ਖੇੜੀ ਜੱਟਾਂ ’ਚ ਗਊਆਂ ਮਰਨ ਦਾ ਮਾਮਲਾ ਮੁੜ ਭਖਿਆ
ਬੀਰਬਲ ਰਿਸ਼ੀ
ਧੂਰੀ, 2 ਫਰਵਰੀ
ਇੱਥੋਂ ਦੇ ਪਿੰਡ ਖੇੜੀ ਜੱਟਾਂ ’ਚ ਦੋ ਕਿਸਾਨ ਪਰਿਵਾਰਾਂ ਦੀਆਂ ਢਾਈ ਦਰਜਨ ਤੋਂ ਵੱਧ ਗਊਆਂ ਮਰਨ ਮਗਰੋਂ ਵਾਰ-ਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜੀਆਂ ਫਾਈਲਾਂ ਪੀੜਤਾਂ ਲਈ ਰਾਹਤ ਦਾ ਸਬੱਬ ਨਹੀਂ ਬਣ ਸਕੀਆਂ। ਬੀਕੇਯੂ ਏਕਤਾ ਉਗਰਾਹਾਂ ਨੇ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਪਸ਼ੂ ਪਾਲਣ ਵਿਭਾਗ ਤੇ ਫੀਡ ਮੁਹੱਈਆ ਕਰਵਾਉਣ ਵਾਲੀ ਫੈਕਟਰੀ ਦੇ ਕਥਿਤ ਗੱਠਜੋੜ ਨੂੰ ਬੇਪਰਦ ਕਰਨ ਲਈ ਜਿੱਥੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਉੱਥੇ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ 7 ਫਰਵਰੀ ਤੋਂ ਐੱਸਡੀਐੱਮ ਦਫ਼ਤਰ ਧੂਰੀ ਅੱਗੇ ਪੱਕੇ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ ਜਨਵਰੀ 2024 ਦੌਰਾਨ ਕਿਸਾਨ ਪਰਿਵਾਰਾਂ ਦੇ ਸ਼ੈੱਡ ਖਾਲੀ ਹੋ ਗਏ। ਲੱਖਾਂ ਦੇ ਹੋਏ ਅਚਨਚੇਤ ਨੁਕਸਾਨ ਦੇ ਮਾਮਲੇ ’ਚ ਭਾਵੇਂ ਫੀਡ ਫੈਕਟਰੀ ਮੈਨੇਜਮੈਂਟ ’ਤੇ ਪਰਚਾ ਦਰਜ ਹੋਇਆ ਪਰ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਅੱਧ ਅਧੂਰੀ ਕਾਰਵਾਈ ਡੂੰਘੀ ਜਾਂਚ ਦਾ ਵਿਸ਼ਾ ਹੈ। ਉਧਰ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਤਕਰੀਬਨ 25 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਦਵਾਈਆਂ ’ਤੇ ਲੱਖਾਂ ਰੁਪਏ ਲੱਗੇ ਪਰ ਗਊਆਂ ਮੌਤ ਦੇ ਮੂੰਹ ਜਾ ਪਈਆਂ। ਉਨ੍ਹਾਂ ਦੱਸਿਆ ਕਿ ਇਨਸਾਫ਼ ਲੈਣ ਲਈ ਉਹ ਖਪਤਕਾਰ ਫੋਰਮ ਵਿੱਚ ਗਏ ਹੋਏ ਹਨ ਪਰ ਇਨਸਾਫ਼ ਮਿਲਣ ਤੱਕ ਸਬੰਧਤ ਫੈਕਟਰੀ ਸੀਲ ਹੋਣੀ ਚਾਹੀਦੀ ਹੈ। ਉਨ੍ਹਾਂ ਇਨਸਾਫ਼ ਪ੍ਰਾਪਤੀ ਲਈ ਹੱਕ ’ਚ ਆਈ ਜਥੇਬੰਦੀ ਬੀਕੇਯੂ ਏਕਤਾ ਉਗਰਾਹਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮੁਆਵਜ਼ੇ ਦੀ ਮੰਗ ਅਤੇ ਫੈਕਟਰੀ ਵਿਰੁੱਧ ਕਾਰਵਾਈ ਨੂੰ ਲੈ ਕੇ ਸ਼ੁਰੂ ਹੋਣ ਜਾ ਰਿਹਾ ਸੰਘਰਸ਼ ਪਸ਼ੂ ਪਾਲਣ ਵਿਭਾਗ ਦੇ ਗਲੇ ਦੀ ਹੱਡੀ ਬਣਨ ਦੇ ਆਸਾਰ ਹਨ। ਮੰਨਿਆਂ ਜਾ ਰਿਹਾ ਹੈ ਕਿ ਤਾਜ਼ਾ ਘਟਨਾਕ੍ਰਮ ਨਾਲ ਉਨ੍ਹਾਂ ਹੋਰ ਕਿਸਾਨਾਂ ਦੇ ਸਾਹਮਣੇ ਆਉਣ ਦੇ ਆਸਾਰ ਹਨ ਜਿਨ੍ਹਾਂ ਦੇ ਪਸ਼ੂ ਉਸ ਸਮੇਂ ਦੌਰਾਨ ਮਰਨ ਦੇ ਬਾਵਜੂਦ ਅੰਕੜੇ ਨਹੀਂ ਬਣ ਸਕੇ।