ਜੋਗਿੰਦਰ ਸਿੰਘ ਓਬਰਾਏਖੰਨਾ, 15 ਅਪਰੈਲਮੌਸਮ ਸਾਫ਼ ਹੋਣ ਦੇ ਨਾਲ ਮੰਡੀਆਂ ਵਿੱਚ ਕਣਕ ਦੀ ਆਮਦ ਨੇ ਤੇਜ਼ੀ ਫੜ ਲਈ ਹੈ। ਤਿੰਨ-ਚਾਰ ਦਿਨ ਪਹਿਲਾਂ ਹਨੇਰੀ ਦੇ ਡਰ ਨੇ ਕਿਸਾਨਾਂ ਨੂੰ ਚਿੰਤਤ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ ਭਾਵੇਂ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦੇ ਮੰਡੀਆਂ ਵਿੱਚ ਪੂਰੇ ਇੰਤਜ਼ਾਮ ਹੋਣ ਦਾ ਦਾਅਵਾ ਕੀਤਾ ਸੀ, ਪਰ ਇਸ ਵਾਰ ਮੰਡੀਆਂ ਵਿੱਚ 8 ਅਪਰੈਲ ਤੋਂ ਬਾਅਦ ਹੀ ਕਣਕ ਆਉਣੀ ਸ਼ੁਰੂ ਹੋਈ ਹੈ। ਏਸ਼ੀਆ ਦੀ ਵੱਡੀ ਮੰਡੀ ਖੰਨਾ ਵਿੱਚ ਵੀ ਇਸ ਵਾਰ ਦੇਰ ਨਾਲ ਕਣਕ ਦੀ ਆਮਦ ਹੋਈ ਹੈ, ਪਰ ਹੁਣ ਇਸ ਆਮਦ ਨੇ ਤੇਜ਼ੀ ਫੜ ਲਈ ਹੈ।ਮਾਰਕੀਟ ਕਮੇਟੀ ਦੇ ਸਕੱਤਰ ਕਮਲਜੀਤ ਸਿੰਘ ਮਾਨ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪਨਸਪ ਨੇ 1499 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਨੇ 953 ਕੁਇੰਟਲ, ਪਨਗ੍ਰੇਨ ਨੇ 933 ਕੁਇੰਟਲ ਜਦੋਂਕਿ ਪ੍ਰਾਈਵੇਟ ਅਦਾਰਿਆਂ ਵੱਲੋਂ ਸਭ ਤੋਂ ਵਧੇਰੇ 51,051 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮਾਰਕਫੈੱਡ ਅਤੇ ਐੱਫਸੀਆਈ ਵੱਲੋਂ ਅਜੇ ਤੱਕ ਇੱਕ ਵੀ ਦਾਣਾ ਨਹੀਂ ਖਰੀਦਿਆ ਗਿਆ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਫ਼ਸਲ ਦੀ ਢੋਆ-ਢੁਆਈ ਦਾ ਕੰਮ ਨਾਲੋ-ਨਾਲ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਹੋਰ ਫ਼ਸਲ ਮੰਡੀ ਵਿੱਚ ਲਿਆਉਣ ਲਈ ਕੋਈ ਮੁਸ਼ਕਲ ਨਾ ਆਵੇ।ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ ਵਧੀਆ ਰਿਹਾ ਹੈ ਅਤੇ ਕੁਆਲਿਟੀ ਵੀ ਵਧੀਆ ਹੈ। ਸ੍ਰੀ ਰੋਸ਼ਾ ਅਨੁਸਾਰ ਖਰੀਦੀ ਗਈ ਫ਼ਸਲ ਦੀ ਅਦਾਇਗੀ ਨਾਲੋ-ਨਾਲ ਹੋਣ ਕਰਕੇ ਆੜ੍ਹਤੀ ਤੇ ਕਿਸਾਨ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਜੇ ਮੌਸਮ ਸਾਫ਼ ਰਿਹਾ ਤਾਂ ਇਸ ਸੀਜ਼ਨ ਦਾ ਸਾਰਾ ਕੰਮ 15 ਤੋਂ 18 ਦਿਨਾਂ ਵਿੱਚ ਖਤਮ ਹੋ ਜਾਵੇਗਾ।