ਗਊਆਂ ਦੀ ਮੌਤ: ਬੀਕੇਯੂ ਉਗਰਾਹਾਂ ਵੱਲੋਂ ਧਰਨੇ ਲਈ ਤਿਆਰੀ
ਬੀਰਬਲ ਰਿਸ਼ੀ
ਧੂਰੀ, 3 ਫਰਵਰੀ
ਮੁੱਖ ਮੰਤਰੀ ਦੇ ਹਲਕੇ ਧੂਰੀ ਨਾਲ ਸਬੰਧਤ ਪਿੰਡ ਖੇੜੀ ਜੱਟਾਂ ਦੇ ਡੇਅਰੀ ਧੰਦੇ ਨਾਲ ਜੁੜੇ ਕਿਸਾਨ ਪਰਿਵਾਰਾਂ ਦੀਆਂ ਢਾਈ ਦਰਜਨ ਤੋਂ ਵੱਧ ਗਊਆਂ ਮਰਨ ਦਾ ਮੁਆਵਜ਼ਾ ਨਾ ਮਿਲਣ ਵਿਰੁੱਧ ਬੀਕੇਯੂ ਏਕਤਾ ਉਗਰਾਹਾਂ ਨੇ ਐੱਸਡੀਐੱਮ ਧੂਰੀ ਦੇ ਦਫ਼ਤਰ ਅੱਗੇ ਲਗਾਏ ਜਾ ਰਹੇ ਪੱਕੇ ਧਰਨੇ ਦੀਆਂ ਤਿਆਰੀਆਂ ਵਜੋਂ ਅੱਜ ਪਿੰਡਾਂ ’ਚ ਲਾਮਬੰਦੀ ਆਰੰਭ ਦਿੱਤੀ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 7 ਫਰਵਰੀ ਤੋਂ ਸ਼ੁਰੂ ਕੀਤੇ ਜਾ ਰਹੇ ਪੱਕੇ ਧਰਨੇ ਵਿੱਚ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ, ਉਕਤ ਮਾਮਲੇ ’ਚ ਡੇਅਰੀ ਵਿਭਾਗ ਦੀ ਪਿਛਲੇ ਵਰ੍ਹੇ ਤੋਂ ਹੁਣ ਤੱਕ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਆਦਿ ਮੰਗਾਂ ਮੁੱਖ ਤੌਰ ’ਤੇ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਦੌਰਾਨ ਇੱਕ ਵੱਖਰੇ ਬਿਆਨ ਰਾਹੀਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਭਾਵੇਂ ਰਿਪੋਰਟਾਂ ਨੂੰ ਸਹੀ ਦੱਸਿਆ ਜਾ ਰਿਹਾ ਹੈ ਪਰ ਢਾਈ ਦਰਜਨ ਮਰੀਆਂ ਗਊਆਂ ਦੇ ਮਰਨ ਦਾ ਸਪੱਸ਼ਟ ਕਾਰਨ ਦਾ ਖੁਲਾਸਾ ਨਾ ਕਰਨ ਤੋਂ ਮਾਮਲਾ ਸ਼ੱਕ ਦੇ ਦਾਇਰੇ ਵਿੱਚ ਹੈ।
ਉਨ੍ਹਾਂ ਕਿਹਾ ਕਿ ਉਕਤ ਮਾਮਲੇ ’ਚ ਡੇਅਰੀ ਵਿਭਾਗ ਦੀ ਕੋਈ ਠੋਸ ਸਰਗਰਮੀ ਹੀ ਨਹੀਂ ਤਾਂ ਇਸ ਨੂੰ ਪਸ਼ੂ ਪਾਲਣ ਵਿਭਾਗ ਵਿੱਚ ਮਰਜ ਕਰ ਦੇਣਾ ਚਾਹੀਦਾ ਹੈ। ਡੇਅਰੀ ਵਿਭਾਗ ਦੇ ਇੰਸਪੈਕਟਰ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕੈਟਲ ਫੀਡ ਦੀ ਜਾਂਚ ਹੁਣ ਡੇਅਰੀ ਵਿਭਾਗ ਕੋਲ ਹੈ ਹੀ ਨਹੀਂ ਅਤੇ ਇਹ ਬੀਆਈਐਸ ਕੋਲ ਹੈ। ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਂਟਨਰੀ ਅਫ਼ਸਰ ਧੂਰੀ ਡਾ. ਤਰਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਰਿਪੋਰਟ ਨਾ ਹੋਣ ਦੇ ਬਾਵਜੂਦ ਪਸ਼ੂਆਂ ਦੇ ਬਿਮਾਰ ਹੋਣ ਸਮੇਂ ਡਾਕਟਰਾਂ ਨੇ ਕਿਸਾਨਾਂ ਦੇ ਘਰ ਰਹਿ ਕੇ ਇਲਾਜ ਕੀਤਾ, ਪੋਸਟਮਾਰਟਮ ਕੀਤੇ, ਜਾਂਚ ਲਈ ਬਕਾਇਦਾ ਐਨਡੀਡੀਆਰਐਲ ਜਲੰਧਰ ਤੇ ਗਡਵਾਸੂ ਯੂਨੀਵਰਸਿਟੀ ਲੁਧਿਆਣਾ ਨੂੰ ਨਮੂਨੇ ਭੇਜੇ ਜਿਸ ਦਾ ਪੂਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਸਪੱਸਟ ਕਿਹਾ ਕਿ ਚਾਰਾ, ਫੀਡ, ਆਚਾਰ ਆਦਿ ਡੇਅਰੀ ਡਿਵੈਲਪਮੈਂਟ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ।