ਖੇਤ-ਮਜ਼ਦੂਰ ਯੂਨੀਅਨ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਪ੍ਰਦਰਸ਼ਨ
ਪੱਤਰ ਪ੍ਰੇਰਕ
ਮੁਕੇਰੀਆਂ, 31 ਜਨਵਰੀ
ਇਥੇ ਕੁੱਲ ਹਿੰਦ ਖੇਤ-ਮਜ਼ਦੂਰ ਯੂਨੀਅਨ ਸੂਬਾ ਕਮੇਟੀ ਦੇ ਸੱਦੇ ’ਤੇ ਜਥੇਬੰਦੀ ਦੀ ਮੁਕੇਰੀਆਂ ਇਕਾਈ ਦੇ ਵਰਕਰਾਂ ਵੱਲੋਂ ਐੱਸਡੀਐੱਮ ਮੁਕੇਰੀਆਂ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਮੁਨੀਸ਼ ਸੋਹਲ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ। ਐਕਸ਼ਨ ਦੀ ਅਗਵਾਈ ਤਹਿਸੀਲ ਪ੍ਰਧਾਨ ਸੁਰੇਸ਼ ਚਨੌਰ ਨੇ ਕੀਤੀ ਅਤੇ ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਆਸਾ ਨੰਦ, ਖੇਤ ਮਜ਼ਦੂਰ ਆਗੂ ਯਸ਼ਪਾਲ ਚਨੌਰ, ਸੋਮ ਨਾਥ ਬਰਿਆਹਾਂ ਅਤੇ ਰਘੁਬੀਰ ਸਿੰਘ ਪੰਡੋਰੀ ਨੇ ਵੀ ਸ਼ਿਰਕਤ ਕੀਤੀ। ਤਹਿਸੀਲਦਾਰ ਮੁਨੀਸ਼ ਕੁਮਾਰ ਸੋਹਲ ਨੇ ਜਥੇਬੰਦੀ ਦੇ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕਰਕੇ ਭਰੋਸਾ ਦੁਆਇਆ ਕਿ ਇਹ ਸਿਫਾਰਸ਼ ਸਮੇਤ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦਲਿਤਾਂ ’ਤੇ ਅੱਤਿਆਚਾਰ ਬਾਦਸਤੂਰ ਜਾਰੀ ਹੈ, ਜਿਸਦੀ ਤਾਜ਼ਾ ਮਿਸਾਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ, ਕੋਠੇ ਬਾਬਾ ਜੀਵਨ ਸਿੰਘ ਵਾਲਾ ਦੀ ਹੈ। ਉੱਥੇ ਸਮਾਜ ਵਿਰੋਧੀ ਅਨਸਰਾਂ ਨੇ ਦਲਿਤਾਂ ਦੇ 150 ਦੇ ਕਰੀਬ ਘਰ ਸਾੜ ਦਿੱਤੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਨਰੇਗਾ ਦੀ ਦਿਹਾੜੀ 600 ਰੁਪਏ ਕੀਤੀ ਜਾਵੇ, ਖੇਤ ਮਜ਼ਦੂਰਾਂ ਨੂੰ 10 ਮਰਲੇ ਦੇ ਪਲਾਟ ਅਤੇ ਪੰਜ ਲੱਖ ਦੀ ਗ੍ਰਾਂਟ ਦਿੱਤੀ ਜਾਵੇ। ਕਿਸਾਨ ਕਰਜ਼ੇ ਮੁਆਫ਼ ਕੀਤੇ ਜਾਣ, ਸਰਕਾਰੀ ਜ਼ਮੀਨ ਉਨ੍ਹਾਂ ਵਿੱਚ ਵੰਡ ਕੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਵਿਜੇ ਸਿੰਘ ਪੋਤਾ, ਲਾਲ ਸਿੰਘ, ਰਾਮ ਲੁਭਾਇਆ, ਕੁਲਵਿੰਦਰ ਸਿੰਘ, ਅਰਜਨ ਸਿੰਘ, ਤਰਸੇਮ ਲਾਲ, ਭੁਪਿੰਦਰ ਸਿੰਘ, ਮਦਨ ਲਾਲ, ਵਿਜੇ ਕੁਮਾਰ, ਕਿਸ਼ੋਰੀ ਲਾਲ ਆਦਿ ਵੀ ਹਾਜ਼ਰ ਸਨ।