ਗਊਸ਼ਾਲਾ ਕਮੇਟੀ ਤੇ ਪ੍ਰਸ਼ਾਸਨ ਦੇ ਸਿੰਗ ਫਸੇ

ਪੁਲੀਸ ਛਾਉਣੀ ’ਚ ਬਦਲਿਆ ਪਸ਼ੂ ਮੇਲਾ।

ਜਗਤਾਰ ਅਣਜਾਣ/ ਕੁਲਦੀਪ ਸਿੰਘ
ਮੌੜ ਮੰਡੀ, 20 ਸਤੰਬਰ
ਗਊ ਸੈੱਸ ਦੇ ਮੁੱਦੇ ’ਤੇ ਗਊਸ਼ਾਲਾ ਪ੍ਰਬੰਧਕ ਕਮੇਟੀ ਮੌੜ ਅਤੇ ਪ੍ਰਸ਼ਾਸਨ ਵਿਚਕਾਰ ਪੂਰਾ ਦਿਨ ਤਣਾਅ ਬਣਿਆ ਰਿਹਾ। ਮੌੜ ਪਸ਼ੂ ਮੇਲੇ ਦੀਆਂ ਪਰਚੀਆਂ ਕੱਟਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਪੁਲੀਸ ਰਾਹੀਂ ਗਊਸ਼ਾਲਾ ਕਮੇਟੀ ’ਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਅੱਜ ਡੀਐੱਸਪੀ ਜਸਵੀਰ ਸਿੰਘ ਦੀ ਅਗਵਾਈ ਹੇਠ ਪਸ਼ੂ ਮੇਲੇ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ ਤਾਂ ਜੋ ਪਸ਼ੂ ਮੇਲੇ ਦਾ ਪ੍ਰਬੰਧ ਮੁੜ ਠੇਕੇਦਾਰ ਦੇ ਹੱਥ ਦਿੱਤਾ ਜਾ ਸਕੇ ਪਰ ਗਊਸ਼ਾਲਾ ਕਮੇਟੀ ਅਤੇ ਇਲਾਕੇ ਦੇ ਲੋਕਾਂ ਦੇ ਰੋਹ ਅੱਗੇ ਪ੍ਰਸ਼ਾਸਨ ਬੇਵੱਸ ਹੋ ਗਿਆ।
ਕਮੇਟੀ ਨੇ ਅੱਜ ਫਿਰ ਦੂਸਰੀ ਵਾਰ ਐੱਸਡੀਐੱਮ ਮੌੜ ਰਾਜਪਾਲ ਸਿੰਘ ਦੀ ਮੌਜੂਦਗੀ ’ਚ ਵਿਕੇ ਹੋਏ ਪਸ਼ੂਆਂ ਦੀਆਂ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ ਪ੍ਰਸ਼ਾਸਨ ਨੇ ਇਸ ਮਾਮਲੇ ਤੋਂ ਟਾਲਾ ਵੱਟਣਾ ਹੀ ਮੁਨਾਸਿਬ ਸਮਝਿਆ ਅਤੇ ਟਾਲ ਮਟੋਲ ਨੀਤੀ ਤਹਿਤ ਪ੍ਰਸ਼ਾਸ਼ਨ ਸਾਰਾ ਦਿਨ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਦਾ ਰਿਹਾ। ਦੱਸਣਯੋਗ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਮੌੜ ਪਸ਼ੂ ਮੇਲਾ ਗਰਾਊਂਡ ’ਚ ਕੁਝ ਸਮਾਂ ਪਹਿਲਾਂ ਇਲਾਕੇ ਦੇ ਲੋਕਾਂ ਨੇ ਆਵਾਰਾ ਪਸ਼ੂ ਇਕੱਠੇ ਕਰਕੇ ਸ੍ਰੀ ਗੁਰੂ ਗੋਬਿੰਦ ਗੋਪਾਲ ਸਰਬ ਸਾਂਝੀ ਗਊਸ਼ਾਲਾ ਸਥਾਪਤ ਕਰਕੇ ਪ੍ਰਬੰਧਕ ਕਮੇਟੀ ਬਣਾ ਦਿੱਤੀ ਸੀ ਜਿਸ ਵਿਚ ਅਠਾਰਾਂ ਸੌਂ ਦੇ ਕਰੀਬ ਪਸ਼ੂ ਹੋ ਚੁੱਕੇ ਹਨ। ਇਸ ਕਰਕੇ ਕਮੇਟੀ ਦੀ ਆਰਥਿਕ ਹਾਲਤ ਦਿਨੋਂ ਦਿਨ ਮਾੜੀ ਹੋ ਰਹੀ ਸੀ, ਜਿਸ ਤੋ ਬਾਅਦ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਗਊ ਸੇਵਾ ਸੈੱਸ ਫੰਡ ’ਚੋਂ ਗਊਸ਼ਾਲਾ ਨੂੰ ਗਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਆਵਾਰਾ ਪਸ਼ੂਆਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਬਾਰੇ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲ ਕੇ ਵੀ ਜਾਣੂ ਕਰਵਾਇਆ ਸੀ ਅਤੇ ਕਿਹਾ ਸੀ ਕਿ ਜਾਂ ਤਾਂ ਗਊਸ਼ਾਲਾ ਨੂੰ ਗਊ ਸੈੱਸ ਫੰਡ ’ਚੋਂ ਗਰਾਂਟ ਦਿੱਤੀ ਜਾਵੇ, ਨਹੀਂ ਤਾਂ 20 ਸਤੰਬਰ ਦੇ ਪਸ਼ੂ ਮੇਲੇ ਵਾਲੇ ਦਿਨ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਮੇਲਾ ਫੀਸ ਵਸੂਲੀ ਜਾਵੇਗੀ।
ਇਸ ਮੌਕੇ ਲੱਖਾ ਸਿਧਾਣਾ, ਸ਼ੁਸ਼ੀਲ ਕੁਮਾਰ ਸ਼ੀਲੀ, ਦੇਵ ਰਾਜ , ਰਮਨਾ ਮੌੜ ਕਲਾਂ, ਜਸਕਰਨ ਸਿੰਘ, ਜਨਕ ਕੁਮਾਰ, ਵਿੱਕੀ ਘੁੰਮਣੀਆ, ਰਾਜੇਸ਼ ਜੈਨ ਸਾਬਕਾ ਪ੍ਰਧਾਨ, ਵਿਜੈ ਕੁਮਾਰ ਭੋਲਾ, ਰਾਜਿੰਦਰ ਮੋਹਨ ਪੱਪਾ, ਵਿੰਦਰ ਸਿੰਘ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ। ਅਧਿਕਾਰੀਆਂ ਨੇ ਇਸ ਮਸਲੇ ਬਾਰੇ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ।

