ਖੁੱਡੀਆਂ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਹਾਲ-ਚਾਲ ਪੁੱਛਿਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਪਰੈਲ
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੁਧਿਆਣਾ ਵਿੱਚ ਉੱਘੇ ਕਵੀ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਹਾਲ-ਚਾਲ ਜਾਣਿਆ। ਪ੍ਰੋ. ਗਿੱਲ ਜਿਨ੍ਹਾਂ ਨੇ ਤਿੰਨ ਦਹਾਕਿਆਂ ਦੇ ਕਰੀਬ ਆਪਣੀਆਂ ਸੇਵਾਵਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਦਿੱਤੀਆਂ, ਨੇ ਬੀਤੇ ਦਿਨ ਗੋਡਿਆਂ ਦੀ ਸਰਜਰੀ ਕਰਵਾਈ ਸੀ।
ਖੇਤੀਬਾੜੀ ਮੰਤਰੀ ਨੇ ਜਿੱਥੇ ਪ੍ਰੋ. ਗਿੱਲ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ, ਉੱਥੇ ਉਨ੍ਹਾਂ ਇਸ ਮਿਲਣੀ ਦੌਰਾਨ ਪੰਜਾਬ, ਪੰਜਾਬੀ ਭਾਸ਼ਾ ਤੇ ਖੇਤੀ ਵਿਭਾਗ ਦੀ ਬਿਹਤਰੀ ਲਈ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰੋ. ਗਿੱਲ ਵੱਲੋਂ ਹਮੇਸ਼ਾ ਹੀ ਕੀਮਤੀ ਸਲਾਹਾਂ ਅਤੇ ਮਾਹਰ ਸੁਝਾਵਾਂ ਨਾਲ ਉਨ੍ਹਾਂ ਦੀ ਅਗਵਾਈ ਕੀਤੀ ਜਾਂਦੀ ਹੈ। ਸ੍ਰੀ ਖੁੱਡੀਆਂ ਨੇ ਕਿਹਾ ਕਿ ਪ੍ਰੋ. ਗਿੱਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਹਨ ਜਿਹਨਾਂ ਦੀ ਅਕਾਦਮਿਕ, ਸਾਹਿਤ ਤੇ ਖੇਤੀਬਾੜੀ ਖੇਤਰ ਨੂੰ ਵੱਡੀ ਦੇਣ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਖੇਤੀਬਾੜੀ ਮੰਤਰੀ ਦਾ ਉਚੇਚੇ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਬਿਲਕੁੱਲ ਠੀਕ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਆਪਣੀ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਸ਼ੁਰੂ ਕਰਨਗੇ। ਪ੍ਰੋ ਗਿੱਲ ਨੇ ਖੇਤੀਬਾੜੀ ਮੰਤਰੀ ਨੂੰ ਆਪਣੀ ਪੁਸਤਕ ਚਰਖੜੀ ਦੀ ਕਾਪੀ ਵੀ ਭੇਂਟ ਕੀਤੀ। ਇਸ ਮੌਕੇ ਸਥਾਨਕ ਸਰਕਾਰਾਂ ਤੋਂ ਸੇਵਾਮੁਕਤ ਮੁੱਖ ਇੰਜਨੀਅਰ ਸੁਖਬੀਰ ਸਿੰਘ ਜਾਖੜ ਤੇ ਪੀਏਯੂ ਦੇ ਡਾਇਰੈਕਟਰ ਯੁਵਕ ਭਲਾਈ ਡਾ. ਨਿਰਮਲ ਜੌੜਾ ਵੀ ਹਾਜ਼ਰ ਸਨ।