ਖੇਤੀਬਾੜੀ ਵਿਭਾਗ ਵੱਲੋਂ ਬੀਜ ਡੀਲਰਾਂ ਦੀ ਜਾਂਚ
ਪੱਤਰ ਪ੍ਰੇਰਕ
ਗਿੱਦੜਬਾਹਾ, 14 ਅਪਰੈਲ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਜਸਵੰਤ ਸਿੰਘ ਦੀ ਅਗਵਾਈ ਵਿਚ ਸਮੁੱਚੇ ਪੰਜਾਬ ’ਚ ਪੂਸਾ 44 ਹਾਈਬਰਿੱਡ ਬੀਜਾਂ ਦੀ ਵਿਕਰੀ ਅਤੇ ਬਿਜਾਈ ’ਤੇ ਪੂਰਨ ਰੋਕ ਲਗਾਈ ਗਈ ਹੈ, ਕਿਉਂਕਿ ਇਹ ਕਿਸਮਾਂ ਜ਼ਿਆਦਾ ਸਮਾਂ ਲੈਂਦੀਆਂ ਹਨ, ਜ਼ਿਆਦਾ ਪਾਣੀ ਲੈਂਦੀਆਂ ਹਨ ਅਤੇ ਪਰਾਲੀ ਜ਼ਿਆਦਾ ਹੁੰਦੀ ਹੈ। ਇਸ ਤਹਿਤ ਗਿੱਦੜਬਾਹਾ ਸ਼ਹਿਰ ਅਤੇ ਪਿੰਡ ਦੋਦਾ ਵਿਖੇ ਬੀਜ ਵਿਕ੍ਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਚੈਕਿੰਗ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਡਾ. ਹਰਜੀਤ ਸਿੰਘ, ਡਾ. ਜਸ਼ਨਪ੍ਰੀਤ ਸਿੰਘ, ਡਾ. ਮਨਿੰਦਰਦੀਪ ਸਿੰਘ ਵੱਲੋਂ ਕੀਤੀ ਗਈ, ਜਿਸ ਦੌਰਾਨ ਗੈਰ- ਪ੍ਰਮਾਣਿਤ ਕਿਸਮਾਂ ਜਿਵੇਂ ਸੀਆਰ 212, ਸੀਆਰ 321, ਪੀਲੀ ਪੂਸਾ ਆਦਿ ਦੀ ਵਿਕਰੀ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਨੇ ਸਮੂਹ ਬੀਜ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਪ੍ਰਮਾਣਿਤ ਅਤੇ ਸਿਫਾਰਸ਼ ਕਿਸਮਾਂ ਦੀ ਵਿਕਰੀ ਹੀ ਕਰਨ ਅਤੇ ਗੈਰ ਪ੍ਰਮਾਣਿਤ ਬੀਜਾਂ ਤੇ ਖਾਦਾਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।