ਗਰਮੀ ਤੇ ਲੂ ਕਾਰਨ ਜਨਜੀਵਨ ਪ੍ਰਭਾਵਿਤ
ਹਤਿੰਦਰ ਮਹਿਤਾ
ਜਲੰਧਰ, 10 ਜੂਨ
ਪੰਜਾਬ ਵਿੱਚ ਪੈ ਰਹੀ ਗਰਮੀ ਤੇ ਲੂ ਕਾਰਨ ਜਨਜੀਵਨ ’ਤੇ ਕਾਫੀ ਅਸਰ ਪਿਆ ਹੈ। ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟੋ-ਘੱਟ 28 ਡਿਗਰੀ ਦੇ ਕਰੀਬ ਪਹੁੰਚ ਜਾਣ ਕਾਰਨ ਅੱਜ ਸਾਰਾ ਦਿਨ ਲੂ ਚਲਦੀ ਰਹੀ। ਇਸ ਕਾਰਨ ਲੋਕਾਂ ਨੇ ਘਰਾਂ ਵਿੱਚ ਹੀ ਰਹਿਣਾ ਹੀ ਬਿਹਤਰ ਸਮਝਿਆ। ਦੁਪਹਿਰ ਦੇ ਸਮੇਂ ਇੱਥੋਂ ਦੇ ਬਾਜ਼ਾਰ ਵਿੱਚ ਸੰਨਾਟਾ ਰਿਹਾ। ਕਈ ਦੁਕਾਨਦਾਰਾਂ ਨੇ ਦੁਪਹਿਰ 11 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਬੰਦ ਰੱਖਣ ਦੇ ਫੈਸਲਾ ਲਿਆ।
ਅਟਾਰੀ ਬਾਜ਼ਾਰ ਦੇ ਦੁਕਾਨਦਾਰ ਹੇਮ ਰਾਜ ਅਰੋੜਾ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਦੁਪਹਿਰ ਦੇ ਸਮੇਂ ਗਾਹਕ ਨਾ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਜਿਸ ਕਾਰਨ ਉਹ ਦੁਪਹਿਰ ਸਮੇਂ ਦੁਕਾਨ ਬੰਦ ਕਰਕੇ ਘਰ ਚਲਾ ਜਾਂਦਾ ਹੈ ਤੇ ਫਿਰ ਸ਼ਾਮ ਪੰਜ ਵਜੇ ਦੁਕਾਨ ਖੋਲ੍ਹਦਾ ਹੈ। ਇਸੇ ਤਰ੍ਹਾਂ ਬੱਸਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਦੇ ਗਿਣਤੀ ਬਹੁਤ ਘੱਟ ਹੋ ਗਈ ਹੈ ਤੇ ਦੁਪਹਿਰ ਸਮੇਂ ਬੱਸਾਂ ਵਿੱਚ ਨਾ ਮਾਤਰ ਹੀ ਸਵਾਰੀਆਂ ਦਿਖਾਈ ਦਿੰਦੀਆਂ। ਗਰਮੀ ਕਾਰਨ ਲੋਕਾਂ ਨੇ ਸੈਰ ਸਪਾਟੇ ਦੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ ਜਿਸ ਕਾਰਨ ਟੈਕਸੀਆਂ ਵਾਲੇ ਵੀ ਵਿਹਲੇ ਹੀ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਏਸੀ, ਕੂਲਰਾਂ ਵਾਲੀਆਂ ਦੁਕਾਨਾਂ ’ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਮੌਸਮ ਮਾਹਿਰਾਂ ਅਨੁਸਾਰ ਅਜੇ ਦੋ ਤਿੰਨ ਦਿਨ ਹੋਰ ਗਰਮੀ ਪੈਣ ਦੇ ਅਸਾਰ ਹਨ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 12 ਤੋਂ 5 ਵਜੇਂ ਤੱਕ ਘਰਾਂ ਵਿਚ ਹੀ ਰਹਿਣ ਤੇ ਜ਼ਿਆਦਾ ਪਾਣੀ ਪੀਣ ਤਾਂ ਜੋ ਗਰਮੀ ਬਚਾਅ ਕੀਤਾ ਜਾ ਸਕੇ।