For the best experience, open
https://m.punjabitribuneonline.com
on your mobile browser.
Advertisement

ਗਰਮੀਆਂ ’ਚ ਫ਼ਲਦਾਰ ਬੂਟਿਆਂ ਦੀ ਦੇਖਭਾਲ

04:17 AM May 31, 2025 IST
ਗਰਮੀਆਂ ’ਚ ਫ਼ਲਦਾਰ ਬੂਟਿਆਂ ਦੀ ਦੇਖਭਾਲ
Branch of peach tree in closeup
Advertisement

ਸੁਖਜੀਤ ਕੌਰ/ ਯਾਮਿਨੀ ਸ਼ਰਮਾ/ ਰਾਜਿੰਦਰ ਸਿੰਘ ਬੱਲ*
ਪੰਜਾਬ ਵਿੱਚ ਮਈ ਤੋਂ ਜੂਨ ਦੇ ਮਹੀਨਿਆਂ ਦੌਰਾਨ ਤਿੱਖੀ ਧੁੱਪ ਦੇ ਨਾਲ-ਨਾਲ ਬਹੁਤ ਜ਼ਿਆਦਾ ਗਰਮ ਅਤੇ ਤੇਜ਼ ਹਵਾਵਾਂ ਚੱਲਦੀਆਂ ਹਨ ਜਿਨ੍ਹਾਂ ਨਾਲ ਫ਼ਲਦਾਰ ਬੂਟਿਆਂ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਮੌਸਮ ਦੌਰਾਨ ਸੂਰਜ ਦੀਆਂ ਤਿੱਖੀਆਂ ਕਿਰਨਾਂ ਨਾਲ ਬੂਟਿਆਂ ਦੇ ਪੱਤੇ, ਟਹਿਣੀਆਂ, ਤਣਾ ਅਤੇ ਫ਼ਲ ਜ਼ਖਮੀ ਹੋ ਕੇ ਗਲ-ਸੜ ਜਾਂਦੇ ਹਨ।
ਇਸ ਤੇਜ਼ ਗਰਮੀ ਦਾ ਮਾੜਾ ਪ੍ਰਭਾਵ ਅੰਬ, ਲੀਚੀ, ਨੀਂਬੂ, ਅਨਾਰ ਅਤੇ ਪਪੀਤੇ ’ਤੇ ਹੋਰ ਫ਼ਲਦਾਰ ਬੂਟਿਆਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਨਾਲ ਨੀਂਬੂ ਦੇ ਪੱਤਿਆਂ ਉੱਪਰ ਚਿੱਟੇ ਤੋਂ ਭੂਰੇ ਰੰਗ ਦੇ ਨਿਸ਼ਾਨ ਨਜ਼ਰ ਆਉਣ ਤੋਂ ਬਾਅਦ ਪੱਤੇ ਸੜ ਜਾਂਦੇ ਹਨ ਅਤੇ ਬੂਟੇ ’ਤੇ ਲੱਗੇ ਫ਼ਲ ਵੀ ਸੂਰਜ ਦੀਆਂ ਤਿੱਖੀਆਂ ਕਿਰਨਾਂ ਕਾਰਨ ਸੜ ਜਾਂਦੇ ਹਨ। ਲੀਚੀ, ਨੀਂਬੂ ਅਤੇ ਅਨਾਰ ਦੇ ਫ਼ਲ ਜ਼ਿਆਦਾ ਗਰਮ ਅਤੇ ਖੁਸ਼ਕ ਮੌਸਮ ਦੌਰਾਨ ਫਟਣ ਕਰਕੇ ਖ਼ਰਾਬ ਹੋ ਜਾਂਦੇ ਹਨ। ਇਸ ਨਾਲ ਫ਼ਲਾਂ ਦੀ ਪੈਦਾਵਾਰ ਅਤੇ ਗੁਣਵੱਤਾ ਉੱਪਰ ਬਹੁਤ ਮਾੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਸ ਲਈ ਫ਼ਲਦਾਰ ਬੂਟਿਆਂ ਨੂੰ ਗਰਮੀਆਂ ਦੇ ਮੌਸਮ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਨਿਮਨ ਢੰਗਾਂ ਨੂੰ ਅਪਣਾਇਆ ਜਾ ਸਕਦਾ ਹੈ।
(1) ਪਾਣੀ ਲਗਾਉਣਾ : ਇਸ ਮੌਸਮ ਵਿੱਚ ਫ਼ਲਦਾਰ ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਲਗਾਉਣ ਨਾਲ ਬੂਟਿਆਂ ਦੀ ਹੇਠਲੀ ਮਿੱਟੀ ਦਾ ਤਾਪਮਾਨ ਘਟ ਜਾਂਦਾ ਹੈ ਅਤੇ ਬੂਟਿਆਂ ’ਤੇ ਲੱਗੇ ਫ਼ਲ ਘੱਟ ਮਾਤਰਾ ਵਿੱਚ ਫਟਦੇ ਹਨ। ਜ਼ਿਆਦਾ ਗਰਮੀ ਵਿੱਚ ਫ਼ਲਦਾਰ ਬੂਟਿਆਂ ਉੱਪਰ ਪਾਣੀ ਦਾ ਛਿੜਕਾਅ ਕਰਨ ਨਾਲ ਗਰਮੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਵੱਖ-ਵੱਖ ਫ਼ਲਦਾਰ ਬੂਟਿਆਂ ਨੂੰ ਸਿਫਾਰਸ਼ਾਂ ਅਨੁਸਾਰ ਹੀ ਪਾਣੀ ਲਗਾਓ ਜੋ ਕਿ ਇਸ ਤਰ੍ਹਾਂ ਹੈ;
(i) ਨੀਂਬੂ ਜਾਤੀ ਦੇ ਫ਼ਲ: ਤਿੰਨ-ਚਾਰ ਸਾਲ ਦੇ ਨਵੇਂ ਲਗਾਏ ਬੂਟਿਆਂ ਨੂੰ ਗਰਮੀਆਂ ਵਿੱਚ ਇੱਕ ਹਫ਼ਤੇ ਦੇ ਵਕਫ਼ੇ ’ਤੇ ਪਾਣੀ ਲਗਾਓ ਕਿਉਂਕਿ ਅਪਰੈਲ ਮਹੀਨੇ ਵਿੱਚ ਇਨ੍ਹਾਂ ਦੇ ਫ਼ਲ ਬਣਦੇ ਹਨ ਜੋ ਕਿ ਗਰਮ ਮੌਸਮ ਕਾਰਨ ਜ਼ਿਆਦਾ ਝੜਦੇ ਅਤੇ ਫਟਦੇ ਹਨ।
(ii) ਅੰਬ: ਅੰਬ ਦੇ ਛੋਟੇ ਬੂਟਿਆਂ ਦੀਆਂ ਜੜਾਂ ਬਹੁਤ ਘੱਟ ਡੂੰਘੀਆਂ ਹੁੰਦੀਆਂ ਹਨ, ਸੋ ਇਨ੍ਹਾਂ ਨੂੰ ਖੁਸ਼ਕ ਅਤੇ ਗਰਮ ਮੌਸਮ ਦੌਰਾਨ ਜ਼ਿਆਦਾ ਵਾਰ ਪਾਣੀ ਦੀ ਲੋੜ ਪੈਂਦੀ ਹੈ, ਪਰ ਵੱਡੇ ਬੂਟਿਆਂ ਨੂੰ ਫ਼ਲਾਂ ਦੇ ਵਾਧੇ ਲਈ ਮਾਰਚ-ਜੂਨ ਦੇ ਅਖੀਰ ਤੱਕ 10-12 ਦਿਨਾਂ ਬਾਅਦ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਅਤੇ ਫ਼ਲ ਲੱਗੇ ਅੰਬਾਂ ਦੇ ਬੂਟਿਆਂ ਨੂੰ ਸਮੇਂ ਸਿਰ ਸਿੰਚਾਈ ਕਰਨ ਨਾਲ ਫ਼ਲ ਦਾ ਕੇਰਾ ਵੀ ਘੱਟ ਹੋ ਜਾਂਦਾ ਹੈ।
(iii) ਲੀਚੀ: ਲੀਚੀ ਦੇ ਛੋਟੇ ਅਤੇ ਫ਼ਲ ਲੱਗੇ ਬੂਟਿਆਂ ਨੂੰ ਇਸ ਮੌਸਮ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਪੈਂਦੀ ਹੈ। ਛੋਟੇ ਲੀਚੀ ਦੇ ਬੂਟਿਆਂ ਨੂੰ ਹਫ਼ਤੇ ਬਾਅਦ ਪਾਣੀ ਜ਼ਰੂਰ ਲਗਾ ਦੇਣਾ ਚਾਹੀਦਾ ਹੈ। ਲੀਚੀ ਦੇ ਫ਼ਲਾਂ ਦੇ ਚੰਗੇ ਵਾਧੇ ਲਈ ਬੂਟਿਆਂ ਨੂੰ ਅਪਰੈਲ-ਜੂਨ ਤੱਕ ਹਫ਼ਤੇ ਵਿੱਚ ਦੋ ਵਾਰ ਪਾਣੀ ਦਿਓ ਅਤੇ ਇਸ ਦੇ ਨਾਲ ਫ਼ਲਾਂ ਦੇ ਕੇਰੇ ਅਤੇ ਫਟਣ ਦੀ ਸਮੱਸਿਆ ਵੀ ਕਾਫ਼ੀ ਹੱਦ ਤੱਕ ਘੱਟ ਹੋ ਜਾਂਦੀ ਹੈ।
(iv) ਅਲੂਚਾ: ਅਲੂਚੇ ਦੇ 3-4 ਸਾਲ ਦੇ ਬੂਟਿਆਂ ਨੂੰ ਗਰਮੀਆਂ ਵਿੱਚ 4-5 ਦਿਨਾਂ ਬਾਅਦ ਅਤੇ ਫ਼ਲ ਲੱਗੇ ਬੂਟਿਆਂ ਨੂੰ ਹਫ਼ਤੇ ਮਗਰੋਂ ਸਿੰਚਾਈ ਕਰੋ।
(v) ਆੜੂ: ਆੜੂ ਵਿੱਚ ਫ਼ਲ ਪੱਕਣ ਤੋਂ 25-30 ਦਿਨ ਪਹਿਲਾਂ ਬੂਟਿਆਂ ਦੀ ਸਿੰਚਾਈ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੈ ਕਿਉਂਕਿ ਇਸ ਵੇਲੇ ਬੂਟਿਆਂ ਦੇ ਫ਼ਲਾਂ ਦਾ ਭਾਰ ਬਹੁਤ ਹੀ ਤੇਜ਼ੀ ਨਾਲ ਵਧਦਾ ਹੈ। ਇਸ ਕਰਕੇ ਆੜੂ ਦੇ ਬੂਟਿਆਂ ਨੂੰ ਅਪਰੈਲ-ਜੂਨ ਦੇ ਅਖੀਰ ਤੱਕ ਲਗਭਗ ਹਫ਼ਤੇ ਤੋਂ 10 ਦਿਨਾਂ ਦੇ ਵਕਫ਼ੇ ’ਤੇ ਪਾਣੀ ਲਗਾ ਦੇਣਾ ਚਾਹੀਦਾ ਹੈ।
(vi) ਨਾਸ਼ਪਾਤੀ: ਨਾਸ਼ਪਾਤੀ ਦੇ ਛੋਟੇ ਬੂਟਿਆਂ ਨੂੰ 10 ਦਿਨਾਂ ਬਾਅਦ ਪਾਣੀ ਲਗਾਓ ਅਤੇ ਵੱਡੇ ਫ਼ਲ ਦਿੰਦੇ ਪੌਦਿਆਂ ਉੱਪਰ ਲੱਗੇ ਫ਼ਲਾਂ ਦੇ ਚੰਗੇ ਵਾਧੇ ਅਤੇ ਆਕਾਰ ਲਈ 5-7 ਦਿਨਾਂ ਦੇ ਫ਼ਰਕ ’ਤੇ ਖੁੱਲ੍ਹਾ ਪਾਣੀ ਲਗਾਓ।
(vii) ਅਮਰੂਦ: ਨਵੇਂ ਲਗਾਏ ਅਮਰੂਦਾਂ ਦੇ ਪੌਦਿਆਂ ਨੂੰ ਹਫ਼ਤੇ ਵਿੱਚ ਇੱਕ ਵਾਰੀ ਅਤੇ ਵੱਡੇ ਫੁੱਲ ਲੱਗੇ ਬੂਟਿਆਂ ਨੂੰ ਦੋ-ਤਿੰਨ ਹਫ਼ਤਿਆਂ ਬਾਅਦ ਪਾਣੀ ਲਗਾ ਦੇਣਾ ਚਾਹੀਦਾ ਹੈ।
(2) ਛੋਟੇ ਬੂਟਿਆਂ ਨੂੰ ਢਕਣਾ: ਛੋਟੇ ਲਗਾਏ ਬੂਟਿਆਂ ਉੱਪਰ ਸਰਕੰਡਾ, ਪਰਾਲੀ ਅਤੇ ਘਾਹ ਫੂਸ ਦੇ ਪੱਤਿਆਂ ਨਾਲ ਕੁੱਲੀ ਜਾਂ ਛੱਪਰੀ ਬਣਾ ਕੇ ਇਨ੍ਹਾਂ ਨੂੰ ਸੂਰਜ ਦੀ ਤਿੱਖੀ ਧੁੱਪ ਤੋਂ ਬਚਾਇਆ ਜਾ ਸਕਦਾ ਹੈ।
(3) ਹਵਾ ਰੋਕੂ ਵਾੜ ਲਗਾਉਣਾ: ਫ਼ਲਦਾਰ ਬੂਟਿਆਂ ਦਾ ਬਾਗ਼ ਲਗਾਉਣ ਤੋਂ ਪਹਿਲਾਂ ਇਸ ਦੇ ਆਲੇ ਦੁਆਲੇ ਹਵਾ ਰੋਕੂ ਦਰੱਖਤਾਂ ਦੀ ਵਾੜ ਲਗਾ ਦੇਣੀ ਚਾਹੀਦੀ ਹੈ ਤਾਂ ਜੋ ਫ਼ਲਦਾਰ ਬੂਟੇ ਲਗਾਉਣ ਤੋਂ ਪਹਿਲਾਂ ਵਾੜ ਵਾਲੇ ਬੂਟੇ ਕਾਫ਼ੀ ਉੱਚੇ ਹੋ ਜਾਣ ਖ਼ਾਸ ਤੌਰ ’ਤੇ ਬਾਗ਼ ਦੇ ਚਾਰੇ ਪਾਸੇ ਦੱਖਣ-ਪੱਛਮ ਦਿਸ਼ਾ ਵੱਲ ਸਫੈਦਾ, ਅੰਬ, ਜਾਮਣ, ਅਰਜੁਨ, ਬਿੱਲ, ਟਾਹਲੀ ਅਤੇ ਸ਼ਹਿਤੂਤ ਆਦਿ ਦੇ ਦਰੱਖਤ ਲਗਾ ਦਿਓ। ਇਨ੍ਹਾਂ ਵਾੜ ਵਾਲੇ ਬੂਟਿਆਂ ਦੇ ਵਿਚਕਾਰ ਗਲਗਲ, ਜੱਟੀ-ਖੱਟੀ, ਕਰੌਂਦਾ, ਬੋਗਨਵਿਲੀਆ ਆਦਿ ਦੀ ਵਾੜ ਲਗਾ ਦਿਓ। ਵਾੜ ਲਗਾਉਣ ਲੱਗਿਆਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਨੀਂਬੂ ਜਾਤੀ ਦੇ ਬਾਗ਼ ਵਾਲੇ ਬੂਟਿਆਂ ਦੇ ਦੁਆਲੇ ਨੀਂਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਗਾਉਣੀ ਚਾਹੀਦੀ। ਇਸ ਤਰ੍ਹਾਂ ਹਵਾ ਰੋਕੂ ਵਾੜ ਨਾਲ ਤੇਜ਼ ਹਨੇਰੀਆਂ ਅਤੇ ਝੱਖੜ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
(4) ਦਰੱਖਤਾਂ ਦੇ ਤਣਿਆਂ ਉੱਪਰ ਸਫ਼ੈਦੀ ਕਰਨੀ: ਫ਼ਲਦਾਰ ਬੂਟਿਆਂ ਨੂੰ ਧੁੱਪ/ ਗਰਮੀ ਤੋਂ ਬਚਾਉਣ ਲਈ ਇਨ੍ਹਾਂ ਦੇ ਤਣੇ ਉੱਪਰ ਸਫ਼ੈਦੀ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਸਫ਼ੈਦ ਰੰਗ ਰੋਸ਼ਨੀ ਨੂੰ ਬੂਟੇ ਅੰਦਰ ਜਾਣ ਨਹੀਂ ਦਿੰਦਾ ਅਤੇ ਬੂਟਿਆਂ ਦੇ ਤਣੇ ਤੇਜ਼ ਧੁੱਪ ਤੇ ਬੁਰੇ ਪ੍ਰਭਾਵ ਤੋਂ ਬਚ ਜਾਂਦੇ ਹਨ। ਫ਼ਲਦਾਰ ਬੂਟਿਆਂ ਦੇ ਤਣੇ ਉੱਪਰ ਸਫ਼ੈਦੀ ਕਰਨ ਨਾਲ ਇਨ੍ਹਾਂ ਉੱਪਰ ਲੱਗੇ ਹਾਨੀਕਾਰਕ ਕੀੜੇ-ਮਕੌੜੇ ਮਰ ਜਾਂਦੇ ਹਨ। ਇਸ ਤੋਂ ਇਲਾਵਾ ਸਫ਼ੈਦੀ ਵਿੱਚ ਨੀਲਾ ਥੋਥਾ ਮਿਲਾਉਣ ਨਾਲ ਬੂਟਿਆਂ ਨੂੰ ਉੱਲੀ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ। ਫ਼ਲਦਾਰ ਬੂਟਿਆਂ ਨੂੰ ਸਫ਼ੈਦੀ ਅਪਰੈਲ ਜਾਂ ਮਈ ਵਿੱਚ ਕਰੋ ਅਤੇ ਫਿਰ ਦੁਬਾਰਾ ਜੂਨ-ਜੁਲਾਈ ਵਿੱਚ ਕਰੋ। ਇਸ ਸਫ਼ੈਦੀ ਨੂੰ ਤਿਆਰ ਕਰਨ ਦੀ ਵਿਧੀ ਵਿੱਚ ਅਣਬੁਝਿਆ ਚੂਨਾ- 25 ਕਿੱਲੋ, ਨੀਲਾ ਥੋਥਾ-ਅੱਧਾ ਕਿੱਲੋ, ਸੁਰੇਸ਼- ਅੱਧਾ ਕਿੱਲੋ, ਪਾਣੀ- 100 ਲਿਟਰ ਲੈਣਾ ਹੈ।
ਸਭ ਤੋਂ ਪਹਿਲਾਂ ਅਣਬੁਝੇ ਚੂਨੇ ਨੂੰ ਲਗਭਗ 70 ਲਿਟਰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਕਿਸੇ ਸਾਫ਼ ਬਰਤਨ ਵਿੱਚ ਪੁਣ ਲਵੋ। ਇਸ ਤੋਂ ਬਾਅਦ ਨੀਲੇ ਥੋਥੇ ਨੂੰ ਕਿਸੇ ਮਿੱਟੀ ਦੇ ਬਣੇ ਹੋਏ ਬਰਤਨ ਵਿੱਚ ਪਾ ਦਿਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਘੋਲੋ। ਘੋਲ ਬਣਾਉਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਨੀਲੇ ਥੋਥੇ ਨੂੰ ਕਦੀ ਵੀ ਧਾਤ ਦੇ ਬਣੇ ਬਰਤਨ ਵਿੱਚ ਨਾ ਘੋਲੋ। ਫਿਰ ਇਸੇ ਤਰ੍ਹਾਂ ਨਾਲ ਸੁਰੇਸ਼ ਨੂੰ ਥੋੜ੍ਹੇ ਗਰਮ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਘੋਲੋ। ਹੁਣ ਇਨ੍ਹਾਂ ਤਿੰਨ ਘੋਲ਼ਾਂ (ਕਲੀ, ਨੀਲਾ ਥੋਥਾ ਅਤੇ ਸੁਰੇਸ਼) ਨੂੰ ਕਿਸੇ ਹੋਰ ਬਰਤਨ (ਧਾਤ ਦੇ ਬਰਤਨ ਤੋਂ ਬਿਨਾਂ) ਵਿੱਚ ਮਿਲਾ ਲਵੋ। ਇਨ੍ਹਾਂ ਤਿੰਨ ਘੋਲਾਂ ਨੂੰ ਮਿਲਾਉਣ ਲਈ ਲੱਕੜੀ ਦੀ ਸੋਟੀ ਦੀ ਵਰਤੋਂ ਕਰੋ ਤਾਂ ਜੋ ਘੋਲ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲ ਜਾਣ ਅਤੇ ਇਸ ਤੋਂ ਬਾਅਦ ਪਾਣੀ ਦੀ ਮਾਤਰਾ ਪੂਰੀ 100 ਲਿਟਰ ਕਰ ਲਵੋ। ਹੁਣ ਇਹ ਮਿਸ਼ਰਣ ਬੂਟਿਆਂ ਦੇ ਤਣਿਆਂ ਉੱਪਰ ਲਗਾਉਣ ਲਈ ਤਿਆਰ ਹੈ।
(5) ਬੂਟਿਆਂ ਦੇ ਤਣੇ ਨੂੰ ਢਕਣਾ: ਫ਼ਲਦਾਰ ਬੂਟਿਆਂ ਦੇ ਹੇਠਾਂ ਤਣੇ ਵਾਲੇ ਹਿੱਸੇ ਨੂੰ ਕਿਸੇ ਪੁਰਾਣੇ ਗਨੀ ਬੈਗ ਜਾਂ ਪਰਾਲੀ ਜਾਂ ਗੰਨੇ ਦੀ ਖੋਰੀ ਨਾਲ ਢੱਕ ਦਿਓ। ਇਸ ਤਰ੍ਹਾਂ ਕਰਨ ਨਾਲ ਬੂਟਿਆਂ ਦੇ ਤਣੇ ਨੂੰ ਗਰਮੀ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ।
(6) ਜੈਵਿਕ ਸ਼ੌਰਾ ਕਰਨਾ: ਪਰਾਲੀ, ਗੰਨੇ ਦੀ ਖੋਰੀ ਅਤੇ ਘਾਹ ਫੂਸ ਨਾਲ ਬੂਟਿਆਂ ਦੇ ਹੇਠਲੀ ਮਿੱਟੀ ਨੂੰ ਚੰਗੀ ਤਰ੍ਹਾਂ ਨਾਲ ਢੱਕ ਦਿਓ, ਜਿਸ ਨਾਲ ਕੇ ਬੂਟਿਆਂ ਦੇ ਆਲੇ ਦੁਆਲੇ ਨਮੀ ਦੀ ਮਾਤਰਾ ਬਣੀ ਰਹੇ ਅਤੇ ਬੂਟਿਆਂ ਨੂੰ ਤੇਜ਼ ਗਰਮੀ ਦੇ ਮਾੜੇ ਅਸਰ ਤੋਂ ਬਚਾਇਆ ਜਾ ਸਕੇ।
