For the best experience, open
https://m.punjabitribuneonline.com
on your mobile browser.
Advertisement

ਖੁਦ ਨੂੰ ਜਿਊਂਦਾ ਦਿਖਾਉਣ ਲਈ ਰੁਲ ਰਿਹੈ ਰੁਲਦੂ

06:56 AM Apr 22, 2025 IST
ਖੁਦ ਨੂੰ ਜਿਊਂਦਾ ਦਿਖਾਉਣ ਲਈ ਰੁਲ ਰਿਹੈ ਰੁਲਦੂ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਪਰੈਲ
ਇੱਥੋਂ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਇਸਤਰੀ ਭਲਾਈ ਦਫ਼ਤਰ ਵਿੱਚ ਬੁਢਾਪਾ ਪੈਨਸ਼ਨ ਲੈਣ ਲਈ ਪੁੱਜੇ 80 ਸਾਲਾ ਬੁਜ਼ਰਗ ਰੁਲਦੂ ਸਿੰਘ ਨੂੰ ਦੇਖ ਕੇ ਦਫ਼ਤਰ ਵਾਲੇ ਹੱਕੇ ਬੱਕੇ ਰਹਿ ਗਏ। ਇਸ ਦੌਰਾਨ ਬਜ਼ੁਰਗ ਵੀ ਸੋਚਾਂ ਵਿੱਚ ਪੈ ਗਿਆ, ਜਦੋਂ ਉਸ ਨੂੰ ਦਫ਼ਤਰ ਦੇ ਰਿਕਾਰਡ ਅਨੁਸਾਰ ‘ਮ੍ਰਿਤਕ’ ਹੋਣ ਕਾਰਨ ਪੈਨਸ਼ਨ ਕੱਟਣ ਸਬੰਧੀ ਪਤਾ ਲੱਗਿਆ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੋ ਕਲਾਂ ਦੇ ਬੁਜ਼ਰਗ ਰੁਲਦੂ ਸਿੰਘ (80) ਨੂੰ ਸਾਲ 2000 ਤੋਂ ਬੁਢਾਪਾ ਪੈਨਸ਼ਨ ਮਿਲਣ ਲੱਗੀ ਸੀ ਪਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਉਸ ਨੂੰ ਪੈਨਸ਼ਨ ਮਿਲਣੀ ਬੰਦ ਹੋ ਗਈ। ਬਜ਼ੁਰਗ ਰੁਲਦੂ ਸਿੰਘ ਨੇ ਦੱਸਿਆ ਕਿ ਉਹ ਕਈ ਦਿਨ ਬੈਂਕ ਦੇ ਚੱਕਰ ਮਾਰਦਾ ਰਿਹਾ, ਪਰ ਉਸ ਨੂੰ ਪੈਨਸ਼ਨ ਨਾ ਮਿਲੀ। ਆਖਰ ਅੱਜ ਉਹ ਮਾਨਸਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਇਸਤਰੀ ਭਲਾਈ ਦਫ਼ਤਰ ਆਇਆ। ਉਸ ਨੇ ਦੱਸਿਆ ਕਿ ਵਿਭਾਗ ਵਾਲਿਆਂ ਨੇ ਕਾਗਜ਼ ਪੱਤਰ ਦੇਖ ਕੇ ਦੱਸਿਆ ਕਿ ਬਾਬਾ ਤੂੰ ਤਾਂ ਰਿਕਾਰਡ ਅਨੁਸਾਰ ਕਈ ਮਹੀਨੇ ਪਹਿਲਾਂ ਮਰ ਚੁੱਕਿਆ ਏਂ। ਇਸ ਕਰਕੇ ਤੇਰੀ ਪੈਨਸ਼ਨ ਬੰਦ ਹੋ ਗਈ ਹੈ। ਬਜ਼ੁਰਗ ਨੇ ਆਖਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਜਵਾਬ ਦਿੱਤਾ ਕਿ ਉਹ ਜਿਊਂਦਾ ਜਾਗਦਾ ਹੈ, ਮਰਿਆ ਹੁੰਦਾ ਤਾਂ ਇੱਥੇ ਕਿਵੇਂ ਆਉਂਦਾ, ਪਰ ਉਸ ਦੀ ਕਿਸੇ ਨਾ ਸੁਣੀ।
ਉਸ ਦਾ ਕਹਿਣਾ ਹੈ ਕਿ ਪੈਨਸ਼ਨ ਨਾਲ ਉਸ ਦਾ ਥੋੜ੍ਹਾ ਬਹੁਤ ਗੁਜ਼ਾਰਾ ਚੱਲ ਰਿਹਾ ਸੀ, ਹੁਣ ਸਰਕਾਰ ਨੇ ਜਿਉਂਦੇ ਨੂੰ ਹੀ ਮਾਰ ਦਿੱਤਾ ਹੈ। ਸਮਾਜਿਕ ਸੁਰੱਖਿਆ ਵਿਭਾਗ ਦੇ ਕਾਗਜ਼ਾਂ ’ਚ ਮਰਿਆ ਰੁਲਦੂ ਸਿੰਘ ਹੁਣ ਆਪਣੇ ਜਿਊਂਦੇ ਹੋਣ ਦੇ ਸਬੂਤ ਲੈ ਕੇ ਜਿਊਂਦਾ ਸਾਬਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਧਰ, ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਜਿਸ ਅਧਿਕਾਰੀ, ਕਰਮਚਾਰੀ ਨੇ ਪੜਤਾਲ ਕਰਕੇ ਜਿਉਂਦੇ ਰੁਲਦੂ ਸਿੰਘ ਨੂੰ ਕਾਗਜ਼ਾਂ ’ਚ ਮਾਰ ਦਿੱਤਾ ਤੇ ਉਸ ਦੀ ਪੈਨਸ਼ਨ ’ਤੇ ਰੋਕ ਲਾ ਦਿੱਤੀ, ਉਸ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਕਰਕੇ ਮੁੜ ਕਿਸੇ ਬਜ਼ੁਰਗ ਜਾਂ ਦਿਵਿਆਂਗ ਵਿਅਕਤੀ ਨੂੰ ਪ੍ਰੇਸ਼ਾਨੀ ਨਾ ਹੋਵੇ।

Advertisement

ਇੱਕੋ ਨਾਮ ਦੇ ਜ਼ਿਆਦਾ ਵਿਅਕਤੀ ਹੋਣ ਕਾਰਨ ਅਜਿਹੀ ਗਲਤੀ ਹੋ ਜਾਂਦੀ ਹੈ: ਮੋਹਿਤ ਕੁਮਾਰ
ਇੱਥੋਂ ਦੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਸਰਵੇਖਣ ’ਚ ਇਹ ਸਭ ਕੁੱਝ ਸਾਹਮਣੇ ਆਇਆ ਹੈ, ਪਰ ਕਈ ਵਾਰ ਇਕ ਨਾਂ ਦੇ ਜ਼ਿਆਦਾ ਵਿਅਕਤੀ ਹੋਣ ਕਰਕੇ ਇਹੋ-ਜਿਹੀ ਗਲਤੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ।

Advertisement
Advertisement
Advertisement
Author Image

Sukhjit Kaur

View all posts

Advertisement