ਖੋ-ਖੋ: ਗਲੀਆਂ ਤੋਂ ਵਿਸ਼ਵ ਕੱਪ ਤੱਕ
ਹਰਜੀਤ ਸਿੰਘ ਜੋਗਾ
ਸਾਲ 1918 ਵਿੱਚ ਪੂਨਾ (ਮਹਾਰਾਸ਼ਟਰ) ਦੇ ਜਿਮਖਾਨਾ ਕਲੱਬ ਵਿੱਚ ਮਿੱਟੀ ਦੇ ਮੈਦਾਨ ਤੋਂ ਸ਼ੁਰੂ ਹੋਈ ਖੋ-ਖੋ ਹੁਣ ਆਪਣਾ ਸਫ਼ਰ ਤੈਅ ਕਰਕੇ ਇਨਡੋਰ ਸਟੇਡੀਅਮਾਂ ਵਿੱਚ ਮੈਟ ’ਤੇ ਪਹੁੰਚਣ ਵਿੱਚ ਸਫਲਤਾ ਹਾਸਲ ਕਰ ਚੁੱਕੀ ਹੈ। ਖੋ-ਖੋ ਖੇਡ ਦੀ ਸ਼ੁਰੂਆਤ 1600 ਈਸਵੀ ਵਿੱਚ ਹੋਈ ਮੰਨੀ ਜਾਂਦੀ ਹੈ। ਉਸ ਸਮੇਂ ਇਹ ਖੇਡ ਰੱਥਾਂ ’ਤੇ ਚੜ੍ਹ ਕੇ ਖੇਡੀ ਜਾਂਦੀ ਸੀ। ਰੱਥਾਂ ’ਤੇ ਸਵਾਰ ਹੋ ਕੇ ਖੇਡਣ ਕਾਰਨ ਉਸ ਸਮੇਂ ਇਸ ਨੂੰ ‘ਰਥੇਰਾ’ ਕਿਹਾ ਜਾਂਦਾ ਸੀ।
ਪਹਿਲੀ ਵਾਰ ਇਸ ਖੇਡ ਦੇ ਨਿਯਮਾਂ ਨੂੰ 1914 ਵਿੱਚ ਬਾਲ ਗੰਗਾਧਰ ਤਿਲਕ ਵੱਲੋਂ ਲਿਖਤੀ ਰੂਪ ਦਿੱਤਾ ਗਿਆ। ਕਬੱਡੀ ਤੋਂ ਬਾਅਦ ਖੋ-ਖੋ ਇਸ ਤਰ੍ਹਾਂ ਦੀ ਪਹਿਲੀ ਸਵਦੇਸ਼ੀ ਖੇਡ ਹੈ ਜਿਸ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਖੇਡ ਬਣਾਉਣ ਲਈ ਖੋ-ਖੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਖੇਡ ਮੰਤਰਾਲੇ ਨਾਲ ਮਿਲ ਕੇ ਯਤਨ ਕੀਤੇ ਜਾ ਰਹੇ ਹਨ। ਪਹਿਲਾਂ ਇਹ ਖੇਡ ਭਾਰਤ ਦੇ ਰਾਜਾਂ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਆਦਿ ਵਿੱਚ ਹੀ ਜ਼ਿਆਦਾ ਪ੍ਰਚੱਲਿਤ ਸੀ, ਪਰ ਹੌਲੀ ਹੌਲੀ ਇਹ ਖੇਡ ਪੂਰੇ ਭਾਰਤ ਵਿੱਚ ਹਰਮਨਪਿਆਰੀ ਹੋ ਗਈ। 1936 ਦੀਆਂ ਬਰਲਿਨ ਓਲੰਪਿਕ ਖੇਡਾਂ ਮੌਕੇ ਭਾਰਤ ਦੀਆਂ ਹੋਰ ਰਵਾਇਤੀ ਖੇਡਾਂ ਦੇ ਨਾਲ ਨਾਲ ਖੋ-ਖੋ ਦਾ ਵੀ ਵਿਸ਼ੇਸ਼ ਤੌਰ ’ਤੇ ਪ੍ਰਦਰਸ਼ਨ ਕੀਤਾ ਗਿਆ ਸੀ। 