For the best experience, open
https://m.punjabitribuneonline.com
on your mobile browser.
Advertisement

ਗ਼ਜ਼ਲਗੋ ਕੇਸਰ ਸਿੰਘ ਨੀਰ ਦੀ ਸਾਹਿਤਕ ਦੇਣ ’ਤੇ ਚਰਚਾ

04:41 AM Apr 09, 2025 IST
ਗ਼ਜ਼ਲਗੋ ਕੇਸਰ ਸਿੰਘ ਨੀਰ ਦੀ ਸਾਹਿਤਕ ਦੇਣ ’ਤੇ ਚਰਚਾ
Advertisement

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਅਪਰੈਲ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਇਸ ਦੌਰਾਨ ਗ਼ਜ਼ਲਗੋ ਕੇਸਰ ਸਿੰਘ ਨੀਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਦੀ ਇਕੱਤਰਤਾ ਵਿੱਚ ਸਕੱਤਰ ਗੁਰਚਰਨ ਥਿੰਦ ਨੇ ਕੇਸਰ ਸਿੰਘ ਨੀਰ ਦੀਆਂ ਲਿਖਤਾਂ ਤੇ ਸੰਘਰਸ਼ਮਈ ਜੀਵਨ ਬਾਰੇ ਗੱਲ ਕਰਦਿਆਂ ਕਿਹਾ ਕਿ ਬਾਲ ਕਵੀ ਕੇਸਰ ਸਿੰਘ ‘ਪ੍ਰੀਤ’ ਨੇ ਅੱਠਵੀਂ ਵਿੱਚ ਪੜ੍ਹਦਿਆਂ ਧਾਰਮਿਕ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦਾ ਪੈਂਫਲਿਟ ‘ਪ੍ਰੀਤ ਪੁਕਾਰਾਂ’ 1950 ਵਿੱਚ ਉਨ੍ਹਾਂ ਦੇ ਹੈੱਡਮਾਸਟਰ ਸਾਹਿਬ ਵੱਲੋਂ ਛਪਵਾਇਆ ਗਿਆ ਪ੍ਰੰਤੂ ਇੱਕ ਕਵੀ ਤੇ ਗ਼ਜ਼ਲਗੋ ਦੀ 1960 ਵਿੱਚ ‘ਕਸਕਾਂ’ ਕਾਵਿ-ਸੰਗ੍ਰਹਿ ਨਾਲ ਕੇਸਰ ਸਿੰਘ ‘ਨੀਰ’ ਵਜੋਂ ਪਛਾਣ ਬਣੀ। ਉਨ੍ਹਾਂ ਦੇ 2006 ਤੱਕ ਤਿੰਨ ਗ਼ਜ਼ਲ ਸੰਗ੍ਰਹਿ, ਚਾਰ ਕਾਵਿ-ਸੰਗ੍ਰਹਿ ਅਤੇ ਪੰਜ ਬਾਲ-ਪਸੁਤਕਾਂ ਪਾਠਕਾਂ ਤੱਕ ਪੁੱਜਦੇ ਹੋ ਗਏ ਸਨ। ਸਭਾ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਇੱਕ ਮਿੰਟ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਅਤੇ ਡਾ. ਸੁਖਵਿੰਦਰ ਸਿੰਘ ਥਿੰਦ ਨੇ ਨੀਰ ਸਾਹਿਬ ਨਾਲ ਆਪਣੀ ਨੇੜਤਾ ਦੀ ਸਾਂਝ ਪਾਈ। ਜੋਗਾ ਸਿੰਘ ਸਿਹੋਤਾ ਨੇ ਨੀਰ ਸਾਹਿਬ ਦੀ ਕੋਵਿਡ ਵੇਲੇ ਦੀ ਲਿਖੀ ਗ਼ਜ਼ਲ ‘ਬੁਝਿਆ ਬੁਝਿਆ ਚਾਰ ਚੁਫ਼ੇਰਾ ਦਿੱਸਦੇ ਅੱਜ ਉਦਾਸੇ ਲੋਕ, ਚਿਹਰੇ ’ਤੇ ਫ਼ਿਕਰਾਂ ਦੀ ਰੇਖਾ ਦਿੱਸਦੇ ਅੱਜ ਉਦਾਸੇ ਲੋਕ’ ਸਾਜ਼ ਤੇ ਸੁਰ ਨਾਲ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

