ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਝਨੇੜੀ ਗਊਸ਼ਾਲਾ ਦਾ ਦੌਰਾ
ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਫਰਵਰੀ
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਅੱਜ ਅਧਿਕਾਰੀਆਂ ਸਮੇਤ ਭਵਾਨੀਗੜ੍ਹ ਨੇੜਲੇ ਪਿੰਡ ਝਨੇੜੀ ਵਿੱਚ ਬਣੀ ਸਰਕਾਰੀ ਗਊਸ਼ਾਲਾ ’ਚ ਪਸ਼ੂਧਨ ਲਈ ਉਪਲਬਧ ਸਹੂਲਤਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਧਨ ਨੂੰ ਸੜਕਾਂ ਉੱਤੇ ਰੁਲਣ ਤੋਂ ਬਚਾਉਣ ਅਤੇ ਢੁਕਵੀਂ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਇਸ ਉਦੇਸ਼ ਤਹਿਤ ਇਸ ਗਊਸ਼ਾਲਾ ਵਿੱਚ ਪਸ਼ੂ ਧਨ ਲਈ ਹਰ ਲੋੜੀਂਦੀ ਸੁਵਿਧਾ ਉਪਲਬਧ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂ ਧਨ ਲਈ ਸੈੱਡਾਂ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਦੀ ਰੁੱਤ ਦੌਰਾਨ ਪਸ਼ੂ ਧਨ ਦੀਆਂ ਜਰੂਰਤਾਂ ਦੇ ਮੱਦੇਨਜ਼ਰ ਢੁਕਵੇਂ ਪ੍ਰਬੰਧ ਕਰਨੇ ਸਮੇਂ ਸਿਰ ਯਕੀਨੀ ਬਣਾਏ ਜਾਣ ਅਤੇ ਭਵਿੱਖ ਵਿੱਚ ਹੋਰ ਬੇਸਹਾਰਾ ਪਸ਼ੂਆਂ ਨੂੰ ਇਸ ਗਊਸ਼ਾਲਾ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਮੌਕੇ ਐੱਸਡੀਐੱਮ ਭਵਾਨੀਗੜ੍ਹ ਮਨਜੀਤ ਕੌਰ, ਡੀਐੱਸਪੀ ਡੀਐੱਸ ਵਿਰਕ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਲੈਨਿਨ ਗਰਗ, ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਡਾ. ਜਸਕਰਨ ਸਿੰਘ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।