤੇ ਦੋਸ਼ ਮੜ੍ਹਨ ਨਾਲ ਚਿਰਾਂ ਤੋਂ ਲਟਕਦੀ ਸਮੱਸਿਆ ਹੱਲ ਨਹੀਂ ਹੋਣ ਵਾਲੀ, ਰਾਜ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਕੀਕਤ ਨੂੰ ਸਲਝਣਾ ਪਵੇਗਾ ਅਤੇ ਇਸ ਦਾ ਇਕਜੁੱਟ ਹੋ ਕੇ ਸਾਹਮਣਾ ਕਰਨਾ ਪਵੇਗਾ। ਇਸ ਮਸਲੇ ਨੂੰ ਧਿਆਨ ’ਚ ਰੱਖ ਕੇ ਨੀਤੀਆਂ ਉਲੀਕਣੀਆਂ ਚਾਹੀਦੀਆਂ ਹਨ।
ਮੰਦਭਾਗਾ ਹੈ ਕਿ ਭਾਰਤ ਵੱਲੋਂ ਅਮਰੀਕੀ ਸਰਕਾਰ ਕੋਲ ਡਿਪੋਰਟੀਆਂ ਨੂੰ ਬੇੜੀਆਂ-ਹੱਥਕੜੀਆਂ ਲਾਉਣ ਦਾ ਮੁੱਦਾ ਚੁੱਕਣ ਦੇ ਬਾਵਜੂਦ ਮੁੜ ਅਜਿਹਾ ਕੀਤਾ ਗਿਆ ਹੈ। ਇਹ ਵੀ ਤੱਥ ਕਿ ਇਨ੍ਹਾਂ ਨੂੰ ਲਿਆ ਰਹੀਆਂ ਸਾਰੀਆਂ ਉਡਾਣਾਂ ਅੰਮ੍ਰਿਤਸਰ ਉਤਰ ਰਹੀਆਂ ਹਨ। ਇਹ ਚਿੰਤਾ ਦਾ ਇੱਕ ਹੋਰ ਵਿਸ਼ਾ ਹੈ। ਉਂਝ, ਇਨ੍ਹਾਂ ਮਾਮਲਿਆਂ ਨੂੰ ਵੱਡੀ ਸਮੱਸਿਆ ਉੱਤੇ ਪਰਦਾ ਪਾਉਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਹੁਣ ਇੱਥੋਂ ਅੱਗੇ ਸਰਕਾਰ ਲਈ ਇਹ ਵੱਡੀ ਚੁਣੌਤੀ ਹੋਵੇਗੀ, ਮੁੜਨ ਵਾਲਿਆਂ ਨੂੰ ਦੁਬਾਰਾ ਇੱਕ ਹੋਰ ਗ਼ਲਤ ਰਾਹ ’ਤੇ ਪੈਣ ਦੀ ਬਜਾਇ ਇੱਥੇ ਹੀ ਰੁਕਣ ਲਈ ਮਨਾਉਣਾ ਅਤੇ ਬਾਕੀ ਹੋਰਾਂ ਨੂੰ ਵੀ ਆਪਣਾ ਅਮਰੀਕੀ ਸੁਫਨਾ ਸਾਕਾਰ ਕਰਨ ਲਈ ਖ਼ਤਰਨਾਕ ਰਸਤੇ ਚੁਣਨ ਤੋਂ ਰੋਕਣਾ।