ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਲਈ ਲਾਮਬੰਦੀ
ਪੱਤਰ ਪ੍ਰੇਰਕ
ਸ਼ਾਹਕੋਟ, 28 ਜਨਵਰੀ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 31 ਜਨਵਰੀ ਨੂੰ ਐਸ.ਡੀ.ਐਮ ਦਫਤਰ ਨਕੋਦਰ ਵਿੱਚ ਲਗਾਏ ਜਾ ਰਹੇ ਧਰਨੇ ਲਈ ਇਲਾਕਾ ਸ਼ਾਹਕੋਟ ਤੇ ਨਕੋਦਰ ਵਿੱਚ ਖੇਤ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਇਲਾਕਾ ਕਮੇਟੀ ਦੇ ਪ੍ਰਧਾਨ ਹਰਪਾਲ ਬਿੱਟੂ ਤੇ ਸਕੱਤਰ ਸੁਖਜਿੰਦਰ ਲਾਲੀ ਨੇ ਦੱਸਿਆ ਕਿ ਔਰਤਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ, ਵਿਧਵਾ, ਬੁਢਾਪਾ, ਅੰਗਹੀਣਾਂ ਅਤੇ ਬੇਸਹਾਰਾ ਬੱਚਿਆਂ ਦੀਆਂ ਪੈਨਸ਼ਨਾਂ ਦੁੱਗਣੀਆਂ ਕਰਨ ਅਤੇ ਹੋਰ ਕਈ ਵਾਅਦਿਆਂ ਨਾਲ ਸੱਤਾ ਵਿੱਚ ਆਈ ਪੰਜਾਬ ਦੀ ‘ਆਪ’ ਸਰਕਾਰ ਲਗਾਤਾਰ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਘੇਸਲ ਵੱਟ ਰਹੀ ਹੈ। ਅੱਤ ਦੀ ਮਹਿੰਗਾਈ ਵਿੱਚ ਜਦੋਂ ਮਜ਼ਦੂਰਾਂ ਨੂੰ ਚੁੱਲ੍ਹੇ ਤਪਾਉਣੇ ਵੀ ਔਖੇ ਹੋ ਗਏ ਹਨ ਉਸ ਸਮੇਂ ਮੁੱਖ ਮੰਤਰੀ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਕੋਈ ਠੋਸ ਯਤਨ ਕਰਨ ਦੀ ਬਾਜਾਏ ਲੋਕਾਂ ਨੂੰ ਚੁਟਕਲੇ ਸੁਣਾ ਕੇੇ ਬੁੱਤਾ ਸਾਰੀ ਜਾ ਰਹੇ ਹਨ। ਸਰਕਾਰ ਦੇ ਇਸ ਵਤੀਰੇ ਦੇ ਖਿਲਾਫ ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਭਰ ਵਿਚ ਧਰਨੇ ਲਗਾਉਣ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ 31 ਜਨਵਰੀ ਨੂੰ ਐਸ.ਡੀ.ਐਮ ਦਫਤਰ ਨਕੋਦਰ ’ਚ ਧਰਨਾ ਲਗਾਇਆ ਜਾਵੇਗਾ।