ਗਵਰਨਰ ਹਾਊਸ ’ਚ ਨੌਕਰੀਆਂ ਦਾ ਝਾਂਸਾ ਦੇ ਕੇ ਸਵਾ 34 ਲੱਖ ਠੱਗੇ

ਸਰਬਜੀਤ ਭੰਗੂ
ਪਟਿਆਲਾ, 8 ਅਕਤੂਬਰ
ਗਵਰਨਰ ਹਾਊਸ ਚੰਡੀਗੜ੍ਹ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਜੋੜੇ ਨੇ ਵੱਖ-ਵੱਖ ਵਿਅਕਤੀਆਂ ਨਾਲ 34 ਲੱਖ 21 ਹਜ਼ਾਰ ਰੁਪਏ ਠੱਗੀ ਮਾਰ ਲਈ। ਦੋਨਾਂ ਖ਼ਿਲਾਫ਼ ਧਾਰਾ 406, 420 ਤੇ 34 ਤਹਿਤ ਇਹ ਕੇਸ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕੀਤਾ ਗਿਆ ਹੈ।ਐੱਸਐੱਚਓ ਰਾਹੁਲ ਕੌਸ਼ਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਪਟਿਆਲਾ ਵਾਸੀ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਪ੍ਰੀਤੀ ਵਜੋਂ ਹੋਈ ਹੈ। ਇਸ ਸਬੰਧੀ ਪੁਲੀਸ ਕੋਲ ਹਰਮੀਤ ਸਿੰਘ ਵਾਸੀ ਸਨੌਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦਾ ਕਹਿਣਾ ਹੈ ਕਿ ਉਸ ਦੇ ਦੋਸਤ ਹਰਦੀਪ ਸਿੰਘ ਨੇ ਉਸ ਨੂੰ ਗਵਰਨਰ ਹਾਊਸ ਚੰਡੀਗੜ੍ਹ ਵਿੱਚ ਕਲਰਕ ਦੀ ਨੌਕਰੀ ਦਿਵਾਉਣ ਲਈ ਗੱਲਬਾਤ ਕੀਤੀ ਸੀ। ਹਰਦੀਪ ਸਿੰੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵੀ ਆਪਣੇ ਜਵਾਈ ਗੁਰਪ੍ਰੀਤ ਸਿੰਘ ਨੂੰ ਨੌਕਰੀ ਦਿਵਾਉਣੀ ਹੈ। ਉਸ ਦਾ ਤਰਕ ਸੀ ਕਿ ਇਸ ਸਬੰਧੀ ਅੱਗੇ ਗੱਲ ਹੋ ਗਈ ਹੈ। ਉਧਰ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਹਰਦੀਪ ਸਿੰਘ ਨੂੰ ਕਿਹਾ ਕੇ ਜੇਕਰ ਉਸ ਦੀ ਜਾਣ-ਪਹਿਚਾਣ ਦਾ ਕੋਈ ਹੋਰ ਵਿਅਕਤੀ ਨੌਕਰੀ ਲੱਗਣ ਦਾ ਇੱਛੁਕ ਹੈ, ਤਾਂ ਉਹ ਉਸ ਨੂੰ ਨੌਕਰੀ ਦਿਵਾ ਸਕਦਾ ਹੈ। ਜਿਸ ਤਹਿਤ ਹਰਦੀਪ ਸਿੰਘ ਨੇ ਆਪਣੇ ਦੋਸਤਾਂ ਸਮੇਤ ਕੁਝ ਰਿਸ਼ੇਤਦਾਰਾਂ ਨੂੰ ਅਜਿਹੀ ਦੱਸ ਪਾਈ।
ਇਸ ਕੜੀ ਵਜੋਂ ਹਰਮੀਤ ਸਿੰਘ ਅਤੇ ਉਸ ਦੀ ਪਤਨੀ ਪਾਸੋਂ ਮੁਲਜ਼ਮਾਂ ਨੇ ਗਵਰਨਰ ਹਾਊਸ ਵਿਚ ਨੌਕਰੀ ਦੇ ਵਾਅਦੇ ਤਹਿਤ ਦੋ ਲੱਖ ਰੁਪਏ ਲੈ ਲਏ ਗਏ। ਕਈ ਹੋਰ ਵਿਅਕਤੀ ਵੀ ਮੁਲਜ਼ਮਾਂ ਦੇ ਭਰੋਸੇ ਵਿਚ ਆ ਕੇ ਆਪਣੇ ਪੈਸੇ ਫਸਾ ਬੈਠੇ, ਜਿਨ੍ਹਾਂ ਵਿਚੋਂ ਨਰਿੰਦਰ ਸਿੰਘ ਤੇ ਦੇ ਭਤੀਜਿਆਂ ਤੋਂ 3 ਲੱਖ ਰੁਪਏ ਲਏ ਗਏ। ਕ੍ਰਿਸ਼ਨ ਪੁਰੀ ਤੇ ਉਸ ਦੇ ਲੜਕੇ ਤੋਂ 2 ਲੱਖ ਰੁਪਏ ਲਏ। ਸੁਭਾਸ਼ ਗਰਗ ਤੇ ਉਸ ਦੇ ਦੋਸਤ ਰਾਜੂ ਬਾਤਿਸ਼ ਤੋਂ ਸਵਾ ਲੱਖ, ਪ੍ਰਿਥੀਪਾਲ ਪਾਸੋਂ ਵੀ ਸਵਾ ਲੱਖ ਰੁਪਏ ਲਏ ਗਏ, ਜਦਕਿ ਹਰਦੀਪ ਸਿੰਘ ਦੇ ਜਵਾਈ ਗੁਰਪ੍ਰੀਤ ਸਿੰਘ ਸਮੇਤ ਅਨਿਲ ਕੁਮਾਰ, ਆਸੂਤੋਸ਼ ਤੇ ਅਮਨਦੀਪ ਪਾਸੋਂ ਇੱਕ-ਇੱਕ ਲੱਖ ਅਤੇ ਇੱੱਕ ਹੋਰ ਤੋਂ 20 ਹਜ਼ਾਰ ਰੁਪਏ ਲਏ ਗਏ। ਇਹ ਰਕਮ 34 ਲੱਖ ਤੋਂ ਵੀ ਵੱਧ ਬਣਦੀ ਹੈ ਪਰ ਨੌਕਰੀ ਕਿਸੇ ਨੂੰ ਨਹੀਂ ਦਿਵਾਈ ਗਈ ਤੇ ਉਹ ਪੈਸੇ ਮੋੜਨ ਤੋਂ ਵੀ ਇਨਕਾਰੀ ਹਨ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਮਗਰੋਂ ਇਹ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :