ਖੇਡ ਨਕਸ਼ੇ ’ਤੇ ਮੋਹਰੀ ਸੂਬੇ ਵਜੋਂ ਉੱਭਰੇਗਾ ਪੰਜਾਬ: ਰਵਜੋਤ ਸਿੰਘ
ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 13 ਅਪਰੈਲ
ਸੂਬੇ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪਿੰਡ ਬੈਂਸਤਾਨੀਵਾਲ ’ਚ ਪਿੰਡ ਦੀ ਪੰਚਾਇਤ ਵੱਲੋਂ ਕਰਵਾਏ ਗਏ ਪਹਿਲੇ ਵਾਲੀਬਾਲ ਅਤੇ ਰੱਸਾਕੋਸ਼ੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ’ਚ ਸ਼ਿਰਕਤ ਕਰਦਿਆਂ ਦਾਅਵਾ ਕੀਤਾ ਕਿ ਰਾਜ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਜਲਦ ਦੇਸ਼ ਦੇ ਖੇਡ ਨਕਸ਼ੇ ’ਤੇ ਮੋਹਰੀ ਸੂਬੇ ਵਜੋਂ ਉੱਭਰੇਗਾ।
ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਸਮੇਤ ਖਿਡਾਰੀਆਂ ਨਾਲ ਜਾਣ-ਪਛਾਣ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪਿੰਡ-ਪਿੰਡ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਤਵੱਜੋਂ ਦੇ ਰਹੀ ਹੈ ਜਿਸ ਤਹਿਤ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਦੇ ਨਾਲ-ਨਾਲ ਜਿੰਮ ਤਿਆਰ ਕੀਤੇ ਜਾਣਗੇ। ਖੇਡਾਂ ਲਈ ਚਾਲੂ ਵਿੱਤੀ ਸਾਲ ਦੌਰਾਨ 979 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ। ਸੂਬਾ ਸਰਕਾਰ ਰਾਜ ਵਿਚ ਖੇਡ ਸਭਿਆਚਾਰ ਅਤੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਪਿੰਡਾਂ ਵਿਚ ਅਜਿਹੇ ਟੂਰਨਾਮੈਂਟ ਇਸ ਦਿਸ਼ਾ ਵਿੱਚ ਮਦਦਗਾਰ ਸਾਬਤ ਹੋਣਗੇ।
ਪੰਜਾਬੀ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਖੇਡਾਂ ਵਿੱਚ ਜਿੱਤੇ ਤਮਗਿਆਂ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਲਈ ਵੀ ਖਿਡਾਰੀਆਂ ਨੂੰ ਵਿੱਤੀ ਮਦਦ ਦਿੱਤੀ ਗਈ ਹੈ।
ਉਨ੍ਹਾਂ ਪਿੰਡ ਬੈਂਸਤਾਨੀਵਾਲ ਦੀ ਬਾਹਰਲੀ ਫਿਰਨੀ ਦੇ ਮਜ਼ਬੂਤੀਕਰਨ, ਸਟੇਡੀਅਮ ਨੂੰ ਨਵੀਂ ਦਿੱਖ ਦੇਣ ਅਤੇ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਸੰਤੋਸ਼ ਸਿੰਘ, ਐਨ.ਆਰ.ਆਈ. ਬਲਜੀਤ ਸਿੰਘ ਯੂ.ਐਸ.ਏ., ਇਕਬਾਲ ਸਿੰਘ ਕੈਨੇਡਾ, ਹਰਭਜਨ ਸਿੰਘ, ਤੀਰਥ ਸਿੰਘ ਸਰਬਜੀਤ ਸਿੰਘ ਸਾਬਾ, ਨਵਤੇਜ ਸਿੰਘ ਬੈਂਸ, ਉਂਕਾਰ ਸਿੰਘ, ਰਛਪਾਲ ਸਿੰਘ, ਰਣਬੀਰ ਸਿੰਘ, ਅਮਰੀਕ ਸਿੰਘ ਤੇ ਅਮਰਤੇਜ ਸਿੰਘ ਆਦਿ ਵੀ ਮੌਜੂਦ ਸਨ।