For the best experience, open
https://m.punjabitribuneonline.com
on your mobile browser.
Advertisement

ਗਰਮੀ ਦੀਆਂ ਛੁੱਟੀਆਂ ਤੇ ਰਚਨਾਤਮਕ ਗਤੀਵਿਧੀਆਂ

04:16 AM Jun 14, 2025 IST
ਗਰਮੀ ਦੀਆਂ ਛੁੱਟੀਆਂ ਤੇ ਰਚਨਾਤਮਕ ਗਤੀਵਿਧੀਆਂ
Advertisement

ਡਾ. ਮਨੀਸ਼ਾ ਭਾਟੀਆ
ਗਰਮੀ ਦੀਆਂ ਛੁੱਟੀਆਂ ਬੱਚਿਆਂ ਲਈ ਬਹੁਤ ਸੁਹਾਵਣਾ ਸਮਾਂ ਹੁੰਦਾ ਹੈ। ਇਹ ਸਮਾਂ ਉਨ੍ਹਾਂ ਨੂੰ ਰੋਜ਼ ਸਕੂਲ ਜਾਣ ਦੀ ਰੁਟੀਨ ਤੋਂ ਛੁਟਕਾਰਾ ਦਿਵਾਉਂਦਾ ਹੈ; ਆਰਾਮ ਕਰਨ ਅਤੇ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਦਿੰਦਾ ਹੈ। ਇਨ੍ਹਾਂ ਛੁੱਟੀਆਂ ਵਿੱਚ ਕਈ ਲੋਕ ਵੱਖ-ਵੱਖ ਥਾਵਾਂ ’ਤੇ ਘੁੰਮਣ ਜਾਂਦੇ ਹਨ, ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਹਨ ਜਦੋਂਕਿ ਕਈ ਘਰਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। ਘਰ ਵਿੱਚ ਰਹਿਣ ਨਾਲ ਜ਼ਿਆਦਾਤਰ ਬੱਚੇ ਮੋਬਾਈਲ ਜਾਂ ਟੀਵੀ ’ਤੇ ਸਮਾਂ ਬਿਤਾਉਂਦੇ ਹਨ। ਇਸ ਲਈ ਬੱਚਿਆਂ ਨੂੰ ਇਸ ਸਮੇਂ ਰਚਨਾਤਮਕ ਗਤੀਵਿਧੀਆਂ ਜਾਂ ਕਾਰਜਾਂ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ।
ਇਨ੍ਹਾਂ ਗਤੀਵਿਧੀਆਂ ਦਾ ਬੱਚਿਆਂ ਦੇ ਵਿਕਾਸ ’ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਇਹ ਬੱਚਿਆਂ ਦੇ ਰਚਨਾਤਮਕ ਵਿਕਾਸ ਵਿੱਚ ਸਹਾਈ ਹੋਣ ਦੇ ਨਾਲ-ਨਾਲ ਉਨ੍ਹਾਂ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਦਾ ਵਿਸ਼ਵਾਸ ਪੈਦਾ ਕਰਦੀਆਂ ਹਨ। ਇਸ ਦੇ ਨਾਲ ਬੱਚਿਆਂ ਦੇ ਸਮਾਂ ਪ੍ਰਬੰਧਨ ਅਤੇ ਗੱਲਬਾਤ ਕਰਨ ਦੇ ਹੁਨਰ ਨੂੰ ਵੀ ਨਿਖਾਰਦੀਆਂ ਹਨ। ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ;
ਪੇਂਟਿੰਗ ਅਤੇ ਕਰਾਫਟ ਕਰਨਾ: ਬੱਚਿਆਂ ਦੇ ਪੇਂਟਿੰਗ ਅਤੇ ਕਰਾਫਟ ਦੇ ਹੁਨਰ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਨਿਖਾਰਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਿਲਾਈ, ਕਢਾਈ, ਬਟਨ ਲਗਾਉਣਾ, ਤਰਪਾਈ ਕਰਨਾ ਆਦਿ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਬੱਚੇ ਸਾਦੀ ਸਿਲਾਈ, ਕੱਪੜੇ ਦੇ ਟੁਕੜਿਆਂ ਤੋਂ ਮੇਜ਼ ਪੋਸ਼ ਤਿਆਰ ਕਰਨਾ, ਪੁਰਾਣੀਆਂ ਵਸਤੂਆਂ ਨੂੰ ਨਵਾਂ ਰੂਪ ਦੇ ਕੇ ਕੰਮ ਦੀਆਂ ਘਰੇਲੂ ਸਜਾਵਟੀ ਵਸਤਾਂ ਬਣਾਉਣਾ ਆਦਿ ਸਿੱਖ ਸਕਦੇ ਹਨ।
