ਗਤਕਾ ਮੁਕਾਬਲਾ: ਹਠੂਰ ਨੇ ਜਿੱਤਿਆ ਪਹਿਲਾ ਇਨਾਮ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 14 ਅਪਰੈਲ
ਪੰਜਾਬ ਗਤਕਾ ਐਸੋਸੀਏਸ਼ਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਵੱਲੋਂ ਦੂਜਾ ਵਿਰਸਾ ਸੰਭਾਲ ਗਤਕਾ ਮੁਕਾਬਲਾ ਗੁਰਦੁਆਰਾ ਅੰਬ ਸਾਹਿਬ ਫੇਜ਼-8 ਮੁਹਾਲੀ ਵਿੱਚ ਕਰਵਾਇਆ ਗਿਆ। ਮੁਕਾਬਲੇ ਤੋਂ ਪਹਿਲਾਂ ਗੁਰਦੁਆਰਾ ਸਾਚਾ ਧੰਨ ਸਾਹਿਬ 3 ਬੀ 1 ਮੁਹਾਲੀ ਤੋਂ ਗੁਰਦੁਆਰਾ ਅੰਬ ਸਾਹਿਬ ਫੇਜ਼ 8 ਮੁਹਾਲੀ ਤੱਕ ਮਹੱਲਾ ਸਜਾਇਆ ਗਿਆ। ਮੁਕਾਬਲੇ ਦੀ ਸ਼ੁਰੂਆਤ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੇ ਕੀਤੀ। ਜ਼ਿਲ੍ਹਾ ਗਤਕਾ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਅਕਬਿੰਦਰ ਸਿੰਘ ਗੋਸਲ ਦੀ ਅਗਵਾਈ ’ਚ ਡਾ. ਕੁਲਦੀਪ ਸਿੰਘ ਬਾਕਰਪੁਰ, ਜਗਤਾਰ ਸਿੰਘ ਜੱਗੀ, ਦਵਿੰਦਰ ਸਿੰਘ ਜੁਗਨੀ ਅਤੇ ਅਮਰਜੀਤ ਸਿੰਘ ਦੀ ਸਮੁੱਚੀ ਟੀਮ ਵੱਲੋਂ ਕਰਵਾਏ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਵੰਤ ਸਿੰਘ ਪੁੱਜੇ।
ਇਸ ਮੌਕੇ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ (ਮੋਗਾ) ਦੀ ਟੀਮ ਪਹਿਲੇ ਅਤੇ ਮੀਰੀ ਪੀਰੀ ਗਤਕਾ ਅਖਾੜਾ ਲੁਧਿਆਣਾ ਦੀ ਟੀਮ ਗਰੁੱਪ ਪ੍ਰਦਰਸ਼ਨ ਵਿੱਚ ਦੂਜੇ ਸਥਾਨ ’ਤੇ ਰਹੀ। ਫਰੀ ਸੋਟੀ ਫਾਈਟ ਵਿਅਕਤੀਗਤ ਮੁਕਾਬਲੇ ਵਿੱਚ ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਹਠੂਰ ਪਹਿਲੇ ਅਤੇ ਬਾਬਾ ਹਨੂਮਾਨ ਸਿੰਘ ਗਤਕਾ ਅਖਾੜਾ ਫੇਜ਼ 11 ਮੁਹਾਲੀ ਦੂਜੇ ਸਥਾਨ ਤੇ ਰਿਹਾ। ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਜੇਤੂਆਂ ਨੂੰ ਇਨਾਮ ਵੰਡੇ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਪਰਮਜੀਤ ਕੌਰ ਲਾਂਡਰਾਂ, ਨਰਿੰਦਰ ਸਿੰਘ ਸ਼ੇਰ ਗਿੱਲ ਚੇਅਰਮੈਨ ਮਿਲਕਫੈਡ ਪੰਜਾਬ, ਵਿਨੀਤ ਵਰਮਾ ਚੇਅਰਮੈਨ ਵਪਾਰ ਮੰਡਲ, ਹਰਸਿਮਰਨ ਸਿੰਘ ਬੱਲ ਡੀਐਸਪੀ, ਗੋਬਿੰਦਰ ਮਿੱਤਲ ਚੇਅਰਮੈਨ ਮਾਰਕੀਟ ਕਮੇਟੀ ਮੁਹਾਲੀ, ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਜਗਪਾਲ ਸਿੰਘ ਮਟੌਰ, ਸੁਰਜੀਤ ਸਿੰਘ ਮੁਹਾਲੀ, ਸੁਖਵਿੰਦਰਜੀਤ ਸਿੰਘ ਗਿੱਲ ਅਤੇ ਬਲਜੀਤ ਸਿੰਘ ਦੈੜੀ ਵਿਸ਼ੇਸ਼ ਤੌਰ ’ਤੇ ਪਹੁੰਚੇ।