For the best experience, open
https://m.punjabitribuneonline.com
on your mobile browser.
Advertisement

ਗਰਮੀ ਦੇ ਮੌਸਮ ’ਚ ਪਾਣੀ ਪੀਣ ਦੀ ਅਹਿਮੀਅਤ

04:56 AM Jun 03, 2025 IST
ਗਰਮੀ ਦੇ ਮੌਸਮ ’ਚ ਪਾਣੀ ਪੀਣ ਦੀ ਅਹਿਮੀਅਤ
Advertisement

ਨਰਿੰਦਰ ਪਾਲ ਸਿੰਘ

Advertisement

ਸਾਡੇ ਸਰੀਰ ਦੇ ਵਜ਼ਨ ਦਾ 70 ਫ਼ੀਸਦੀ ਹਿੱਸਾ ਪਾਣੀ ਹੈ। ਜ਼ਿਆਦਾਤਰ ਪਾਣੀ ਕੋਸ਼ਕਾਵਾਂ ਵਿੱਚ ਹੁੰਦਾ ਹੈ। ਬਾਕੀ ਪਾਣੀ, ਲਹੂ-ਵਹਿਣੀਆਂ ਜਾਂ ਕੋਸ਼ਕਾਵਾਂ ਦੇ ਵਿੱਚਕਾਰਲੇ ਸਥਾਨ ’ਚ ਭਰਿਆ ਹੁੰਦਾ ਹੈ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੰਦਰੁਸਤ ਰਹਿਣ ਲਈ ਪਾਣੀ ਕਿੰਨਾ ਜ਼ਰੂਰੀ ਹੈ। ਜੇਕਰ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਇਸ ਨੂੰ ਡੀ-ਹਾਈਡ੍ਰੇਸ਼ਨ ਜਾਂ ਨਿਰਜਲੀਕਰਨ ਕਿਹਾ ਜਾਂਦਾ ਹੈ। ਗਰਮੀ ਕਾਰਨ ਹੋਣ ਵਾਲੀ ਇਹ ਆਮ ਸਮੱਸਿਆ ਹੈ ਪਰ ਆਮ ਦਿਸਣ ਵਾਲੀ ਇਹ ਸਮੱਸਿਆ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ ਅਤੇ ਜਾਨਲੇਵਾ ਵੀ ਸਿੱਧ ਹੋ ਸਕਦੀ ਹੈ। ਡੀ-ਹਾਈਡ੍ਰੇਸ਼ਨ ਦੌਰਾਨ ਸਰੀਰ ਵਿੱਚੋਂ ਨਿਕਲਣ ਵਾਲੇ ਪਾਣੀ ਦੀ ਮਾਤਰਾ ਸਰੀਰ ’ਚ ਮੌਜੂਦ ਪਾਣੀ ਦੀ ਮਾਤਰਾ ਤੋਂ ਵਧੇਰੇ ਹੋ ਜਾਂਦੀ ਹੈ। ਵਿਗਿਆਨਕ ਭਾਸ਼ਾ ’ਚ ਇਸ ਨੂੰ ਹਾਈਪੋ-ਹਾਈਡ੍ਰੇਸ਼ਨ ਕਿਹਾ ਜਾਂਦਾ ਹੈ। ਪਾਣੀ ਦੀ ਕਮੀ ਨਾਲ ਸਰੀਰ ਵਿੱਚ ਖਣਿਜ ਪਦਾਰਥ ਜਿਵੇਂ ਨਮਕ ਅਤੇ ਸ਼ੱਕਰ (ਗਲੂਕੋਜ਼) ਘਟ ਜਾਂਦੇ ਹਨ। ਇਸ ਨਾਲ ਮਾਸਪੇਸ਼ੀਆਂ ਅਤੇ ਨਸਾਂ ਦੀ ਕਾਰਜ ਸਮਰੱਥਾ ਘਟ ਜਾਂਦੀ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਹੀਂ ਨਿੱਕਲ ਸਕਦੇ ਜਿਨ੍ਹਾਂ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋਣ ਦੇ ਨਾਲ-ਨਾਲ ਅੰਤੜੀਆਂ ਦੀ ਲਾਗ (ਇਨਫੈਕਸ਼ਨ), ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਕਾਰਨ
ਇਸ ਦਾ ਸਭ ਤੋਂ ਵੱਡਾ ਕਾਰਨ ਪਾਣੀ ਦੀ ਕਮੀ ਹੈ। ਗਰਮੀ ਵਿੱਚ ਜਦੋਂ ਅਸੀਂ ਘੱਟ ਪਾਣੀ ਪੀਂਦੇ ਹਾਂ ਤਾਂ ਇਹ ਸਮੱਸਿਆ ਪੈਦਾ ਹੁੰਦੀ ਹੈ। ਹੋਰ ਕਾਰਨਾਂ ਵਿੱਚ ਉਲਟੀ ਆਉਣਾ, ਦਸਤ ਲੱਗਣੇ, ਧੁੱਪ ਦਾ ਦੁਰਪ੍ਰਭਾਵ, ਲੋੜ ਤੋਂ ਵਧੇਰੇ ਕਸਰਤ, ਖਾਣ ਪੀਣ ਦਾ ਸਹੀ ਸਮਾਂ ਨਾ ਹੋਣਾ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਬੁਖਾਰ, ਹਾਈਪਰਟੈਂਸ਼ਨ, ਅਲਕੋਹਲ ਦਾ ਬਹੁਤ ਜ਼ਿਆਦਾ ਸੇਵਨ ਕਰਨਾ, ਹੈਜ਼ਾ, ਕੁਪੋਸ਼ਣ ਵਰਗੀਆਂ ਬਿਮਾਰੀਆਂ ਵੀ ਡੀ-ਹਾਈਡ੍ਰੇਸ਼ਨ ਦਾ ਕਾਰਨ ਬਣਦੀਆਂ ਹਨ।
ਲੱਛਣ
ਜਦੋਂ ਕੋਈ ਸ਼ਖ਼ਸ ਪਾਣੀ ਦੀ ਕਮੀ (ਡੀ-ਹਾਈਡ੍ਰੇਸ਼ਨ) ਦੀ ਸਮੱਸਿਆ ਵਿੱਚੋਂ ਗੁਜ਼ਰਦਾ ਹੈ ਤਾਂ ਉਸ ਨੂੰ ਬਿਨਾ ਕਿਸੇ ਖਾਸ ਕਾਰਨ ਘਬਰਾਹਟ, ਕਬਜ਼ ਦੀ ਸਮੱਸਿਆ, ਚੱਕਰ ਆਉਣੇ, ਮੂੰਹ ਵਾਰ-ਵਾਰ ਸੁੱਕਣਾ, ਚਮੜੀ ਦਾ ਖੁਸ਼ਕ ਹੋ ਜਾਣਾ, ਸਿਰਦਰਦ, ਸੁਸਤੀ ਹੋ ਜਾਣਾ, ਸਰੀਰ ਦਾ ਕਮਜ਼ੋਰ ਹੋ ਜਾਣਾ, ਪਿਸ਼ਾਬ ਦਾ ਪੀਲਾ ਹੋਣਾ, ਵਧੇਰੇ ਥਕਾਵਟ ਮਹਿਸੂਸ ਕਰਨਾ, ਮਾਸਪੇਸ਼ੀਆਂ ਦਾ ਤਣਾਉ ਆਦਿ ਲੱਛਣ ਸਾਹਮਣੇ ਆਉਂਦੇ ਹਨ।
ਬਚਾਅ ਲਈ ਕੀ ਕਰੀਏ
ਪਾਣੀ ਜ਼ਿਆਦਾ ਪੀਓ। ਲੱਸੀ ਅਤੇ ਹੋਰ ਤਰਲ ਪਦਾਰਥ ਵਧੇਰੇ ਮਾਤਰਾ ’ਚ ਲਓ। ਧੁੱਪ ਵਿੱਚ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਹਲਕੇ ਰੰਗ ਦੇ ਕੱਪੜੇ ਪਹਿਨੇ ਜਾਣ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਵਿੱਚ ਡਾਕਟਰੀ ਸਲਾਹ ਲਓ।
ਪਾਣੀ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ:
ਗਰਮੀ ਦੇ ਮੌਸਮ ਵਿੱਚ ਲੂ, ਡੀ-ਹਾਈਡ੍ਰੇਸ਼ਨ ਅਤੇ ਸਨ-ਸਟ੍ਰੋਕ ਵਰਗੀਆਂ ਸਮੱਸਿਆਵਾਂ ਤੋਂ ਲੋਕ ਵਧੇਰੇ ਪ੍ਰੇਸ਼ਾਨ ਰਹਿੰਦੇ ਹਨ। ਆਮ ਤੌਰ ’ਤੇ ਲੋਕ ਇਸ ਨੂੰ ਮਾਮੂਲੀ ਸਮੱਸਿਆ ਸਮਝਦੇ ਹਨ ਪਰ ਸਰੀਰ ਵਿੱਚ ਪਾਣੀ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਸਮੇਂ ਸਿਰ ਬਚਾਅ ਨਾ ਕਰਨ ’ਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਸ ਦੇ ਬਚਾਅ ਲਈ ਉਪਾਅ ਬਿਲਕੁਲ ਆਸਾਨ ਹਨ, ਪਰ ਇਸ ਨੂੰ ਅਸੀਂ ਅਕਸਰ ਅਣਗੌਲਿਆਂ ਕਰ ਦਿੰਦੇ ਹਾਂ; ਫਿਰ ਗੰਭੀਰ ਸਮੱਸਿਆ ਹੋਣ ’ਤੇ ਡਾਕਟਰ ਕੋਲ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਹੇਠ ਲਿਖੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ:
ਦਮਾ
ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਸਾਹ ਪ੍ਰਣਾਲੀ ਵਿੱਚ ਸਮੱਸਿਆ ਪੈਦਾ ਹੁੰਦੀ ਹੈ ਜਿਸ ਕਰ ਕੇ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਕਿਸੇ ਸ਼ਖ਼ਸ ਨੂੰ ਦਮੇ (ਅਸਥਮਾ) ਦਾ ਅਟੈਕ ਆਇਆ ਹੋਵੇ ਜਾਂ ਆਮ ਤੌਰ ’ਤੇ ਅਟੈਕ ਆਉਂਦਾ ਹੋਵੇ ਤਾਂ ਉਸ ਸ਼ਖ਼ਸ ਨੂੰ ਪਾਣੀ ਵਧੇਰੇ ਪੀਣਾ ਚਾਹੀਦਾ ਹੈ।
ਬਲੱਡ ਪ੍ਰੈੱਸ਼ਰ
ਉੱਚ ਖੂਨ ਦੇ ਦਬਾਉ (ਹਾਈ ਬਲੱਡ ਪ੍ਰੈੱਸ਼ਰ) ਵਾਲੇ ਸ਼ਖ਼ਸ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਥੋੜ੍ਹਾ-ਥੋੜ੍ਹਾ ਪਾਣੀ ਪੀਣਾ ਚਾਹੀਦਾ ਹੈ।
ਉੱਚ ਕਲੈਸਟਰੋਲ
ਜਦੋਂ ਲੋੜ ਅਨੁਸਾਰ ਸਰੀਰ ਨੂੰ ਪਾਣੀ ਨਹੀਂ ਮਿਲਦਾ ਤਾਂ ਸਰੀਰ ਜ਼ਿਆਦਾ ਮਾਤਰਾ ਵਿੱਚ ਕਲੈਸਟਰੋਲ ਬਣਾਉਣ ਲੱਗਦਾ ਹੈ ਅਤੇ ਹਾਈ ਐੱਲਡੀਐੱਲ, ਦਿਲ ਦੇ ਰੋਗ ਸਮੇਤ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੇਕਰ ਸਰੀਰ ਨੂੰ ਲੋੜੀਂਦਾ ਪਾਣੀ ਮਿਲਦਾ ਰਹੇ ਤਾਂ ਕਲੈਸਟਰੋਲ ਦੀ ਸਮੱਸਿਆ ਪੈਦਾ ਨਹੀਂ ਹੋਵੇਗੀ।
ਪਾਚਨ ਸਬੰਧੀ ਸਮੱਸਿਆ
ਲੋੜੀਂਦੀ ਮਾਤਰਾ ਵਿੱਚ ਪਾਣੀ ਨਾ ਮਿਲਣ ’ਤੇ ਸਰੀਰ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਸਰੀਰ ਵਿੱਚ ਪਾਚਨ ਨਾਲ ਸਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਅਲਸਰ, ਗੈਸ ਅਤੇ ਐਸਿਡ ਰਿਫਲੈਕਸ ਆਦਿ। ਖਾਣਾ ਪਚਾਉਣ ਲਈ ਪਾਣੀ ਦੀ ਲੋੜ ਹੁੰਦੀ ਹੈ।
ਵਜ਼ਨ ਵਧਣਾ
ਭੋਜਨ ਤੋਂ ਪ੍ਰਾਪਤ ਕੈਲੋਰੀਜ਼ ਨੂੰ ਜਜ਼ਬ ਕਰਨ ਵਿੱਚ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦੀ ਮਾਤਰਾ ਵਿੱਚ ਕਮੀ ਆਉਣ ਨਾਲ ਕੈਲੋਰੀਜ਼ ਨੂੰ ਜਜ਼ਬ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਨਹੀਂ ਮਿਲਦਾ ਜਿਸ ਨਾਲ ਮੋਟਾਪਾ ਆਉਣ ਲੱਗਦਾ ਹੈ।
ਮਾਨਸਿਕ ਸਿਹਤ
ਸਰੀਰ ਵਿੱਚ ਜਦੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਵਿਅਕਤੀ ਦੀ ਦਿਮਾਗੀ ਗਤੀਵਿਧੀ ’ਤੇ ਕਾਫ਼ੀ ਅਸਰ ਹੁੰਦਾ ਹੈ। ਗਰਮੀ ਵਿੱਚ ਇਸੇ ਕਾਰਨ ਦਰਦ, ਆਲਸ ਅਤੇ ਚਿੜਚਿੜਾਪਣ ਵਧੇਰੇ ਦੇਖਣ ਨੂੰ ਮਿਲਦਾ ਹੈ।
ਡਾਇਬਟੀਜ਼
ਸ਼ੂਗਰ ਰੋਗ ਤੋਂ ਪੀੜਤ ਵਿਅਕਤੀਆਂ ਦੇ ਖੂਨ ਵਿੱਚ ਸ਼ੂਗਰ ਦਾ ਵਧਿਆ ਹੋਇਆ ਪੱਧਰ, ਸ਼ੂਗਰ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ। ਅਜਿਹਾ ਜ਼ਿਆਦਾ ਹੋਣ ’ਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਵੈਸੇ ਵੀ ਸ਼ੂਗਰ ਦੇ ਮਰੀਜ਼ਾਂ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ।
ਗੁਰਦਿਆਂ ਦੀ ਸਮੱਸਿਆ
ਸਰੀਰ ’ਚ ਲਗਾਤਾਰ ਚੱਲਣ ਵਾਲੀਆਂ ਰਸਾਇਣਕ ਕਿਰਿਆਵਾਂ ਕਾਰਨ ਕੁਝ ਜ਼ਹਿਰੀਲੇ ਤੱਤਾਂ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਲਈ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਘਾਟ ਕਾਰਨ ਇਹ ਜ਼ਹਿਰੀਲੇ ਤੱਤ ਸਰੀਰ ਵਿੱਚ ਹੀ ਰਹਿੰਦੇ ਹਨ ਅਤੇ ਛੋਟੇ-ਛੋਟੇ ਕ੍ਰਿਸਟਲਾਂ ਦਾ ਨਿਰਮਾਣ ਕਰਦੇ ਹਨ ਜੋ ਪੱਥਰੀ ਸਮੇਤ ਹੋਰ ਕਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ।
ਬਚਾਅ ਅਤੇ ਇਲਾਜ
ਸਭ ਤੋਂ ਪਹਿਲਾਂ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਪਾਣੀ ਅਤੇ ਖਣਿਜ ਦੀ ਪੂਰਤੀ ਕਰਨਾ ਜ਼ਰੂਰੀ ਹੈ, ਜਿਸ ਲਈ ਘਰੇਲੂ ਪੀਣ ਵਾਲੇ ਪਦਾਰਥ ਲਏ ਜਾ ਸਕਦੇ ਹਨ। ਕੱਚੇ ਦੁੱਧ ਦੀ ਪਤਲੀ ਲੱਸੀ, ਸ਼ਿਕੰਜਵੀ, ਨਾਰੀਅਲ ਪਾਣੀ, ਬੇਲ ਦਾ ਸ਼ਰਬਤ, ਲੱਸੀ, ਓਆਰਐੱਸ ਘੋਲ ਥੋੜੀ-ਥੋੜ੍ਹੀ ਦੇਰ ਬਾਅਦ ਲੈਂਦੇ ਰਹਿਣਾ ਚਾਹੀਦਾ ਹੈ। ਜ਼ਿਆਦਾ ਧੁੱਪ ਵਿੱਚ ਨਿਕਲਣ ਤੋਂ ਪ੍ਰਹੇਜ਼ ਕੀਤਾ ਜਾਵੇ। ਆਰਾਮ ਕੀਤਾ ਜਾਵੇ ਅਤੇ ਗੰਭੀਰ ਸਥਿਤੀ ਵਿੱਚ ਡਾਕਟਰੀ ਸਲਾਹ ਲਈ ਜਾਵੇ।
ਸੰਪਰਕ: 98768-05158

Advertisement
Advertisement

Advertisement
Author Image

Jasvir Samar

View all posts

Advertisement