1982 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ਿਆਈ ਖੇਡਾਂ ਮੌਕੇ ਵੀ ਇਸ ਦਾ ਪ੍ਰਦਰਸ਼ਨੀ ਮੈਚ ਵਿਸ਼ੇਸ਼ ਤੌਰ ’ਤੇ ਕਰਵਾਇਆ ਗਿਆ ਸੀ। ਉਸ ਤੋਂ ਬਾਅਦ 1996 ਵਿੱਚ ਕਲਕੱਤਾ ਵਿਖੇ ਪਹਿਲੀ ਖੋ-ਖੋ ਏਸ਼ੀਅਨ ਚੈਂਪੀਅਨਸ਼ਿਪ ਕਰਵਾਈ ਗਈ ਸੀ। ਫਿਰ 2016 ਵਿੱਚ ਗੁਹਾਟੀ ਵਿਖੇ ਹੋਈਆਂ ਦੱਖਣੀ ਏਸ਼ੀਆ ਖੇਡਾਂ ਵਿੱਚ ਇਸ ਨੂੰ ਮੁੱਖ ਖੇਡ ਵਜੋਂ ਸ਼ਾਮਲ ਕੀਤਾ ਗਿਆ।
ਖੋ-ਖੋ ਨੂੰ ਵਿਸ਼ਵ ਪੱਧਰ ’ਤੇ ਪ੍ਰਚੱਲਿਤ ਕਰਨ ਲਈ ਭਾਰਤੀ ਖੋ-ਖੋ ਫੈਡਰੇਸ਼ਨ ਨੇ ਵੱਖ ਵੱਖ ਦੇਸ਼ਾਂ ਵਿੱਚ ਭਾਰਤੀ ਖੋ-ਖੋ ਕੋਚ ਨਿਯੁਕਤ ਕਰਕੇ ਦੂਸਰੇ ਦੇਸ਼ਾਂ ਦੇ ਖਿਡਾਰੀਆਂ ਲਈ ਸਿਖਲਾਈ ਦਾ ਪ੍ਰਬੰਧ ਕੀਤਾ ਸੀ। ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਬਾਹਰਲੇ ਦੇਸ਼ਾਂ ਵਿੱਚ ਤਿਆਰ ਕੀਤੀਆਂ ਗਈਆਂ ਇਨ੍ਹਾਂ ਟੀਮਾਂ ਨੂੰ ਭਾਰਤ ਵਿੱਚ ਬੁਲਾ ਕੇ ਵੱਖ ਵੱਖ ਪ੍ਰਾਂਤਾਂ ਦੀਆਂ ਟੀਮਾਂ ਨਾਲ ਇਨ੍ਹਾਂ ਦੇ ਮੈਚ ਕਰਵਾਉਣ ਲਈ ਵੀ ਭਾਰਤੀ ਖੋ-ਖੋ ਫੈਡਰੇਸ਼ਨ ਵੱਲੋਂ ਕਾਫ਼ੀ ਕੰਮ ਕੀਤਾ ਗਿਆ ਜਿਸ ਸਦਕਾ ਅੱਜ 54 ਤੋਂ ਜ਼ਿਆਦਾ ਦੇਸ਼ਾਂ ਵਿੱਚ ਖੋ-ਖੋ ਖੇਡੀ ਜਾਣ ਲੱਗੀ ਹੈ।
ਭਾਰਤ ਤੋਂ ਇਲਾਵਾ ਹੋਰ ਵੀ ਅਨੇਕਾਂ ਮੁਲਕਾਂ ਵਿੱਚ ਇਸ ਦੀ ਵਧ ਰਹੀ ਹਰਮਨਪਿਆਰਤਾ ਦਾ ਹੀ ਨਤੀਜਾ ਹੈ ਕਿ ਇਸ ਸਾਲ ਭਾਰਤ ਇਸ ਖੇਡ ਦੇ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਵਿੱਚ ਜਨਮੀ ਇਸ ਪ੍ਰਾਚੀਨ ਤੇ ਰਵਾਇਤੀ ਖੇਡ ਦੇ ਹੋ ਰਹੇ ਮਹਾਂਕੁੰਭ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਮਰਦ ਅਤੇ ਔਰਤਾਂ ਦੀਆਂ 39 ਟੀਮਾਂ ਹਿੱਸਾ ਲੈ ਰਹੀਆਂ ਹਨ। ਗਲੀਆਂ-ਮੁਹੱਲਿਆਂ ਵਿੱਚ ਮਿੱਟੀ ’ਤੇ ਖੇਡੀ ਜਾਣ ਵਾਲੀ ਖੋ-ਖੋ ਹੁਣ ਵਿਸ਼ਵ ਕੱਪ ਤੱਕ ਪੁੱਜ ਚੁੱਕੀ ਹੈ ਜੋ ਇਸ ਖੇਡ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ। ਖੋ-ਖੋ ਵਿਸ਼ਵ ਕੱਪ ਨੂੰ ਕਰਵਾਉਣ ਦਾ ਅਸਲ ਉਦੇਸ਼ ਭਾਰਤ ਦੀ ਇਸ ਰਵਾਇਤੀ ਖੇਡ ਨੂੰ ਏਸ਼ਿਆਈ ਅਤੇ ਓਲੰਪਿਕ ਖੇਡਾਂ ਤੱਕ ਪਹੁੰਚਾਉਣਾ ਹੈ। ਪਹਿਲੇ ਵਿਸ਼ਵ ਕੱਪ ਵਿੱਚ ਵਿਸ਼ਵ ਦੇ 6 ਮਹਾਂਦੀਪਾਂ ਵਿੱਚੋਂ 23 ਦੇਸ਼ਾਂ ਦੇ 615 ਤੋਂ ਜ਼ਿਆਦਾ ਖਿਡਾਰੀ ਭਾਗ ਲੈ ਰਹੇ ਹਨ। ਅਫ਼ਰੀਕਾ ਮਹਾਂਦੀਪ ਵਿੱਚੋਂ ਘਾਨਾ, ਕੀਨੀਆ, ਦੱਖਣੀ ਅਫ਼ਰੀਕਾ ਅਤੇ ਯੂਗਾਂਡਾ, ਏਸ਼ੀਆ ਮਹਾਂਦੀਪ ਵਿੱਚੋਂ ਮੇਜ਼ਬਾਨ ਭਾਰਤ, ਬੰਗਲਾਦੇਸ਼, ਭੂਟਾਨ, ਇੰਡੋਨੇਸ਼ੀਆ, ਇਰਾਨ, ਮਲੇਸ਼ੀਆ, ਨੇਪਾਲ, ਦੱਖਣੀ ਕੋਰੀਆ ਅਤੇ ਸ਼੍ਰੀ ਲੰਕਾ, ਯੂਰਪ ਤੋਂ ਇੰਗਲੈਂਡ, ਜਰਮਨੀ, ਹਾਲੈਂਡ ਅਤੇ ਪੋਲੈਂਡ, ਉੱਤਰੀ ਅਮਰੀਕਾ ਮਹਾਂਦੀਪ ਵਿੱਚੋਂ ਸੰਯੁਕਤ ਰਾਜ ਅਮਰੀਕਾ, ਦੱਖਣੀ ਅਮਰੀਕਾ ਮਹਾਂਦੀਪ ਵਿੱਚੋਂ ਅਰਜਨਟੀਨਾ, ਬ੍ਰਾਜ਼ੀਲ ਅਤੇ ਪੇਰੂ ਅਤੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਪਣੇ-ਆਪਣੇ ਮਹਾਂਦੀਪ ਦੀ ਪ੍ਰਤੀਨਿਧਤਾ ਕਰਨਗੀਆਂ।
13 ਤੋਂ 19 ਜਨਵਰੀ ਤੱਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਪਹਿਲੇ ਖੋ-ਖੋ ਵਿਸ਼ਵ ਕੱਪ ਲਈ ਜੇਤੂ ਟੀਮਾਂ ਨੂੰ ਕੋਈ ਨਕਦ ਰਾਸ਼ੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਸਿਰਫ਼ ਟਰਾਫੀ ਨਾਲ ਹੀ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਲਈ ਤੇਜਸ ਅਤੇ ਤਾਰਾ ਨਾਮ ਦੀ ਜੋੜੀ ਦਾ ਸ਼ੁਭਾਂਕਰ ਵੀ ਜਾਰੀ ਕੀਤਾ ਗਿਆ ਹੈ। ਵਿਸ਼ਵ ਕੱਪ ਅਲਟੀਮੇਟ ਖੋ-ਖੋ ਦੀ ਤਰਜ਼ ’ਤੇ ਤੇਜ਼-ਤਰਾਰ ਫਾਰਮੈੱਟ ਵਿੱਚ ਕਰਵਾਇਆ ਜਾ ਰਿਹਾ ਹੈ।
ਨਵੇਂ ਨਿਯਮਾਂ ਅਨੁਸਾਰ ਹਮਲਾਵਰ ਟੀਮ ਵਿੱਚ ਸ਼ਤਰੰਜ ਦੀ ਤਰ੍ਹਾਂ ਇੱਕ ‘ਵਜ਼ੀਰ’ ਖਿਡਾਰੀ ਹੈ ਜੋ ਕਿਸੇ ਵੀ ਦਿਸ਼ਾ ਵਿੱਚ ਮੁੜਨ ਲਈ ਸੁਤੰਤਰ ਹੈ। ਇਸ ਤੋਂ ਪਹਿਲਾਂ ਹਮਲਾਵਰ ਪੱਖ ਦਾ ਖਿਡਾਰੀ ਆਪਣੀ ਦਿਸ਼ਾ ਨਹੀਂ ਬਦਲ ਸਕਦਾ ਸੀ। ਜਿਸ ਤਰ੍ਹਾਂ ਵਾਲੀਬਾਲ ਵਿੱਚ ‘ਲਿਬਰੋ’ ਦੀ ਵਰਦੀ ਦਾ ਰੰਗ ਆਪਣੇ ਸਾਥੀ ਖਿਡਾਰੀਆਂ ਦੀ ਵਰਦੀ ਤੋਂ ਵੱਖਰਾ ਹੁੰਦਾ ਹੈ, ਇਸੇ ਤਰ੍ਹਾਂ ਹੀ ‘ਵਜ਼ੀਰ’ ਦੀ ਵਰਦੀ ਵੀ ਵੱਖਰੇ ਰੰਗ ਦੀ ਹੈ ਤਾਂ ਕਿ ਉਸ ਦੀ ਪਹਿਚਾਣ ਰਹੇ। ਖੋ-ਖੋ ਵਿੱਚ ‘ਵਜ਼ੀਰ’ ਖਿਡਾਰੀ ਰੱਖਣ ਨਾਲ ਇਹ ਖੇਡ ਹੋਰ ਜ਼ਿਆਦਾ ਗਤੀਸ਼ੀਲ ਬਣੇਗੀ। ਪਹਿਲੇ ਖੋ-ਖੋ ਵਿਸ਼ਵ ਕੱਪ ਵਿੱਚ ਦਰਸ਼ਕਾਂ ਦਾ ਦਾਖਲਾ ਮੁਫ਼ਤ ਰੱਖਿਆ ਗਿਆ ਹੈ। ਦਰਸ਼ਕ ਵੱਖ-ਵੱਖ ਆਨਲਾਈਨ ਪਲੈਟਫਾਰਮਾਂ ਰਾਹੀਂ ਆਪਣੀ ਸੀਟ ਬੁੱਕ ਕਰਵਾ ਕੇ ਇਨ੍ਹਾਂ ਮੈਚਾਂ ਦਾ ਆਨੰਦ ਮਾਣ ਸਕਦੇ ਹਨ।
ਸੰਪਰਕ: 94178-30981