ਗੜਗੱਜ ਵਲੋਂ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਦਾ ਆਗਾਜ਼
ਜਗਤਾਰ ਸਿੰਘ ਲਾਂਬਾ
ਅੰਮਿਤਸਰ, 15 ਅਪਰੈਲ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਅੱਜ ਨਗਾਰਾ ਵਜਾ ਕੇ ਅੰਮ੍ਰਿਤਸਰ ਦੇ ਪਿੰਡ ਗੱਗੋ ਮਾਹਲ ਸਥਿਤ ਗੁਰਦੁਆਰਾ ਜਨਮ ਅਸਥਾਨ ਭਾਈ ਜੀਵਨ ਸਿੰਘ ਤੋਂ ‘ਖੁਆਰ ਹੋਏ ਸਭ ਮਿਲੈਂਗੇ” ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ। ਇਹ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਛਬੀਲ ਬਾਬਾ ਬੁੱਢਾ ਜੀ ਵਿਖੇ ਜਲ ਦੀ ਸੇਵਾ ਵੀ ਕੀਤੀ। ਇਹ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਗੁਰਦੁਆਰੇ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ, ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਦਾ ਆਗਾਜ਼ ਕਰਨ ਸਬੰਧੀ ਅਰਦਾਸ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਖੁਦ ਕੀਤੀ ਗਈ। ਇਸ ਮੌਕੇ ਜਥੇਦਾਰ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਤਹਿਤ ਪੰਜਾਬ ਤੇ ਹੋਰ ਸੂਬਿਆਂ ਦੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਤੇ ਸੰਦੇਸ਼ ਨੂੰ ਪਹੁੰਚਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਸੰਗਤ ਨੂੰ ਅੰਮ੍ਰਿਤਪਾਨ ਕਰਨ ਲਈ ਪ੍ਰੇਰਿਆ ਜਾਵੇਗਾ। ਇਸ ਲਹਿਰ ਤਹਿਤ ਪਿਛਲੇ ਸਮੇਂ ਤੋਂ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ੍ਹਣ ਦੇ ਨਾਲ-ਨਾਲ ਸਿੱਖ ਜਥੇਬੰਦੀਆਂ ਵਿਚਕਾਰ ਇਕਜੁੱਟਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਲਹਿਰ ਤਹਿਤ ਲਗਾਤਾਰ ਇੱਕ ਸਾਲ ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪੜਾਅ ਦਰ ਪੜਾਅ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖ ਵਿਰੋਧੀ ਡੇਰਾਵਾਦ ਵੀ ਵੱਡੀ ਸਮੱਸਿਆ ਹੈ ਜਿਸ ਨੂੰ ਇਕਜੁੱਟਤਾ ਨਾਲ ਠੱਲ੍ਹਣ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਅਮਰੀਕ ਸਿੰਘ ਵਿਛੋਆ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਬਿਜੈ ਸਿੰਘ, ਭਾਈ ਜੀਵਨ ਸਿੰਘ ਨੇ ਵੀ ਸੰਬੋਧਨ ਕੀਤਾ।