ਬਲਾਕ ਬਣਾਉਣਾ ਅਤੇ ਬੁਝਾਰਤਾਂ ਹੱਲ ਕਰਨਾ: ਬੱਚਿਆਂ ਨੂੰ ਬਲਾਕ ਬਣਾਉਣਾ ਅਤੇ ਬੁਝਾਰਤਾਂ ਹੱਲ ਕਰਨ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਮੱਸਿਆਂ ਦੇ ਹੱਲ ਕੱਢਣ ਦੀ ਯੋਗਤਾ ਵਿੱਚ ਵਾਧਾ ਹੁੰਦਾ ਹੈ।
ਖਾਣਾ ਬਣਾਉਣਾ ਅਤੇ ਬੇਕਿੰਗ ਕਰਨਾ: ਬੱਚਿਆਂ ਨੂੰ ਰਸੋਈ ਵਿੱਚ ਖਾਣਾ ਬਣਾਉਣ ਅਤੇ ਬੇਕਿੰਗ ਕਰਨ ਵਰਗੇ ਹੁਨਰ ਸਿਖਾਓ। ਬੱਚੇ ਸੁਰੱਖਿਅਤ ਅਤੇ ਪੌਸ਼ਟਿਕ ਖਾਣੇ ਦੀ ਮਹੱਤਤਾ ਬਾਰੇ ਸਿੱਖ ਕੇ ਆਪਣੇ ਲਈ ਵਧੀਆ ਭੋਜਨ ਦੀ ਚੋਣ ਕਰਨ ਦੇ ਯੋਗ ਹੋ ਸਕਦੇ ਹਨ। ਬੱਚੇ ਸੌਖੀਆਂ ਬਣਨ ਵਾਲੀਆਂ ਖਾਣ ਦੀਆਂ ਚੀਜ਼ਾਂ ਜਿਵੇ ਸੈਂਡਵਿਚ, ਸਲਾਦ, ਕੂਕੀਜ਼, ਕੱਪ-ਕੇਕ ਆਦਿ ਬਣਾਉਣਾ ਆਸਾਨੀ ਨਾਲ ਸਿਖ ਸਕਦੇ ਹਨ।
ਘਰ ਦੀ ਸਫ਼ਾਈ: ਬੱਚਿਆਂ ਨੂੰ ਘਰ ਦੀ ਸਫ਼ਾਈ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ। ਉਨ੍ਹਾਂ ਨੂੰ ਸਰਲ ਕੰਮ ਜਿਵੇਂ ਆਪਣੀਆਂ ਵਸਤੂਆਂ ਆਪਣੀ ਜਗ੍ਹਾ ’ਤੇ ਰੱਖਣਾ, ਝਾੜ ਪੂੰਝ ਕਰਨਾ ਜੀਵਨ ਦੇ ਬੁਨਿਆਦੀ ਹੁਨਰ ਹਨ, ਜਿਹੜੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਸਿਖਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਸਫ਼ਾਈ ਦੀ ਮਹੱਤਤਾ ਅਤੇ ਸਫ਼ਾਈ ਲਈ ਪ੍ਰਯੋਗ ਹੋਣ ਵਾਲੇ ਪਦਾਰਥਾਂ ਦੀ ਸੁਚੱਜੀ ਵਰਤੋਂ ਕਰਨੀ ਵੀ ਸਿਖਾਈ ਜਾ ਸਕਦੀ ਹੈ।
ਕਿਤਾਬਾਂ ਪੜ੍ਹਨ ਦੀ ਆਦਤ: ਚੰਗੀਆਂ ਕਿਤਾਬਾਂ ਪੜ੍ਹਨ ਨਾਲ ਅਤੇ ਉਸ ਬਾਰੇ ਕੁਝ ਸਤਰਾਂ ਲਿਖਣ ਨਾਲ ਬੱਚੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਕਰਨਾ ਸਿੱਖਦੇ ਹਨ। ਇਸ ਹੁਨਰ ਨੂੰ ਹੋਰ ਨਿਖਾਰਨ ਲਈ ਛੁੱਟੀਆਂ ਵਿੱਚ ਬੱਚਿਆਂ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੱਤਰ ਲਿਖਣ ਲਈ ਵੀ ਪ੍ਰੇਰਿਆ ਜਾ ਸਕਦਾ ਹੈ।
ਸਮੂਹ ਅਤੇ ਟੀਮ ਵਿੱਚ ਖੇਡਣਾ: ਛੁੱਟੀਆਂ ਵਿੱਚ ਬੱਚਿਆਂ ਨੂੰ ਟੀਮ ਅਤੇ ਸਮੂਹ ਵਿੱਚ ਖੇਡਣ ਲਈ ਉਤਸ਼ਾਹਿਤ ਕਰਨ ਨਾਲ ਉਨ੍ਹਾਂ ਵਿੱਚ ਸਹਿਯੋਗ ਅਤੇ ਸਮਝੌਤਾ ਕਰਨ ਵਰਗੇ ਗੁਣ ਵਿਕਸਤ ਹੋਣਗੇ।
