ਗਣਿਤ ਦਾ ਹੁਨਰ
ਕੌਮੀ ਸਿੱਖਿਆ ਨੀਤੀ ਸੰਵਾਦ ਆਧਾਰਿਤ ਅਧਿਆਪਨ ਅਤੇ ਰੱਟੇ ਦੀ ਥਾਂ ਸਿੱਖਣ ਦੀ ਕਲਾ ਉੱਪਰ ਜ਼ੋਰ ਦਿੰਦੀ ਹੈ ਤਾਂ ਕਿ ਕਲਾਸਾਂ ਵਿੱਚ ਹਾਸਿਲ ਕੀਤੀ ਜਾਣ ਵਾਲੀ ਸਿੱਖਿਆ ਨੂੰ ਜੀਵਨ ਦੀਆਂ ਹਕੀਕੀ ਹਾਲਤਾਂ ਵਿੱਚ ਅਮਲ ’ਚ ਲਿਆਂਦਾ ਜਾ ਸਕੇ। ਇਸ ਦਾ ਧਿਆਨ ਇਸ ’ਤੇ ਕੇਂਦਰਿਤ ਹੈ ਕਿ ਵਿਦਿਆਰਥੀ ਭਰੋਸੇ ਨਾਲ ਦੁਨੀਆ ਦਾ ਸਾਹਮਣਾ ਕਰਨ ਦੇ ਸਮਰੱਥ ਬਣ ਸਕੇ। ਹਾਲੀਆ ਸਾਲਾਂ ਦੌਰਾਨ ਇਸ ਦਿਸ਼ਾ ਵਿੱਚ ਕਿੰਨੀ ਕੁ ਪ੍ਰਗਤੀ ਕੀਤੀ ਜਾ ਸਕੀ ਹੈ? ਨੋਬੇਲ ਪੁਰਸਕਾਰ ਜੇਤੂ ਵਿਦਵਾਨ ਅਭਿਜੀਤ ਬੈਨਰਜੀ ਅਤੇ ਐਸਥਰ ਡਫਲੋ ਦੇ ਸਾਂਝੇ ਤੌਰ ’ਤੇ ਕੀਤੇ ਅਧਿਐਨ ਵਿੱਚ ਦਰਸਾਇਆ ਗਿਆ ਹੈ ਕਿ ਇਕੱਲੇ ਗਣਿਤ ਵਿੱਚ ਚੰਗਾ ਹੋਣ ਨਾਲ ਜਿਵੇਂ ਬਾਜ਼ਾਰ ਵਿੱਚ ਕੰਮ ਕਰਦੇ ਭਾਰਤੀ ਬੱਚਿਆਂ ਤੋਂ ਦੇਖਿਆ ਜਾ ਸਕਦਾ ਹੈ, ਕੋਈ ਕਲਾਸਰੂਮ ਸਿੱਖਿਆ ਦਾ ਨਕਸ਼ਾ ਬਦਲਣ ਦੀ ਸੰਭਾਵਨਾ ਨਹੀਂ ਹੈ ਅਤੇ ਨਾ ਹੀ ਉਲਟੇ ਰੂਪ ਵਿੱਚ ਇਸ ਦਾ ਅਸਰ ਪੈਂਦਾ ਹੈ। ਸਾਧਾਰਨ ਸ਼ਬਦਾਂ ’ਚ ਆਖੀਏ ਤਾਂ ਸਿੱਖਿਆ ਦੇ ਸਹਿਜ ਤੇ ਰਸਮੀ ਤਰੀਕਿਆਂ ਵਿਚਾਲੇ ਵੱਡਾ ਖੱਪਾ ਹੈ ਜਿਸ ਨੂੰ ਪਾਠਕ੍ਰਮ ਬਿਹਤਰ ਕਰ ਕੇ ਪੂਰਿਆ ਜਾ ਸਕਦਾ ਹੈ।
ਇਕੱਲੇ ਭਾਰਤ ਹੀ ਨਹੀਂ, ਦੁਨੀਆ ਭਰ ’ਚ ਆਰਥਿਕ ਤੌਰ ’ਤੇ ਪੱਛੜੇ ਪਿਛੋਕੜ ਵਾਲੇ ਸਕੂਲੀ ਬੱਚਿਆਂ ਨੂੰ ਗਣਿਤ ’ਚ ਨਿਪੁੰਨ ਹੋਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਗ਼ਰੀਬੀ ਤੇ ਥੁੜ੍ਹਾਂ ਕਾਰਨ ਪੂਰੇ ਦੇਸ਼ ਦੇ ਕਰੋੜਾਂ ਪਰਿਵਾਰ ਆਪਣੇ ਬੱਚਿਆਂ ਨੂੰ ਕੰਮ ’ਤੇ ਭੇਜਣ ਲਈ ਮਜਬੂਰ ਹੁੰਦੇ ਹਨ, ਉਹ ਗਲ਼ੀਆਂ ’ਚ ਚੀਜ਼ਾਂ ਵੇਚਣ ਜਿਹੇ ਕਈ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਕਦੇ ਵੀ ਸਕੂਲ ਨਹੀਂ ਗਏ ਹੁੰਦੇ। ਸਰਵੇਖਣ ਮੁਤਾਬਿਕ, ਇਸ ਤਰ੍ਹਾਂ ਦੇ ਬੱਚੇ ਸਕਿੰਟਾਂ ਵਿੱਚ ਗੁੰਝਲਦਾਰ ਗਿਣਤੀਆਂ-ਮਿਣਤੀਆਂ ਕਰ ਲੈਂਦੇ ਹਨ, ਉਹ ਵੀ ਬਿਨਾਂ ਕਿਸੇ ਮਦਦ ਤੋਂ ਪਰ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਸਰਲ ਸੰਖੇਪ ਗਣਿਤ ਉਨ੍ਹਾਂ ਨੂੰ ਸਮਝ ਨਹੀਂ ਪੈਂਦਾ। ਉਨ੍ਹਾਂ ਦੇ ਸਕੂਲ ਜਾ ਰਹੇ ਹਨ ਹਾਣੀ ਅਕਾਦਮਿਕ ਗਣਿਤ ਤਾਂ ਚੰਗਾ ਹੱਲ ਕਰਦੇ ਹਨ ਪਰ ਅਸਲ ਬੁਨਿਆਦੀ ਗਿਣਤੀਆਂ ’ਚ ਨਾਕਾਮ ਹੋ ਜਾਂਦੇ ਹਨ।
ਸਿੱਖਿਆ ਦੀ ਸਥਿਤੀ ਬਾਰੇ ਸਾਲਾਨਾ ਰਿਪੋਰਟ (ਏਐੱਸਈਆਰ) 2024 ਦਰਸਾਉਂਦੀ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 6-14 ਸਾਲ ਦੇ ਉਮਰ ਵਰਗ ਦੇ ਬੱਚਿਆਂ ਦਾ ਗਣਿਤ ਦਾ ਪੱਧਰ ਸੁਧਰਿਆ ਹੈ। ਏਐੱਸਈਆਰ ’ਚ ਸਕੂਲੀ ਸਿੱਖਿਆ ਨਾਲ ਸਬੰਧਿਤ ਕਈ ਹੋਰ ਜਾਣਕਾਰੀਆਂ ਵੀ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਬੱਚਿਆਂ ਦੀ ਪੜ੍ਹਨ-ਲਿਖਣ ਦੀ ਸਮਰੱਥਾ ਦੀ ਸਮੀਖਿਆ ਵੀ ਸ਼ਾਮਿਲ ਹੈ। ਇਸ ’ਚ ਵੱਖ-ਵੱਖ ਸੂਬਿਆਂ ਦੀ ਦਰਜਾਬੰਦੀ ਕੀਤੀ ਗਈ ਹੈ। ਇਹ ਚੰਗੀ ਨਿਸ਼ਾਨੀ ਹੈ ਪਰ ਬੱਚਿਆਂ ਨੂੰ ਪਾਠ ਪ ੁਸਤਕਾਂ ਤੋਂ ਬਾਹਰ ਨਿਕਲ ਕੇ ਵਿਹਾਰਕ ਹਿਸਾਬ-ਕਿਤਾਬ ’ਚ ਆਪਣਾ ਹੁਨਰ ਨਿਖਾਰਨ ਲਈ ਪ੍ਰੇਰਿਤ ਕਰਨਾ ਵੀ ਘੱਟ ਅਹਿਮੀਅਤ ਨਹੀਂ ਰੱਖਦਾ। ਇਸ ਤਰ੍ਹਾਂ ਦੀ ਪਹੁੰਚ ਲੰਮੇ ਸਮੇਂ ਲਈ ਕੌਮੀ ਸਿੱਖਿਆ ਨੀਤੀ (ਐੱਨਈਪੀ) ਨੂੰ ਸਫ਼ਲਤਾ ਨਾਲ ਲਾਗੂ ਕਰਨ ’ਚ ਕਾਰਗਰ ਸਾਬਿਤ ਹੋ ਸਕਦੀ ਹੈ। ਇਹ ਬੱਚਿਆਂ ਨੂੰ ਮਹਿਜ਼ ਰੱਟਾਮਾਰ ਬਣਾਉਣ ਜਾਂ ਪ੍ਰੀਖਿਆਵਾਂ ਲਈ ਹੀ ਮਿਹਨਤ ਕਰਨ ਦੇ ਦਬਾਅ ਵਿੱਚੋਂ ਕੱਢ ਕੇ ਰੁਜ਼ਗਾਰ ਦੇ ਲਾਇਕ ਬਣਾਉਣ ਦੇ ਨਾਲ-ਨਾਲ ਆਮ ਜ਼ਿੰਦਗੀ ਲਈ ਪੂਰੀ ਤਰ੍ਹਾਂ ਤਿਆਰ ਕਰ ਸਕਦੀ ਹੈ। ਭਾਰਤ ਦੀ ਸਮਾਜਿਕ-ਆਰਥਿਕ ਤਰੱਕੀ ਨੂੰ ਹੁਲਾਰਾ ਦੇਣ ਲਈ ਨਿਪੁੰਨ ਕਿਰਤ ਸ਼ਕਤੀ ਸਾਡੀ ਪਹਿਲੀ ਲੋੜ ਹੈ।