Advertisement


ਉਪਰੰਤ ਸਭਾ ਦੇ ਏਜੰਡੇ ਅਨੁਸਾਰ ਅਪਰੈਲ ਮਹੀਨੇ ਨੂੰ ਸਮਰਪਤ 13 ਅਪਰੈਲ ਨੂੰ ਵਿਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੀ ਸਥਾਪਨਾ ਅਤੇ 14 ਅਪਰੈਲ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਹਾੜੇ ’ਤੇ ਵਿਚਾਰ-ਵਟਾਂਦਰਾ ਤੇ ਗੱਲਬਾਤ ਸ਼ੁਰੂ ਹੋਈ। ਸਕੱਤਰ ਵੱਲੋਂ ਡਾ. ਅੰਬੇਡਕਰ ਦੀ ਜੀਵਨੀ ਅਤੇ ਖਾਲਸਾ ਪੰਥ ਦੀ ਸਥਾਪਨਾ ਤੇ ਖਾਲਸੇ ਦੇ ਨਿਆਰੇਪਣ ਦੀ ਸੰਖੇਪ ਜਾਣਕਾਰੀ ਸਾਂਝੀ ਕਰਨ ਉਪਰੰਤ ਬਲਵਿੰਦਰ ਬਰਾੜ ਨੇ ਕਿਹਾ ਕਿ 1789 ਵਿੱਚ ਹੋਏ ਫਰਾਂਸ ਦੇ ਇੰਡਸਟ੍ਰੀਅਲ ਇਨਕਲਾਬ ਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ, ਪਰ ਉਸ ਤੋਂ 90 ਸਾਲ ਪਹਿਲਾਂ ਖਾਲਸਾ ਪੰਥ ਦੀ ਸਾਜਨਾ ਹੋਈ ਅਤੇ ਸਾਰੇ ਵਰਣਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਮਾੜੀ ਧਿਰ ਨਾਲ ਖੜ੍ਹਨ ਲਈ ਪ੍ਰੇਰਿਤ ਕੀਤਾ ਗਿਆ, ਉਸ ਸੱਭਿਆਚਾਰਕ ਇਨਕਲਾਬ ਨੂੰ ਅਸੀਂ ਅੱਜ ਤੱਕ ਵੀ ਉਸ ਤਰ੍ਹਾਂ ਪ੍ਰਚਾਰ ਨਹੀਂ ਸਕੇ। ਬਾਬੇ ਨਾਨਕ ਦੀ 29000 ਕਿਲੋਮੀਟਰ ਲੰਮੀ ਯਾਤਰਾ ਕਿਸੇ ਗਿੰਨੀਜ਼ ਬੁੱਕ ਦਾ ਹਿੱਸਾ ਨਹੀਂ ਬਣੀ। ਜਿਹੜੇ ਮਨੁੱਖੀ ਹੱਕਾਂ ਦੀ ਗੱਲ ਅੱਜ ਦੀਆਂ ਸੰਸਥਾਵਾਂ ਕਰਦੀਆਂ ਹਨ, ਨੌਵੇਂ ਗੁਰੂ ਤੇਗ ਬਹਾਦਰ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਮਨੁੱਖੀ ਹੱਕਾਂ ਦੀ ਰਾਖੀ ਲਈ ਸੀਸ ਕਟਵਾ ਦਿੱਤਾ ਸੀ। ਗੁਰਦੀਸ਼ ਗਰੇਵਾਲ ਨੇ ਆਪਣੀ ਰਚਨਾ ‘ਖਾਲਸੇ ਦਾ ਰੁਤਬਾ ਬੜਾ ਮਹਾਨ ਹੈ, ਖਾਲਸੇ ਦੀ ਜੱਗ ’ਚ ਨਿਰਾਲੀ ਸ਼ਾਨ ਹੈ’ ਸੁਣਾਈ।
ਜੋਗਾ ਸਿੰਘ ਸਿਹੋਤਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਰੱਬੀ ਨੂਰ ਨੂੰ ਸੰਬੋਧਤ ‘ਉਹ ਹੈ ਮੇਰਾ ਮਾਹੀ ਜਿਹੜਾ ਮਾਹੀ ਹੈ ਜਹਾਨ ਦਾ, ਅੱਜ ਤੱਕ ਦੇਖਿਆ ਨਹੀਂ ਦੂਜਾ ਉਹਦੀ ਸ਼ਾਨ ਦਾ’ ਗੀਤ ਅਤੇ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਦਾ ਲਿਖਿਆ ਗੀਤ, ‘ਤੇਰੇ ਬਲਿਹਾਰ ਸੁਣ ਕਲਗੀ ਵਾਲਿਆ’ ਆਪਣੇ ਸੁਰੀਲੇ ਸੁਰ ਤੇ ਸਾਜ਼ ਨਾਲ ਪੇਸ਼ ਕੀਤੇ। ਸੁਖਮੰਦਰ ਸਿੰਘ ਗਿੱਲ ਨੇ ਵੀ ‘ਸੱਚੇ ਆਸ਼ਕ ਮੁਨਾਫ਼ਾ ਕਦੇ ਤੱਕਦੇ ਨਹੀਂ ਹੁੰਦੇ, ਪੋਟੇ ਪੋਟੇ ਕੱਟ ਜਾਣ ਪਿੱਛੇ ਹਟਦੇ ਨਹੀਂ ਹੁੰਦੇ’ ਖਾਲਸੇ ਦੀਆਂ ਕੁਰਬਾਨੀਆਂ ਨੂੰ ਸੁਰਮਈ ਗੀਤ ਨਾਲ ਯਾਦ ਕੀਤਾ। ਸੁਖਵਿੰਦਰ ਸਿੰਘ ਤੂਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਗੀਤ ਗਾਇਆ। ਸਰਬਜੀਤ ਉੱਪਲ ਨੇ ਬਜ਼ੁਰਗਾਂ ਦੀ ਪਰਿਵਾਰ ਵਿੱਚ ਸੇਵਾ ਸਬੰਧੀ, ਮਨਮੋਹਨ ਸਿੰਘ ਬਾਠ ਨੇ ਸੁਰਜੀਤ ਪਾਤਰ ਦੀ ਪੰਜਾਬ ਦੀ ਵੰਡ ਨਾਲ ਸਬੰਧਤ ਰਚਨਾ ਤੇ ਪਰਮਜੀਤ ਭੰਗੂ ਨੇ ਗ਼ਜ਼ਲ ਪੇਸ਼ ਕੀਤੀ।
ਸੁਰਿੰਦਰ ਢਿੱਲੋਂ ਨੇ ਡਾ. ਅੰਬੇਡਕਰ ਦੇ ਜੀਵਨ ਦੀ ਸਾਂਝ ਪਾਉਂਦੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ, ਪਰ ਸਿੱਖਾਂ ਵਾਲੇ ਕੰਮ ਨਹੀਂ ਕਰਦੇ। ਨੀਵੀਂ ਜਾਤ ਵਾਲੇ ਨੂੰ ਉਸ ਦੀ ਬਣਦੀ ਥਾਂ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇੰਜੀਨੀਅਰ ਜੀਰ ਸਿੰਘ ਬਰਾੜ ਨੇ ਕਿਹਾ ਕਿ ਡਾ. ਅੰਬੇਡਕਰ ਦਾ ਸੰਵਿਧਾਨ ਇੱਕ ਦਰੱਖਤ ਹੈ ਜਿਹਨੂੰ ਵੱਢਣ ਲਈ ਕੁਹਾੜੇ ਚੁੱਕੀ ਫਿਰਦੇ ਹਨ। ਸੁਖਵਿੰਦਰ ਸਿੰਘ ਥਿੰਦ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਹਿੱਸੇ ਵਿੱਚ ਪਹਾੜਾਂ ਤੋਂ ਆਏ ਪਾਣੀ ਵਿੱਚ ਸੀਲੀਨੀਅਮ ਤੱਤ ਘੁਲੇ ਹੋਣ ਕਰਕੇ ਕਣਕ ਵਿੱਚ ਸਲੀਨੀਅਮ ਦੀ ਮਾਤਰਾ ਦੇ ਵਧ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਕਣਕ ਖਾਣ ਨਾਲ ਸਿਰ ਦੇ ਵਾਲ ਝੜ ਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਲਮਕਾਰੀ ਦੇ ਮਾਹਿਰ ਮਨਿੰਦਰ ਚਾਨੇ ਨੇ ਬੱਚਿਆਂ ਨੂੰ ਚਿੱਤਰਾਂ ਜ਼ਰੀਏ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ ਦੀ ਗੱਲ ਕੀਤੀ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਦੁਵੱਈਆ ਛੰਦ ਵਿੱਚ ਲਿਖੀ ਆਪਣੀ ਰਚਨਾ ਸਾਂਝੀ ਕੀਤੀ ਅਤੇ ਸਭ ਦਾ ਉਨ੍ਹਾਂ ਦੀ ਵੱਡਮੁੱਲੀ ਹਾਜ਼ਰੀ ਲਈ ਧੰਨਵਾਦ ਕੀਤਾ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ
ਸੰਪਰਕ: 403 402 9635

