ਗ਼ਲਤ ਨਕਸ਼ੇ ਪਾਸ ਕਰਨ ਦੇ ਦੋਸ਼ ਹੇਠ ਦੋ ਕਾਰਜਸਾਧਕ ਅਫ਼ਸਰ ਮੁਅੱਤਲ

ਹਰਜੀਤ ਸਿੰਘ
ਜ਼ੀਰਕਪੁਰ, 28 ਜਨਵਰੀ
ਸਥਾਨਕ ਸਰਕਾਰਾਂ ਵਿਭਾਗ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਜ਼ੀਰਕਪੁਰ ਨਗਰ ਕੌਂਸਲ ਦੇ ਮੌਜੂਦਾ ਕਾਰਜਸਾਧਕ ਅਫ਼ਸਰ ਸੁਖਜਿੰਦਰ ਸਿੰਘ ਸਿੱਧੂ ਅਤੇ ਸਾਬਕਾ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੂੰ ਮੁਅੱਤਲ ਕਰ ਦਿੱਤਾ ਹੈ। ਗਿਰੀਸ਼ ਵਰਮਾ ਇਸ ਵੇਲੇ ਨਗਰ ਪੰਚਾਇਤ ਸੰਗਤ ਵਿੱਚ ਬਤੌਰ ਕਾਰਜ ਸਾਧਕ ਅਫ਼ਸਰ ਤਾਇਨਾਤ ਹਨ। ਇਸ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਚਾਰ ਹੋਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਚਾਰੇ ਅਧਿਕਾਰੀ ਨਗਰ ਕੌਂਸਲ ਜ਼ੀਰਕਪੁਰ ਵਿੱਚ ਹੀ ਤਾਇਨਾਤ ਹਨ, ਜਿਨ੍ਹਾਂ ਦੇ ਨਾਵਾਂ ਦਾ ਵਿਭਾਗ ਵੱਲੋਂ ਹਾਲੇ ਖੁਲਾਸਾ ਨਹੀਂ ਕੀਤਾ ਗਿਆ ਹੈ। ਦੋਵੇਂ ਕਾਰਜਸਾਧਕ ਅਫ਼ਸਰਾਂ ’ਤੇ ਜ਼ੀਰਕਪੁਰ ਦੇ ਢਕੌਲੀ ਖੇਤਰ ਵਿੱਚ ਇਕ ਬਿਲਡਰ ਦੇ ਨਕਸ਼ੇ ਗਲਤ ਢੰਗ ਨਾਲ ਪਾਸ ਕਰਨ ਦੇ ਦੋਸ਼ ਹਨ।
ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੈ ਕੁਮਾਰ (ਆਈਏਐੱਸ) ਵੱਲੋਂ ਜਾਰੀ ਮੁਅੱਤਲੀ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਵੱਲੋਂ ਜ਼ੀਕਰਪੁਰ ਵਿਖੇ ਬਤੌਰ ਕਾਰਜਸਾਧਕ ਅਫ਼ਸਰ ਤਾਇਨਾਤੀ ਦੌਰਾਨ ਢਕੌਲੀ ਖੇਤਰ ਵਿੱਚ ਪੁਰਾਣੀ ਅੰਬਾਲਾ ਕਾਲਕਾ ਰੋਡ ’ਤੇ ਬਿਲਡਰ ਵੈਟਰਨ ਬਿਲਡਰਜ਼ ਐਂਡ ਪ੍ਰੋਮੋਟਰ ਦੇ ਪ੍ਰਾਜੈਕਟ ਨੂੰ ਪਾਸ ਕਰਦੇ ਹੋਏ ਨਿਯਮਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਬਿਲਡਰ ਵੱਲੋਂ ਨਿਰਮਾਣ ਵਿੱਚ ਭਾਰੀ ਊਣਤਾਈਆਂ ਸਾਹਮਣੇ ਆਈਆਂ ਹਨ ਅਤੇ ਤਤਕਾਲੀ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਵੱਲੋਂ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਵਰਤੀ ਗਈ। ਉਨ੍ਹਾਂ ਦੀ ਬਦਲੀ ਮਗਰੋਂ ਹੁਣ ਤਾਇਨਾਤ ਕਾਰਜਸਾਧਕ ਅਫ਼ਸਰ ਸੁਖਜਿੰਦਰ ਸਿੰਘ ਸਿੱਧੂ ਵੱਲੋਂ ਵੀ ਲਾਪ੍ਰਵਾਹੀ ਵਰਤੀ ਗਈ। ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਇਹ ਕਾਰਵਾਈ ਪੰਜਾਬ ਸਿਵਲ ਸੇਵਾਵਾਂ ਦੇ ਨਿਯਮ 8 ਅਧੀਨ ਅਮਲ ਵਿੱਚ ਲਿਆਂਦੀ ਗਈ ਹੈ ਤੇ ਇਸ ਸਬੰਧੀ ਚਾਰਜਸ਼ੀਟ ਬਾਅਦ ਵਿੱਚ ਜਾਰੀ ਕੀਤੀ ਜਾਏਗੀ। ਇਸ ਮਗਰੋਂ ਹੁਣ ਦੋਵੇਂ ਮੁਅੱਤਲ ਅਧਿਕਾਰੀ ਮੁੱਖ ਦਫ਼ਤਰ ਵਿੱਚ ਰਿਪੋਰਟ ਕਰਨਗੇ।
ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਭੁਪਿੰਦਰਪਾਲ ਸਿੰਘ ਨੇ ਦੋਵੇਂ ਕਾਰਜ ਸਾਧਕ ਅਫ਼ਸਰਾਂ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਦੋਵਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਇਲਾਵਾ ਚਾਰ ਹੋਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਨੋਟਿਸ ਜਾਰੀ ਹੋਣ ਵਾਲੇ ਅਧਿਕਾਰੀਆਂ ਦੇ ਨਾਵਾਂ ਦੇ ਖੁਲਾਸਾ ਜਾਂਚ ਪੂਰੀ ਹੋਣ ਮਗਰੋਂ ਕੀਤਾ ਜਾਏਗਾ। ਇਸ ਸਬੰਧੀ ਦੋਵੇਂ ਕਾਰਜਸਾਧਕ ਅਫ਼ਸਰਾਂ ਨੂੰ ਵਾਰ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ਗਿਆ।

ਗਿਰੀਸ਼ ਵਰਮਾ ਵੇਲੇ ਹੋਏ ਸਨ ਨਕਸ਼ੇ ਪਾਸ

ਸਥਾਨਕ ਸਰਕਾਰਾਂ ਵਿਭਾਗ ਦੇ ਸੂਤਰਾਂ ਅਨੁਸਾਰ ਤਤਕਾਲੀ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਸਮੇਂ ਢਕੌਲੀ ਵਿਚ ਉਕਤ ਬਿਲਡਰ ਵੱਲੋਂ ਆਪਣੇ ਪ੍ਰਾਜੈਕਟ ਵਿੱਚ ਗਰਾਊਂਡ ਪਲੱਸ ਤਿੰਨ ਮੰਜ਼ਿਲਾ ਇਮਾਰਤਾਂ ਦੇ ਨਕਸ਼ੇ ਪਾਸ ਕਰਵਾਏ ਗਏ ਸਨ ਪਰ ਉਸਾਰੀ ਵੇਲੇ ਨਿਯਮਾਂ ਵਿੱਚ ਭਾਰੀ ਖਾਮੀਆਂ ਹਨ ਪਰ ਮੌਜੂਦਾ ਕਾਰਜਸਾਧਕ ਅਫਸਰ ਵੱਲੋਂ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਵਰਤਦੇ ਹੋਏ ਜਾਂਚ ਕਰ ਕੇ ਕੰਮ ਬੰਦ ਨਹੀਂ ਕਰਵਾਇਆ ਗਿਆ, ਜਿਸ ਦੇ ਆਧਾਰ ’ਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ।