ਗਰਮੀ ਦੀਆਂ ਛੁੱਟੀਆਂ
ਕਮਲਜੀਤ ਕੌਰ ਗੁੰਮਟੀ
ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਸਨ। ਨਵੀਨ ਦਸਵੀਂ ਜਮਾਤ ਦਾ ਹੁਸ਼ਿਆਰ ਬੱਚਾ ਸੀ। ਉਹ ਅਕਸਰ ਛੁੱਟੀਆਂ ਵਿੱਚ ਕੁੱਝ ਨਵਾਂ ਕਰਨਾ ਚਾਹੁੰਦਾ ਸੀ। ਇਸ ਵਾਰ ਉਸ ਦੇ ਪਿਤਾ ਜੀ ਨੇ ਸੁਝਾਅ ਦਿੱਤਾ ਕਿ ਉਹ ਆਪਣੇ ਪਿੰਡ ਦਾਦਾ-ਦਾਦੀ ਕੋਲ ਚਲਾ ਜਾਵੇ। ਪਿਤਾ ਦੇ ਕਹਿਣ ’ਤੇ ਉਹ ਝੱਟ ਪਿੰਡ ਜਾਣ ਲਈ ਤਿਆਰ ਹੋ ਗਿਆ।
ਨਵੀਨ ਜਦੋਂ ਪਿੰਡ ਪਹੁੰਚਿਆ ਤਾਂ ਹਵਾ ਵਿੱਚ ਮਿੱਟੀ ਦੀ ਖੁਸ਼ਬੂ, ਹਰੇ ਭਰੇ ਰੁੱਖ ਤੇ ਦਾਦਾ-ਦਾਦੀ ਜੀ ਦੀ ਹੱਸਦੀ ਸੂਰਤ ਨੇ ਉਸ ਦਾ ਜ਼ੋਰਦਾਰ ਢੰਗ ਨਾਲ ਸਵਾਗਤ ਕੀਤਾ। ਉਹ ਪੇਂਡੂ ਜ਼ਿੰਦਗੀ ਦੇ ਰੰਗ ਮਾਣਨ ਲਈ ਉਤਾਵਲਾ ਸੀ। ਫਿਰ ਦਾਦਾ ਜੀ ਨੇ ਕਹਾਣੀਆਂ ਰਾਹੀਂ ਪੁਰਾਣੀ ਜ਼ਿੰਦਗੀ ਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਨਵੀਨ ਨੂੰ ਘਰ ਦੇ ਵਿਹੜੇ ਵਿੱਚ ਲੱਗੇ ਨਿੰਮ ਦੇ ਰੁੱਖ ਹੇਠ ਬੈਠਿਆਂ ਦੱਸਿਆ, ‘‘ਪੁੱਤਰ ਜੀ! ਮੈਂ ਆਪਣਾ ਬਚਪਨ ਤੇ ਜਵਾਨੀ ਇਸੇ ਨਿੰਮ ਹੇਠ ਗੁਜ਼ਾਰੀ ਏ। ਸਾਡੇ ਬਚਪਨ ਵਿੱਚ ਹੁਣ ਵਾਂਗ ਕੂਲਰ, ਏ.ਸੀ. ਨਹੀਂ ਹੁੰਦੇ ਸਨ।’’
ਇਹ ਸਭ ਸੁਣ ਕੇ ਨਵੀਨ ਨੇ ਬੜੀ ਹੈਰਾਨੀ ਨਾਲ ਪੁੱਛਿਆ, ‘‘ਦਾਦਾ ਜੀ ਕੀ ਤੁਹਾਨੂੰ ਗਰਮੀ ਨਹੀਂ ਸੀ ਲੱਗਦੀ?’’ ਦਾਦਾ ਜੀ ਨੇ ਹਉਕਾ ਲੈਂਦਿਆਂ ਕਿਹਾ, ‘‘ਨਵੀਨ ਪੁੱਤ! ਉਸ ਸਮੇਂ ਰੁੱਖ ਵਧੇਰੇ ਹੋਣ ਕਰਕੇ ਗਰਮੀ ਨਹੀਂ ਸੀ ਪੈਂਦੀ, ਰੁੱਖਾਂ ਦੀ ਕਟਾਈ ਨਾਲ ਹੁਣ ਵਾਤਾਵਰਨ ਵਿੱਚ ਜ਼ਿਆਦਾ ਤਬਦੀਲੀ ਆ ਗਈ ਹੈ, ਇਸੇ ਲਈ ਹੁਣ ਜ਼ਿਆਦਾ ਗਰਮੀ ਪੈਣ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਵਾਤਾਵਰਨ ਵਿਕਾਰ ਆ ਚੁੱਕੇ ਹਨ ਜੋ ਧਰਤੀ ’ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ। ਧਰਤੀ ’ਤੇ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਤਾਂ ਮਨੁੱਖ ਹੈ, ਪਰ ਧਰਤੀ ’ਤੇ ਰਹਿਣ ਵਾਲੇ ਹਰ ਜੀਵ ਨੂੰ ਇਸ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’
ਨਵੀਨ ਲਈ ਇਹ ਸਭ ਗੱਲਾਂ ਨਵੀਆਂ ਸਨ, ਪਰ ਉਸ ਨੂੰ ਇਹ ਸਭ ਜਾਣਕਾਰੀ ਹਾਸਿਲ ਕਰਨਾ ਦਿਲਚਸਪ ਲੱਗਿਆ।
ਇੱਕ ਸਵੇਰ ਨਵੀਨ ਨੇ ਦੇਖਿਆ ਕਿ ਉਸ ਦੀ ਉਮਰ ਦਾ ਮਨਜੀਤ ਨਾਮ ਦਾ ਮੁੰਡਾ ਨਾਲੀਆਂ ਸਾਫ਼ ਕਰ ਰਿਹਾ ਸੀ। ਨਵੀਨ ਨੇ ਉਸ ਨੂੰ ਬੜੀ ਉਤਸੁਕਤਾ ਨਾਲ ਪੁੱਛਿਆ;
‘‘ਤੂੰ ਇਹ ਕੰਮ ਕਿਉਂ ਕਰਦਾ ਹੈਂ?’’
ਮਨਜੀਤ ਨੇ ਹੌਲੀ ਜਿਹੀ ਜਵਾਬ ਦਿੱਤਾ, “ਸਾਡਾ ਕੰਮ ਤਾਂ ਇਹੀ ਹੈ, ਮੇਰੇ ਦਾਦਾ ਜੀ ਅਤੇ ਪਾਪਾ ਵੀ ਇਹੀ ਕੰਮ ਕਰਦੇ ਹਨ। ਫਿਰ ਮੈਂ ਕਿਸੇ ਹੋਰ ਕੰਮ ਬਾਰੇ ਕਿਵੇਂ ਸੋਚ ਸਕਦਾ ਹਾਂ?”
ਨਵੀਨ ਨੂੰ ਇਹ ਸਭ ਬਹੁਤ ਅਜੀਬ ਲੱਗਿਆ ਤੇ ਇਸ ਨੇ ਉਸ ਦੀ ਸੋਚ ਨੂੰ ਝੰਜੋੜਿਆ। ਉਸ ਨੇ ਘਰ ਆ ਕੇ ਆਪਣੇ ਦਾਦਾ ਜੀ ਨੂੰ ਸਵਾਲ ਕੀਤਾ;
‘‘ਕੀ ਅਸੀਂ ਸਿਰਫ਼ ਜਨਮ ਦੇ ਆਧਾਰ ’ਤੇ ਕਿਸੇ ਨੂੰ ਉੱਚਾ-ਨੀਵਾਂ ਸਮਝ ਸਕਦੇ ਹਾਂ?’’
ਦਾਦਾ ਜੀ ਨੇ ਬੜੀ ਸਿਆਣਪ ਨਾਲ ਉੱਤਰ ਦਿੰਦਿਆਂ ਕਿਹਾ;
‘‘ਸੋਚ ਦੀਆਂ ਹੱਥਕੜੀਆਂ ਕਦੇ-ਕਦੇ ਸਿੱਖਿਆ ਨਾਲ ਵੀ ਨਹੀਂ ਟੁੱਟਦੀਆਂ। ਹਾਲਾਂਕਿ, ਹਰ ਕੰਮ ਜ਼ਰੂਰੀ ਹੈ, ਪਰ ਜਦੋਂ ਅਸੀਂ ਕਿਸੇ ਕੰਮ ਨੂੰ ਛੋਟਾ ਜਾਂ ਘਟੀਆ ਸਮਝਦੇ ਹਾਂ ਤਾਂ ਅਸੀਂ ਸੰਪੂਰਨ ਮਨੁੱਖਤਾ ਨੂੰ ਨੀਵਾਂ ਕਰਕੇ ਦੇਖਦੇ ਹਾਂ।”
ਇਹ ਗੱਲ ਨਵੀਨ ਨੂੰ ਧੁਰ ਅੰਦਰ ਤੱਕ ਝੰਜੋੜ ਗਈ। ਉਸ ਨੇ ਸੋਚਿਆ ਕਿ ਪਿੰਡ ਦੇ ਗ਼ਰੀਬ ਤੇ ਕਾਬਲ ਬੱਚਿਆਂ ਲਈ ਕੁੱਝ ਅਜਿਹਾ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਅਤੇ ਸਮਝ ਪੈਦਾ ਕਰੇ। ਇਸ ’ਤੇ ਸੋਚ ਵਿਚਾਰ ਕਰਦਿਆਂ ਉਸ ਨੇ ਆਪਣੇ ਦਾਦਾ-ਦਾਦੀ ਦੀ ਮਦਦ ਨਾਲ ਇੱਕ ‘ਬਾਲ ਮੇਲਾ’ ਕਰਾਉਣ ਦਾ ਫ਼ੈਸਲਾ ਕੀਤਾ। ਇਸ ਮੇਲੇ ਵਿੱਚ ਹਰ ਬੱਚੇ ਨੇ ਆਪਣੇ ਕੰਮ, ਤਜਰਬੇ ਜਾਂ ਹੁਨਰ ਨੂੰ ਹੋਰਨਾਂ ਨੂੰ ਸਿਖਾਇਆ ਤੇ ਆਪ ਦੂਜਿਆਂ ਤੋਂ ਸਿੱਖਿਆ। ਇਸ ਤਰ੍ਹਾਂ ਉਨ੍ਹਾਂ ਕੋਲ ਕਈ ਕੰਮਾਂ ਦੀ ਜਾਣਕਾਰੀ ਇਕੱਠੀ ਹੋ ਗਈ।
ਮਨਜੀਤ ਨੇ ਸਫ਼ਾਈ ਬਾਰੇ ਸਾਰਿਆਂ ਨੂੰ ਦੱਸਿਆ। ਕੁੱਝ ਨੇ ਖੇਤੀ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਕਈਆਂ ਨੇ ਪਸ਼ੂ ਪਾਲਣ ਬਾਰੇ ਜਾਣਕਾਰੀ ਦਿੱਤੀ। ਨਵੀਨ ਨੇ ਪਿੰਡ ਦੇ ਬੱਚਿਆਂ ਨੂੰ ਕੰਪਿਊਟਰ ਅਤੇ ਗੂਗਲ ਮੈਪ ਵਰਤਣਾ ਸਿਖਾਇਆ।
ਬੱਚਿਆਂ ਨੇ ਆਪਣੀ ਕਾਬਲੀਅਤ ਦੇ ਆਧਾਰ ’ਤੇ ਆਪਣੀ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਕੇ ਖ਼ੁਦ ’ਤੇ ਮਾਣ ਮਹਿਸੂਸ ਕੀਤਾ। ਇਸ ਤਰ੍ਹਾਂ ਮਨਜੀਤ ਨੇ ਨਵੀਨ ਨਾਲ ਰਲ਼ ਕੇ ਬਹੁਤ ਜਲਦੀ ਕੰਪਿਊਟਰ ਬਾਰੇ ਬਹੁਤ ਜਾਣਕਾਰੀ ਹਾਸਲ ਕਰ ਲਈ। ਛੁੱਟੀਆਂ ਦੇ ਆਖਰੀ ਦਿਨ ਮਨਜੀਤ ਨੇ ਨਵੀਨ ਨੂੰ ਕਿਹਾ;