ਸਾਂਝੀਆਂ ਗਤੀਵਿਧੀਆਂ: ਪਿੰਡ ਦੇ ਸਾਂਝੇ ਸਥਾਨ ਨੂੰ ਸਾਫ਼ ਕਰਨ ਵਿੱਚ ਅਤੇ ਉੱਥੇ ਬੂਟੇ ਲਗਾਉਣ ਵਿੱਚ ਬੱਚਿਆਂ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਨੂੰ ਸਾਂਝੇ ਸਥਾਨ ਦੇ ਰੱਖ ਰਖਾਅ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ।
ਸੱਭਿਆਚਾਰਕ ਗਤੀਵਿਧੀਆਂ: ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਉਨ੍ਹਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਰਵਾਇਤੀ ਕਲਾ, ਸ਼ਿਲਪਕਲਾ ਆਦਿ ਬਾਰੇ ਦੱਸੋ ਅਤੇ ਇਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਉਨ੍ਹਾਂ ਨੂੰ ਸ਼ਾਮਲ ਕਰੋ।
ਕੱਪੜਿਆਂ ਦੀ ਸਾਂਭ-ਸੰਭਾਲ: ਬੱਚਿਆਂ ਨੂੰ ਕੱਪੜਿਆਂ ਤੋਂ ਦਾਗ ਉਤਾਰਨ, ਕੱਪੜਿਆਂ ਨੂੰ ਤਹਿ ਲਾ ਕੇ ਅਲਮਾਰੀ ਵਿੱਚ ਲਗਾਉਣਾ ਸਿਖਾਓ।
ਬਜਟ ਅਤੇ ਪੈਸੇ ਦਾ ਪ੍ਰਬੰਧਨ: ਬੱਚਿਆਂ ਨੂੰ ਆਪਣੇ ਨਾਲ ਬਾਜ਼ਾਰ ਲੈ ਕੇ ਜਾਓ; ਸਾਮਾਨ ’ਤੇ ਲੱਗੇ ਲੇਬਲ ਨੂੰ ਪੜ੍ਹਨਾ, ਚੀਜ਼ਾਂ ਦੇ ਮੁੱਲ ਦੀ ਤੁਲਨਾ ਅਤੇ ਆਪਣੇ ਬਜਟ ਵਿੱਚ ਰਹਿ ਕੇ ਬੇਲੋੜੇ ਖ਼ਰਚੇ ਰੋਕਣ ਵਰਗੇ ਗੁਰ ਸਿਖਾਓ।
ਸੁਰੱਖਿਅਤ ਰਹਿਣਾ: ਛੁੱਟੀਆਂ ਵਿੱਚ ਬੱਚਿਆਂ ਨੂੰ ਸੁਰੱਖਿਅਤ ਰਹਿਣ ਅਤੇ ਸੱਟ ਲਗਣ ’ਤੇ ਮੁੱਢਲੇ ਉਪਚਾਰ ਬਾਰੇ ਬੁਨਿਆਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਬੱਚਿਆਂ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਨਾ ਕੇਵਲ ਅਸੀਂ ਉਨ੍ਹਾਂ ਨੂੰ ਟੀਵੀ ਅਤੇ ਮੋਬਾਈਲ ਦੀ ਸਕਰੀਨ ਤੋਂ ਦੂਰ ਰੱਖਣ ਵਿੱਚ ਕਾਮਯਾਬ ਹੋਵਾਂਗੇ, ਸਗੋਂ ਉਨ੍ਹਾਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਬੁਨਿਆਦੀ ਹੁਨਰ ਸਿਖਾਉਣ ਵਿੱਚ ਵੀ ਮਦਦ ਕਰਾਂਗੇ। ਗਰਮੀ ਦੀਆਂ ਛੁੱਟੀਆਂ ਬੱਚਿਆਂ ਦੇ ਹੁਨਰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦੇ ਬੌਧਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਹੋ ਸਕਦੀਆਂ ਹਨ।

Advertisement

Advertisement
Advertisement
Advertisement
Author Image

Balwinder Kaur

View all posts

Advertisement