ਪੁਲੀਸ ਦੇ ਦਬਾਅ ਹੇਠ ਵੀ ਨਾ ਝੁਕੇ ਪ੍ਰਬੰਧਕ

ਭਾਵੇਂ ਅੱਜ ਪ੍ਰਸ਼ਾਸਨ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਪੁਲੀਸ ਜ਼ਰੀਏ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਪ੍ਰਬੰਧਕਾਂ ਨੇ ਬਿਨਾਂ ਕਿਸੇ ਡਰ ਭੈਅ ਦੇ ਮੇਲਾ ਫੀਸ ਦੀਆਂ ਪਰਚੀਆਂ ਕੱਟਣ ਦਾ ਸਿਲਸਿਲਾ ਜਾਰੀ ਰੱਖਿਆ। ਇਸ ਮੌਕੇ ਡੀਡੀਪੀਓ ਹਰਜਿੰਦਰ ਸਿੰਘ ਜੱਸਲ, ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਗਲਾ, ਬੀਡੀਪੀਓ ਮੌੜ ਗੁਰਟੇਕ ਸਿੰਘ, ਮੌੜ ਦੇ ਥਾਣਾ ਮੁਖੀ ਖੇਮ ਚੰਦ ਪਰਾਸ਼ਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਮੌਜੂਦ ਸਨ।

Tags :