ਗੁਰਬਖਸ਼ਪੁਰੀਤਰਨ ਤਾਰਨ, 8 ਜੂਨਤਰਨ ਤਾਰਨ ਵਿੱਚ ਅੱਜ ਕਈ ਵਾਰ 44 ਡਿਗਰੀ ਸੈਲਸੀਅਸ ਨੂੰ ਜਾ ਪਹੁੰਚੇ ਤਾਪਮਾਨ ਨੇ ਆਮ ਜ਼ਿੰਦਗੀ ਨੂੰ ਲੀਹੋਂ ਲਾਹ ਕੇ ਰੱਖ ਦਿੱਤਾ ਹੈ। ਦਿਨ ਚੜਦਿਆਂ ਹੀ ਗਰਮੀ ਹੋਣ ਕਰਕੇ ਸੜਕਾਂ ਸੁੰਨੀਆਂ ਦਿਖਾਈ ਦੇਣ ਲੱਗੀਆਂ। ਦੁਕਾਨਾਂ ’ਤੇ ਗਾਹਕ ਦਿਖਾਈ ਨਹੀਂ ਦੇ ਰਹੇ। ਇਥੋਂ ਤੱਕ ਕਿ ਗਰਮੀ ਕਰਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਣ ਵਾਲੇ ਸ਼ਰਧਾਲੂਆਂ ਨੂੰ ਵੀ ਜਲ ਛੱਕਣ ਵਾਲੀਆਂ ਸੰਗਤਾਂ ਦੀ ਘਾਟ ਮਹਿਸੂਸ ਹੋ ਰਹੀ ਸੀ।ਤਰਨ ਤਾਰਨ ਦੇ ਇਕ ਟੈਕਸੀ ਚਾਲਕ ਜਸਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵਲੋਂ ਦੂਰ-ਦੁਰੇਡੇ ਜਾਣ ਦੇ ਆਪਣੇ ਪ੍ਰੋਗਰਾਮ ਰੱਦ ਕਰ ਦੇਣ ਨਾਲ ਉਨ੍ਹਾਂ ਬੇਕਾਰ ਬਣ ਗਏ ਹਨ। ਕਸੇਲ ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਭਰ ਗਰਮੀ ਦੇ ਮੌਸਮ ਕਰਕੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਨੂੰ ਝੋਨਾ ਲਗਾਉਣ ਵਿੱਚ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਹਰੇ ਚਾਰੇ ਦੀ ਘਾਟ ਆ ਜਾਣ ਕਰਕੇ ਦੁਧਾਰੂ ਪਸ਼ੂਆਂ ਦੇ ਦੁੱਧੋਂ ਸੁੱਕ ਗਏ ਹਨ। ਤਰਨ ਤਾਰਨ ਤੋਂ ਵੱਡੀ ਗਿਣਤੀ ਨੌਜਵਾਨ ਅੱਜ ਇਲਾਕੇ ਦੇ ਪਿੰਡ ਰਸੂਲਪੁਰ ਦੀ ਨਹਿਰ ਤੇ ਜਾ ਕੇ ਦਿਨ ਭਰ ਨਹਾਉਂਦੇ ਦੇਖੇ ਗਏ। ਮੌਸਮ ਦੇ ਮਾਹਿਰਾਂ ਨੇ ਦੱਸਿਆ ਕਿ ਅਜੇ ਆਉਂਦੇ ਕੁਝ ਦਿਨਾਂ ਦੌਰਾਨ ਅਤਿ ਦੀ ਗਰਮੀ ਤੋਂ ਰਾਹਤ ਦੇ ਮਿਲਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ।