ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਹੇਠਲੀ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਦੀ ਮੀਟਿੰਗ ਅੱਜ ਕਮੇਟੀ ਦੇ ਪ੍ਰਧਾਨ ਜ਼ੋਰਾ ਸਿੰਘ ਦੀ ਪ੍ਰਧਾਨਗੀ ਹੇਠ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਲਲਤੋਂ ਖੁਰਦ ਵਿੱਚ ਹੋਈ। ਇਸ ਵਿੱਚ ਕਮੇਟੀ ਮੈਂਬਰਾਂ ਤੋਂ ਇਲਾਵਾ ਇਸ ਦੇ ਬਾਲ ਸਹਾਇਕ ਵੀ ਵਧ ਚੜ੍ਹ ਕੇ ਸ਼ਾਮਲ ਹੋਏ।
ਪ੍ਰਬੰਧਕਾਂ ਨੇ ਦੱਸਿਆ ਕਿ ਗਦਰੀ ਬਾਬਾ ਗੁਰਮੁਖ ਸਿੰਘ ਦੀ 48ਵੀਂ ਬਰਸੀ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ, ਨੌਜਵਾਨ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਪੂਰਨ ਸਹਿਯੋਗ ਨਾਲ 7 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਖੇਡ ਮੈਦਾਨ ਲਲਤੋਂ ਖੁਰਦ ਵਿੱਚ ਵਿਸ਼ਾਲ ਦੇਖ ਭਗਤ ਮੇਲਾ ਲਗਾਇਆ ਜਾਵੇਗਾ। ਮੇਲੇ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਨਾਟਕ ਟੀਮ ਵੱਲੋਂ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਅਹਿਮ ਨਾਟਕ ‘ਪਰਿੰਦੇ ਭਟਕ ਗਏ’ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕ ਕਲਾਕਾਰ, ਉੱਤਮ ਲੋਕ ਪੱਖੀ, ਇਨਕਲਾਬੀ ਤੇ ਦੇਸ਼ ਭਗਤੀ ਦੇ ਰੰਗ ਵਾਲਾ ਗੀਤ- ਸੰਗੀਤ ਤੇ ਕੋਰੀਓਗਰਾਫੀਆਂ ਅਤੇ ਸਕੂਲੀ ਬੱਚਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ। ਅੱਜ ਦੀ ਮੀਟਿੰਗ ਵਿੱਚ ਵੱਖ-ਵੱਖ ਆਗੂਆਂ ’ਚ ਮਾਸਟਰ ਜਸਦੇਵ ਸਿੰਘ , ਰੂਪ ਸਿੰਘ , ਹਰਭਜਨ ਸਿੰਘ, ਜਗਰਾਜ ਸਿੰਘ ਰਾਜਾ ਨੇ ਵੱਖ ਵੱਖ ਕਾਰਜਾਂ ਅਤੇ ਕੀਤੀਆਂ ਜਾਣ ਵਾਲੀਆਂ ਡਿਊਟੀਆਂ ਬਾਰੇ ਵਿਸਥਾਰੀ ਰੂਪ ’ਚ ਚਾਨਣਾ ਪਾਇਆ।