‘‘ਨਵੀਨ ਮੈਂ ਵੀ ਹੁਣ ਤੇਰੇ ਵਾਂਗ ਇੰਜੀਨੀਅਰ ਬਣਨਾ ਚਾਹੁੰਦਾ ਹਾਂ। ਕੀ ਤੂੰ ਮੇਰੀ ਮਦਦ ਕਰੇਗਾਂ? ਮੇਰੇ ਪਾਪਾ ਨੂੰ ਲੱਗਦਾ ਹੈ ਕਿ ਸਿਰਫ਼ ਨਾਲੀਆਂ ਸਾਫ਼ ਕਰਨ ਦਾ ਕੰਮ ਹੀ ਸਾਡੇ ਹਿੱਸੇ ਆਇਆ ਹੈ।’’
ਨਵੀਨ ਨੇ ਗੰਭੀਰਤਾ ਨਾਲ ਕਿਹਾ;
‘‘ਜ਼ਰੂਰ ਕਰਾਂਗਾ, ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ। ਜੇ ਤੇਰੇ ਵਿੱਚ ਇੰਜੀਨੀਅਰ ਬਣਨ ਦਾ ਹੁਨਰ ਹੈ ਤਾਂ ਤੂੰ ਜ਼ਰੂਰ ਬਣੇਗਾ। ਬਰਾਬਰੀ ਤਾਂ ਤਦ ਹੀ ਆਉਂਦੀ ਹੈ ਜਦੋਂ ਅਸੀਂ ਹਰ ਕੰਮ ਨੂੰ ਮਾਣ ਦਿੰਦੇ ਹਾਂ। ਜੇ ਤੇਰੇ ਦਾਦਾ-ਪਾਪਾ ਵਿੱਚ ਸਫ਼ਾਈ ਦਾ ਹੁਨਰ ਨਾ ਹੁੰਦਾ ਤਾਂ ਪੂਰੇ ਪਿੰਡ ਵਿੱਚ ਗੰਦਗੀ ਤੇ ਬਿਮਾਰੀ ਫੈਲ ਸਕਦੀ ਸੀ। ਉਨ੍ਹਾਂ ਨੇ ਆਪਣੇ ਹੁਨਰ ਨਾਲ ਪਿੰਡ ਦੇ ਲੋਕਾਂ ਦੀ ਸਿਹਤ ਦੀ ਰਾਖੀ ਕੀਤੀ ਹੈ।’’
ਛੁੱਟੀਆਂ ਖ਼ਤਮ ਹੋਣ ’ਤੇ ਨਵੀਨ ਸ਼ਹਿਰ ਵਾਪਸ ਆ ਗਿਆ। ਇੱਥੇ ਆ ਕੇ ਉਸ ਨੇ ਇੱਕ ਬਲੌਗ ਬਣਾਇਆ ‘ਪਿੰਡ ਤੋਂ ਪਲੈਟਫਾਰਮ’। ਇਸ ਰਾਹੀਂ ਉਹ ਪਿੰਡਾਂ ਦੇ ਗ਼ਰੀਬ ਹੁਨਰਮੰਦ ਬੱਚਿਆਂ ਦੀਆਂ ਕਹਾਣੀਆਂ ਸਾਂਝੀਆਂ ਕਰਦਾ। ਇਸ ਨਾਲ ਮਨਜੀਤ ਜਿਹੇ ਲੋੜਵੰਦ ਤੇ ਹੁਨਰਮੰਦ ਬੱਚਿਆਂ ਲਈ ਹੌਸਲੇ ਤੇ ਕਾਮਯਾਬੀ ਦੇ ਦਰਵਾਜ਼ੇ ਖੁੱਲ੍ਹਣ ਲੱਗੇ। ਦੂਜਿਆਂ ਦੀ ਸਹਾਇਤਾ ਕਰਨ ਵਾਲੇ ਲੋਕ ਅਜਿਹੇ ਬੱਚਿਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਅੱਗੇ ਆਉਣ ਲੱਗੇ।
ਇਹ ਕੰਮ ਕਰਕੇ ਨਵੀਨ ਨੇ ਸਮਝ ਲਿਆ ਕਿ ਗਰਮੀ ਦੀਆਂ ਛੁੱਟੀਆਂ ਸਿਰਫ਼ ਆਰਾਮ ਲਈ ਨਹੀਂ, ਬਲਕਿ ਗਹਿਰੀ ਸਮਝ, ਨਵੀਂ ਸੋਚ ਅਤੇ ਬਦਲਾਅ ਲਈ ਵੀ ਹੁੰਦੀਆਂ ਹਨ। ਆਪਣੇ ਇਸ ਜਜ਼ਬੇ ਨਾਲ ਉਸ ਨੇ ਆਪਣੇ ਪਿੰਡ ਦੇ ਬੱਚਿਆਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਵੰਡਣੀ ਸ਼ੁਰੂ ਕਰ ਦਿੱਤੀ।
ਸੰਪਰਕ: 98769-26873