ਖੇਡ ਸਭਿਆਚਾਰ ਦੀ ਸੁਰਜੀਤੀ
ਪੰਜਾਬ ਵਿੱਚ ਕਿਸੇ ਵੀ ਸਮੇਂ ਨਾਲੋਂ ਅੱਜ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਦੀ ਜ਼ਿਆਦਾ ਲੋੜ ਹੈ ਕਿਉਂਕਿ ਸਾਡਾ ਨੌਜਵਾਨ ਵਰਗ ਬਹੁਤ ਸਾਰੀਆਂ ਘਾਤਕ ਚੁਣੌਤੀਆਂ ਨਾਲ ਘਿਰਿਆ ਹੋਇਆ ਹੈ ਜਿਨ੍ਹਾਂ ਦਾ ਟਾਕਰਾ ਕਰਨ ਲਈ ਉਸ ਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਪੱਧਰ ’ਤੇ ਮਜ਼ਬੂਤ ਤੇ ਸਮੱਰਥ ਬਣਾਉਣਾ ਪਵੇਗਾ। ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਤੰਦੂਆ ਜਾਲ ਨੂੰ ਤੋੜਨ ਲਈ ਵੱਖ-ਵੱਖ ਪੱਧਰਾਂ ’ਤੇ ਹੰਭਲੇ ਮਾਰਨ ਦੀ ਲੋੜ ਦਰਸਾਈ ਜਾਂਦੀ ਰਹੀ ਹੈ ਤੇ ਹੁਣ ਇਸ ਦਿਸ਼ਾ ਵਿੱਚ ਕੁਝ ਗੰਭੀਰ ਯਤਨ ਕੀਤੇ ਵੀ ਜਾ ਰਹੇ ਹਨ ਜਿਨ੍ਹਾਂ ਦੇ ਹਾਂਦਰੂ ਸਿੱਟਿਆਂ ਦੀ ਉਮੀਦ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਇਸ ਵੱਲ ਉਚੇਚਾ ਧਿਆਨ ਦਿੰਦਿਆਂ ਕੁਝ ਪਹਿਲਕਦਮੀਆਂ ਕਰ ਰਹੀ ਹੈ। ਪੰਜਾਬ ਪੁਲੀਸ ਵੱਲੋਂ ਜ਼ਿਲ੍ਹਾ, ਸਬ ਡਿਵੀਜ਼ਨ ਅਤੇ ਤਹਿਸੀਲ ਪੱਧਰ ’ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡ ਸਰਗਰਮੀਆਂ ਵਿੱਚ ਸ਼ਾਮਿਲ ਕਰ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦਿੱਤਾ ਜਾਵੇ। ਇਸ ਦਿਸ਼ਾ ਵਿੱਚ ਮਾਲੇਰਕੋਟਲਾ ਦੇ ਐੱਸਐੱਸਪੀ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਸਬ ਡਿਵੀਜ਼ਨਾਂ ਅੰਦਰ ਫੁੱਟਬਾਲ, ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ ਹਨ।
ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਦੋ ਸੌ ਤੋਂ ਵੱਧ ਪਿੰਡਾਂ ਵਿੱਚ ਨਵੇਂ ਖੇਡ ਮੈਦਾਨਾਂ ਦਾ ਨਿਰਮਾਣ ਕਰਨ ਅਤੇ ਖੇਡ ਮੈਦਾਨਾਂ ਦੀ ਦੇਖ-ਰੇਖ ਕਰਨ ਲਈ ਜ਼ਿਲ੍ਹਾ ਖੇਡ ਮੈਦਾਨ ਸੰਭਾਲ ਕਮੇਟੀ&ਨਬਸਪ; (ਡੀਪੀਐੱਮਐੱਸ) ਕਾਇਮ ਕੀਤੀ ਹੈ। ਪਹਿਲੇ ਪੜਾਅ ਤਹਿਤ ਇਹ ਕਮੇਟੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਵਾ ਦੋ ਸੌ ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਕਰੇਗੀ ਅਤੇ ਇਸ ਕੰਮ ਲਈ 30 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਨਸ਼ਿਆਂ ਦੀ ਕੌਮਾਂਤਰੀ ਤਸਕਰੀ ਨੂੰ ਠੱਲ੍ਹ ਪਾਉਣੀ ਅਜੇ ਦੂਰ ਦੀ ਕੌਡੀ ਹੋ ਸਕਦੀ ਹੈ ਪਰ ਅਸੀਂ ਆਪਣੇ ਸੂਬੇ ਨੂੰ ਇਨ੍ਹਾਂ ਦੀ ਮਾਰ ਤੋਂ ਬਚਾਉਣ ਦੇ ਉਪਰਾਲੇ ਕਰ ਸਕਦੇ ਹਾਂ। ਇਸ ਮਾਮਲੇ ਵਿੱਚ ਖੇਡਾਂ ਨਸ਼ਾਖੋਰੀ ਦਾ ਕਾਰਗਰ ਤੋੜ ਬਣ ਸਕਦੀਆਂ ਹਨ। ਪੰਜਾਬ ਕੋਲ ਨਾ ਤਾਂ ਖੇਡ ਨਾਇਕਾਂ ਦੀ ਤੋਟ ਰਹੀ ਹੈ ਤੇ ਨਾ ਹੀ ਪ੍ਰਤਿਭਾ ਦੀ। ਇਸ ਦਿਸ਼ਾ ਵਿੱਚ ਠੋਸ ਅਤੇ ਬੱਝਵੇਂ ਹੰਭਲਿਆਂ ਤੇ ਹੌਲੀ-ਹੌਲੀ ਇਸ ਨੂੰ ਜਨਤਕ ਲਹਿਰ ਦਾ ਰੂਪ ਦੇਣ ਦੀ ਲੋੜ ਹੈ।
ਪੰਜਾਬ ਦੇ ਕਈ ਪਿੰਡਾਂ ਵਿੱਚ ਖੇਡ ਮੈਦਾਨ ਤਾਂ ਹਨ ਪਰ ਉੱਥੇ ਸਾਜ਼ੋ-ਸਾਮਾਨ ਅਤੇ ਸਿਖਲਾਈ ਤੇ ਮਾਰਗ ਦਰਸ਼ਨ ਉਪਲਬਧ ਨਹੀਂ। ਇਸ ਦਿਸ਼ਾ ਵਿੱਚ ਪ੍ਰਸ਼ਾਸਨ ਅਤੇ ਪੁਲੀਸ ਦੇ ਯਤਨ ਸ਼ਲਾਘਾਯੋਗ ਹਨ ਪਰ ਪੰਚਾਇਤਾਂ ਤੇ ਮੁਕਾਮੀ ਯੂਥ ਅਤੇ ਖੇਡ ਕਲੱਬਾਂ ਨੂੰ ਵੀ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੁਹਿੰਮ ਤਹਿਤ ਜਿੱਥੇ ਸਾਡੀਆਂ ਕਬੱਡੀ ਜਿਹੀਆਂ ਰਵਾਇਤੀ ਖੇਡਾਂ ਨੂੰ ਆਸਾਨੀ ਨਾਲ ਸੁਰਜੀਤ ਕੀਤਾ ਜਾ ਸਕਦਾ ਹੈ, ਉੱਥੇ ਫੁੱਟਬਾਲ, ਹਾਕੀ, ਅਥਲੈਟਿਕਸ, ਬੈਡਮਿੰਟਨ ਤੇ ਵਾਲੀਬਾਲ ਜਿਹੀਆਂ ਖੇਡਾਂ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕ੍ਰਿਕਟ ਦਾ ਮੋਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਤੇ ਇਸ ਨੂੰ ਵੀ ਠੀਕ ਦਿਸ਼ਾ ਵਿੱਚ ਵਿਉਂਤਣ ਦੀ ਲੋੜ ਹੈ।