ਖੇਤੀ ਮੰਤਰੀ ਵੱਲੋਂ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ
ਪੱਤਰ ਪ੍ਰੇਰਕ
ਯਮੁਨਾਨਗਰ, 9 ਜੂਨ
ਹਰਿਆਣਾ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਨਗਰ ਨਿਗਮ, ਜਨ ਸਿਹਤ, ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਪੀਡਬਲਿਊਡੀ ਰੈਸਟ ਹਾਊਸ ਜਗਾਧਰੀ ਵਿੱਚ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਮੇਅਰ ਸੁਮਨ ਬਾਹਮਣੀ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਸਾਬਕਾ ਮੰਤਰੀ ਕੰਵਰ ਪਾਲ ਮੌਜੂਦ ਸਨ। ਕੈਬਨਿਟ ਮੰਤਰੀ ਨੇ ਨਗਰ ਨਿਗਮ ਅਤੇ ਜਨ ਸਿਹਤ ਅਧਿਕਾਰੀਆਂ ਨੂੰ ਸਸੌਲੀ ਵਿੱਚ ਨਾਲੇ ਦੇ ਪਾਣੀ ਨੂੰ ਆਈਪੀਐੱਸ ਨਾਲ ਜੋੜਨ ਅਤੇ ਤਲਾਬ ਨੂੰ ਸੁੰਦਰ ਬਣਾਉਣ ਅਤੇ ਰਸਤਾ ਬਣਾਉਣ, ਮੰਡੇਬਰ ਵਿੱਚ ਵੱਡੇ ਤਲਾਬ ਨੂੰ ਸੁੰਦਰ ਬਣਾਉਣ ਅਤੇ ਚਾਰੇ ਪਾਸੇ ਰਸਤਾ ਬਣਾਉਣ ਦੇ ਨਿਰਦੇਸ਼ ਦਿੱਤੇ । ਸਮੀਖਿਆ ਮੀਟਿੰਗ ਵਿੱਚ ਖੇਤੀ ਮੰਤਰੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲਈ। ਨਗਰ ਨਿਗਮ ਕਮਿਸ਼ਨਰ ਅਖਿਲ ਪਿਲਾਨੀ ਨੇ ਕਿਹਾ ਕਿ ਓਪਨ ਏਅਰ ਥੀਏਟਰ ਦਾ ਨਿਰਮਾਣ ਕਾਰਜ ਪ੍ਰਗਤੀ ਅਧੀਨ ਹੈ ਅਤੇ ਦਿਵਿਆ ਨਗਰ ਯੋਜਨਾ ਦੇ ਤਹਿਤ ਵੱਖ-ਵੱਖ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ 70 ਫ਼ੀਸਦ ਕੰਮ ਪੂਰਾ ਹੋ ਗਿਆ ਹੈ। ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਬਣਾਏ ਗਏ ਸਾਰੇ ਕਮਿਊਨਿਟੀ ਸੈਂਟਰਾਂ ਨੂੰ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਦੀ ਵਿਵਸਥਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸਫਾਈ ਅਤੇ ਸੀਵਰੇਜ ਦੀ ਸਮੱਸਿਆ ਆਉਂਦੀ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਸਾਰੇ ਵਾਰਡਾਂ ਵਿੱਚ 41000 ਸਟਰੀਟ ਲਾਈਟਾਂ ਲਗਾਉਣ ਦਾ ਕੰਮ ਜਾਰੀ ਹੈ ਅਤੇ ਹੁਣ ਤੱਕ ਲਗਪਗ 7000 ਰਵਾਇਤੀ ਲਾਈਟਾਂ ਨੂੰ ਐੱਲਈਡੀ ਲਾਈਟਾਂ ਨਾਲ ਬਦਲ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਦਫ਼ਤਰ ਦੇ ਨਿਰਮਾਣ ਕਾਰਜ ਅਧੀਨ ਐੱਚਐੱਸਏਐੱਮਬੀ ਵਿਭਾਗ ਯਮੁਨਾਨਗਰ ਨੂੰ ਜ਼ਮੀਨ ਟ੍ਰਾਂਸਫਰ ਕਰਨ ਲਈ 40.62 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਮੌਕੇ ਬਿਜਲੀ ਬੋਰਡ ਦੇ ਸੁਪਰਡੈਂਟ ਇੰਜਨੀਅਰ ਨਰਿੰਦਰ ਸਿੰਘ, ਵਧੀਕ ਨਿਗਮ ਕਮਿਸ਼ਨਰ ਧੀਰਜ ਕੁਮਾਰ, ਨਗਰ ਨਿਗਮ ਦੇ ਕਾਰਜਕਾਰੀ ਇੰਜਨੀਅਰ ਵਿਕਾਸ ਧੀਮਾਨ, ਜਨ ਸਿਹਤ ਦੇ ਕਾਰਜਕਾਰੀ ਇੰਜੀਨੀਅਰ ਸੌਰਭ ਅਹਿਲਾਵਤ ਮੌਜੂਦ ਸਨ।