Advertisement
Advertisement

ਕੇਸਰ ਸਿੰਘ ਨੀਰ ਨੂੰ ਸ਼ਰਧਾਂਜਲੀ
ਜਸਵਿੰਦਰ
ਕੈਲਗਰੀ: ਪ੍ਰਸਿੱਧ ਪੰਜਾਬੀ ਗ਼ਜ਼ਲਗੋ ਅਤੇ ਸਾਹਿਤਕਾਰ ਸ. ਕੇਸਰ ਸਿੰਘ ਨੀਰ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਹ 92 ਵਰ੍ਹਿਆਂ ਦੇ ਸਨ। 1933 ਨੂੰ ਜਨਮੇ ਕੇਸਰ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਜਾਵਾਲ ਦੇ ਜੰਮਪਲ ਸਨ। ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਸੀ। ਐੱਮ.ਏ., ਬੀ. ਐਡ. ਕਰਕੇ ਉਹ ਅਧਿਆਪਕ ਲੱਗ ਗਏ। ਉਹ ਅਧਿਆਪਕ ਸੰਘਰਸ਼ ਵਿੱਚ ਵੀ ਸਰਗਰਮ ਰਹੇ ਅਤੇ ਕਈ ਕਈ ਮਹੀਨੇ ਦੀ ਜੇਲ੍ਹ ਯਾਤਰਾ ਵੀ ਕੀਤੀ। ਪੰਜਾਬ ਰਹਿੰਦੇ ਹੋਏ ਉਹ ਸਾਹਿਤ ਸਭਾ ਜਗਰਾਓਂ ਦੇ ਮੋਢੀ ਮੈਂਬਰ ਵੀ ਰਹੇ। ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਵੀ ਉਨ੍ਹਾਂ ਦਾ ਕਾਫ਼ੀ ਯੋਗਦਾਨ ਰਿਹਾ।
ਵੀਹਵੀਂ ਸਦੀ ਦੇ ਆਖਰੀ ਦਹਾਕੇ ਉਹ ਕੈਨੇਡਾ ਦੇ ਸ਼ਹਿਰ ਕੈਲਗਰੀ ਆ ਗਏ। ਇੱਥੇ ਵੀ ਉਹ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮ ਰਹੇ। ਉਹ ਅਰਪਨ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਵੀ ਰਹੇ। ਉਹ ਪ੍ਰਿੰ. ਤਖਤ ਸਿੰਘ ਦੇ ਗ਼ਜ਼ਲ ਸਕੂਲ ਦੇ ਪ੍ਰਸਿੱਧ ਗ਼ਜ਼ਲਗੋ ਸਨ। ਕੇਸਰ ਸਿੰਘ ਨੀਰ ਨੇ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਵਿੱਚੋਂ ਕਾਵਿ ਸੰਗ੍ਰਹਿ ‘ਕਸਕਾਂ’ (1960), ‘ਗ਼ਮ ਨਹੀਂ’ (1981), ਗ਼ਜ਼ਲ ਸੰਗ੍ਰਹਿਆਂ ਵਿੱਚ ‘ਕਿਰਨਾਂ ਦੇ ਬੋਲ’ (1989) ‘ਅਣਵਗੇ ਅੱਥਰੂ’ (1996), ਕਾਵਿ ਸੰਗ੍ਰਹਿ ‘ਆਰ ਦੀਆਂ ਤੇ ਪਾਰ ਦੀਆਂ’ (2010) ਅਤੇ ‘ਮਹਿਕਾਂ ਦੀ ਪੀੜ’ ਪ੍ਰਮੁੱਖ ਹਨ। ਬਾਲ ਪੁਸਤਕਾਂ ‘ਗਾਉਂਦੇ ਬਾਲ’, ‘ਝਿਲਮਿਲ ਝਿਲਮਿਲ ਤਾਰੇ’, ‘ਫੁੱਲ ਰੰਗ ਬਿਰੰਗੇ’ ਅਤੇ ‘ਮਿੱਠੀਆਂ ਮੁਸਕਾਨਾਂ’ ਰਾਹੀਂ ਬਾਲ ਸਾਹਿਤ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ।
ਉਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਵੱਲੋਂ ਵੱਖ ਵੱਖ ਸਮੇਂ ਸਨਮਾਨਿਆ ਵੀ ਗਿਆ ਜਿਨ੍ਹਾਂ ਵਿੱਚੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ ਦੇ ਕੇ ਸਾਹਿਤਕ ਦੇਣ ਨੂੰ ਮਾਣ ਦੇਣਾ ਵੀ ਸ਼ਾਮਲ ਹੈ। ਅਜੇ ਪਿਛਲੇ ਸਾਲ ਹੀ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

Advertisement
Author Image

Balwinder Kaur

View all posts

Advertisement