(7) ਫ਼ਲਦਾਰ ਬੂਟਿਆਂ ਦੀ ਸਿਧਾਈ ਕਰਨੀ: ਇਹ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਉੱਚੇ ਕੱਦ ਵਾਲੇ ਬੂਟਿਆਂ ਦੇ ਮੁਕਾਬਲੇ ਨੀਂਵੇਂ ਕੱਦ ਵਾਲੇ ਬੂਟੇ ਸੂਰਜ ਦੀ ਤੇਜ਼ ਧੁੱਪ ਦੇ ਮਾੜੇ ਅਸਰ ਹੇਠ ਜ਼ਿਆਦਾ ਆਉਂਦੇ ਹਨ। ਇਸ ਲਈ ਬਾਗਬਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਗਰਮ ਅਤੇ ਖੁਸ਼ਕ ਇਲਾਕਿਆਂ ਵਿੱਚ ਫ਼ਲਦਾਰ ਬੂਟਿਆਂ ਦੀ ਸਿਧਾਈ ਇਸ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦਾ ਕੱਦ ਛੋਟਾ ਰਹੇ ਤਾਂ ਜੋ ਇਸ ਮੌਸਮ ਵਿੱਚ ਤੇਜ਼ ਚੱਲਣ ਵਾਲੀਆਂ ਹਨੇਰੀਆਂ ਦਾ ਅਸਰ ਛੋਟੇ ਕੱਦ ਵਾਲੇ ਬੂਟਿਆਂ ’ਤੇ ਜ਼ਿਆਦਾ ਉੱਚੇ ਕੱਦ ਵਾਲੇ ਬੂਟਿਆਂ ਨਾਲੋਂ ਘੱਟ ਹੋਵੇ ਅਤੇ ਇਸ ਤੋਂ ਇਲਾਵਾ ਛੋਟੇ ਕੱਦ ਵਾਲੇ ਲੀਚੀ ਦੇ ਬੂਟਿਆਂ ਉੱਪਰ ਲੱਗਿਆ ਫ਼ਲ ਉੱਚੇ ਕੱਦ ਵਾਲੇ ਲੀਚੀ ਦੇ ਬੂਟਿਆਂ ਨਾਲੋਂ ਘੱਟ ਫਟਦਾ ਹੈ। ਇਨ੍ਹਾਂ ਨੁਕਤਿਆਂ ਨੂੰ ਅਮਲ ਵਿੱਚ ਲਿਆ ਕੇ ਫ਼ਲਦਾਰ ਬੂਟਿਆਂ ਨੂੰ ਗਰਮੀਆਂ ਦੇ ਮੌਸਮ ਦੇ ਮਾੜੇ ਪ੍ਰਭਾਵ ਤੋਂ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ।
*ਪੀ.ਏ.ਯੂ., ਖੇਤਰੀ ਕੇਂਦਰ, ਗੁਰਦਾਸਪੁਰ।

Advertisement

Advertisement
Advertisement
Advertisement
Author Image

Balwinder Kaur

View all posts

Advertisement