ਖੇੜੀ ਗੁਰਨਾ ਖੇਤੀਬਾੜੀ ਸਹਿਕਾਰੀ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ
ਕਰਮਜੀਤ ਸਿੰਘ ਚਿੱਲਾ
ਬਨੂੜ, 12 ਮਾਰਚ
ਪਿੰਡ ਖੇੜੀ ਗੁਰਨਾ ਦੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਵਿੱਚ ਸੱਤ ਪਿੰਡਾਂ ਦੇ ਸੁਸਾਇਟੀ ਮੈਂਬਰਾਂ ਨੇ ਸਿਆਸੀ ਦਖਲਅੰਦਾਜ਼ੀ ਨੂੰ ਨਜ਼ਰਅੰਦਾਜ਼ ਕਰਕੇ ਆਪਸੀ ਸਹਿਮਤੀ ਨਾਲ ਪੂਰੀ ਸੁਸਾਇਟੀ ਦੀ ਚੋਣ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਬਲਵਿੰਦਰ ਸਿੰਘ ਖੇੜੀ ਗੁਰਨਾ ਨੂੰ ਪ੍ਰਧਾਨ ਅਤੇ ਮੇਜਰ ਸਿੰਘ ਘੜਾਮਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਸੁਸਾਇਟੀ ਵਿੱਚ ਖੇੜੀ ਗੁਰਨਾ, ਚੰਗੇਰਾ, ਘੜਾਮਾ ਕਲਾ, ਘੜਾਮਾ ਖੁਰਦ, ਮੋਹੀ ਕਲਾ, ਨੰਦਗੜ੍ਹ ਤੇ ਲੂੰਹਡ ਸੱਤ ਪਿੰਡ ਪੈਂਦੇ ਹਨ। ਚੋਣ ਅਫ਼ਸਰ ਗੁਰਦੀਪ ਕੌਰ ਤੇ ਸੁਸਾਇਟੀ ਸਕੱਤਰ ਮਨਜੀਤ ਸਿੰਘ ਮੋਹੀ ਦੀ ਦੇਖ-ਰੇਖ ਹੇਠ ਸਮੁੱਚੀ ਚੋਣ ਮੁਕੰਮਲ ਹੋਈ। ਪਹਿਲਾਂ ਸੱਤ ਪਿੰਡਾਂ ਵਿੱਚੋਂ ਸਭਾ ਦੇ ਮੈਂਬਰਾਂ ਦੀ ਚੋਣ ਹੋਈ ਅਤੇ ਇਸ ਉਪਰੰਤ ਅਹੁਦੇਦਾਰ ਚੁਣ ਲਏ ਗਏ। ਚੋਣ ਵਿੱਚ ਪਿੰਡ ਖੇੜੀ ਗੁਰਨਾ ਤੋਂ ਬਲਵਿੰਦਰ ਸਿੰਘ, ਜਗਤਾਰ ਸਿੰਘ ਤੇ ਕਰਮਜੀਤ ਕੌਰ, ਪਿੰਡ ਚੰਗੇਰਾ ਤੋਂ ਗੁਰਜੰਟ ਸਿੰਘ ਤੇ ਜੱਗਾ ਸਿੰਘ, ਘੜਾਮਾ ਕਲਾਂ ਤੋਂ ਅਵਤਾਰ ਸਿੰਘ, ਘੜਾਮਾ ਖੁਰਦ ਤੋਂ ਮੇਜਰ ਸਿੰਘ, ਨੰਦਗੜ ਤੋਂ ਸੰਤੋਖ ਸਿੰਘ ਤੇ ਹਰਜਿੰਦਰ ਕੌਰ, ਲੂੰਹਡ ਤੋਂ ਗੁਰਚਰਨ ਸਿੰਘ ਤੇ ਮੋਹੀ ਕਲਾਂ ਤੋਂ ਮੇਹਰ ਚੰਦ ਗਿਆਰਾਂ ਮੈਂਬਰ ਚੁਣੇ ਗਏ। ਇਨ੍ਹਾਂ ਮੈਂਬਰਾਂ ਨੇ ਸਿਆਸੀ ਦਬਾਅ ਅਤੇ ਪਾਰਟੀਬਾਜ਼ੀ ਨੂੰ ਦਰਕਿਨਾਰ ਕਰਕੇ ਆਪਣੇ ਵਿੱਚੋਂ ਸਰਬਸੰਮਤੀ ਨਾਲ ਸਮੁੱਚੀ ਚੋਣ ਕੀਤੀ। ਨਵੇਂ ਚੁਣੇ ਗਏ ਪ੍ਰਧਾਨ ਬਲਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਮੇਜਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਪੂਰੀ ਤਨਦੇਹੀ ਨਾਲ ਸਭਾ ਦਾ ਕੰਮ ਚਲਾਉਣ ਅਤੇ ਕਿਸਾਨਾਂ ਦੀ ਲੋੜਾਂ ਪੂਰਤੀ ਕਰਨ ਦਾ ਅਹਿਦ ਲਿਆ।