ਖੇਤੀ ਵਿਭਿੰਨਤਾ ਲਈ ਮੋਟੇ ਅਨਾਜ ਪ੍ਰਫੁੱਲਿਤ ਕੀਤੇ ਜਾਣ: ਸਾਹਨੀ
ਆਤਿਸ਼ ਗੁਪਤਾ
ਚੰਡੀਗੜ੍ਹ, 12 ਮਾਰਚ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ’ਤੇ ਨਿਰਭਰ ਹੈ। ਇਸ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਮੋਟੇ ਅਨਾਜ ਮੱਕੀ, ਬਾਜਰਾ, ਜਵਾਰ, ਰਾਗੀ ਵਰਗੀਆਂ ਫ਼ਸਲਾਂ ਬੀਜਣ ਲਈ ਪ੍ਰੇਰਨ। ਡਾ. ਸਾਹਨੀ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ‘ਪੰਜਾਬ ਵਿਜ਼ਨ-2047’ ਦੀ ਰਿਪੋਰਟ ਜਾਰੀ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਰਿਪੋਰਟ ਵਿੱਚ ਸ੍ਰੀ ਸਾਹਨੀ ਵੱਲੋਂ ਸੂਬੇ ਵਿੱਚ ਖੇਤੀਬਾੜੀ, ਉਦਯੋਗ ਤੇ ਹੋਰਨਾਂ ਖੇਤਰਾਂ ਦੀ ਬਿਹਤਰੀ ਲਈ ਕਈ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਮੋਟੇ ਆਨਾਜ ਉਤਸ਼ਾਹਿਤ ਕਰਨ ਲਈ ਇਨ੍ਹਾਂ ਨੂੰ ਮੁਫ਼ਤ ਰਾਸ਼ਨ ਯੋਜਨਾ ਅਤੇ ਮਿੱਡ-ਡੇਅ ਮੀਲ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸਰਕਾਰ ਕਣਕ ਤੇ ਝੋਨੇ ਤੋਂ ਇਲਾਵਾ ਹੋਰਨਾਂ ਫ਼ਸਲਾਂ ’ਤੇ ਵੀ ਐੱਮਐੱਸਪੀ ਦੇਵੇ। ਸ੍ਰੀ ਸਾਹਨੀ ਨੇ ਪੰਜਾਬ ਵਿੱਚ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਸਰਹੱਦੀ ਲਾਂਘਾ ਖੋਲ੍ਹਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਹੱਦੀ ਲਾਂਘਾ ਖੋਲ੍ਹਣ ਨਾਲ ਪੰਜਾਬ ਦੇ ਰਾਹ ਦੇਸ਼ ਦਾ ਵਪਾਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਰਗੇ ਦੇਸ਼ਾਂ ਨਾਲ ਹੋ ਸਕਦਾ ਹੈ। ਇਸ ਦਾ ਪੰਜਾਬ ਨੂੰ ਵੀ ਵਧੇਰੇ ਲਾਭ ਮਿਲੇਗਾ। ਸੂਬੇ ਦੇ ਨੌਜਵਾਨਾਂ ਲਈ ਸਰਕਾਰ ਨੂੰ ਵੱਖ-ਵੱਖ ਕਿਸਮ ਦੇ ਆਧੁਨਿਕ ਕੋਰਸ ਸ਼ੁਰੂ ਕਰਨ ਦੀ ਜ਼ਰੂਰਤ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪੀ ਹੈ।