ਅਵਨੀਤ ਕੌਰਰਾਤ ਦਾ ਖਾਣਾ ਖਾ ਕੇ ਲਾਅਨ ਵਿੱਚ ਘੁੰਮਦੇ ਵਿਦਿਆਰਥੀ। ਆਪਸ ਵਿੱਚ ਗੱਲਾਂ ਕਰਦੇ, ਇੱਕ ਦੂਸਰੇ ਦੇ ਹਾਸੇ ਦੀ ਝਲਕ ਦੇਖਦੇ। ਮੋਬਾਈਲ ਫੋਨ ’ਤੇ ਆਪਣਿਆਂ ਨਾਲ ਮਨ ਦੀਆਂ ਗੱਲਾਂ ਕਰਦੇ। ਚੁਫੇਰੇ ਹਰੇ ਭਰੇ ਰੁੱਖਾਂ ਤੇ ਫੁੱਲਾਂ ਦੀ ਸੰਗਤ ਮਾਣਦੇ। ਯੂਨੀਵਰਸਿਟੀ ਵਿੱਚ ਅਚਾਨਕ ‘ਬਲੈਕ ਆਊਟ’ ਹੋਇਆ। ਰੁੱਖ ਕਾਲੇ ਸਾਏ ਵਿੱਚ ਬਦਲੇ ਨਜ਼ਰ ਆਏ। ਸਾਰਿਆਂ ਨੇ ਹੋਸਟਲ ਵੱਲ ਰੁਖ਼ ਕੀਤਾ। ਦੋ ਘੰਟੇ ਆਪੋ-ਆਪਣੇ ਕਮਰਿਆਂ ਵਿੱਚ ਬਿਜਲੀ ਆਉਣ ਦੀ ਉਡੀਕ ਕਰਦੇ ਰਹੇ। ਫਿਰ ਅਪਰੇਸ਼ਨ ਸੰਧੂਰ ਤੇ ਗੁਆਂਢੀ ਮੁਲਕ ਨਾਲ ਸ਼ੁਰੂ ਹੋਈ ਗੋਲੀਬਾਰੀ ਦਾ ਪਤਾ ਲੱਗਾ। ਪੜ੍ਹਨ, ਲਿਖਣ ਦੀ ਚਾਹਤ ਕਿਧਰੇ ਖਿੰਡ ਪੁੰਡ ਗਈ।ਰਾਤ ਭਰ ਜੰਗ, ਗੋਲੀਆਂ, ਲੜਾਕੂ ਜਹਾਜ਼ਾਂ ਤੇ ਅੱਗ ਉਗਲਦੀਆਂ ਮਿਜ਼ਾਈਲਾਂ ਦੇ ਡਰਾਉਣੇ ਖਿਆਲ ਬੇਚੈਨ ਕਰਦੇ ਰਹੇ। ਦੇਸ਼ ਦੀਆਂ ਸਰਹੱਦਾਂ ’ਤੇ ਡਟੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਤੇ ਬੱਚਿਆਂ ਦੇ ਸੁਫਨਿਆਂ ’ਤੇ ਬਿਜਲੀ ਡਿੱਗਦੀ ਜਾਪੀ। ਜਿਊਣ ਦੀ ਤਾਂਘ ਵਿੱਚ ਤੁਰੇ ਕਦਮ ਮੌਤ ਵੱਲ ਵਧਦੇ ਲੱਗੇ। ਰੁੱਖਾਂ, ਸੜਕਾਂ, ਪਿੰਡਾਂ, ਸ਼ਹਿਰਾਂ ਤੇ ਬਾਜ਼ਾਰਾਂ ’ਤੇ ਮੰਡਰਾਉਂਦੇ ਮੌਤ ਦੇ ਸਾਏ, ਮਨ ਵਿੱਚ ਡਰ ਬਣ ਬੈਠਣ ਲੱਗੇ। ਸੰਕਟ ਦੇ ਇਹ ਬੱਦਲ ਜੀਵਨ ਲਈ ਖ਼ਤਰੇ ਦੀ ਘੰਟੀ ਸਮਾਨ ਸਨ, ਜਿਹੜੇ ਮਾਪਿਆਂ ਦੀ ਡੰਗੋਰੀ ਖੋਹਣ ਤੇ ਜ਼ਿੰਦਗੀ ਦੇ ਚਾਨਣ ਨੂੰ ਹਨੇਰੇ ਵਿੱਚ ਬਦਲਣ ਲਈ ਕਾਹਲੇ ਸਨ।ਰਾਤ ਭਰ ਸੋਸ਼ਲ ਮੀਡੀਆ ਰਾਹੀਂ ਆਏ ਡਰਾਉਣੇ ਸੁਨੇਹਿਆਂ ਨੇ ਨੀਂਦ ਉਡਾਈ ਰੱਖੀ। ਦਿਨ ਚੜ੍ਹੇ ਕਮਰੇ ਦੇ ਬੂਹੇ ਪਹੁੰਚੀਆਂ ਸੁਨਿਹਰੀ ਕਿਰਨਾਂ ਨੇ ਦਸਤਕ ਦਿੱਤੀ। ਅਣਮੰਨੇ ਮਨ ਨਾਲ ਉੱਠ, ਆਪਣੇ ਹੋਸਟਲ ਕਮਰੇ ਵਾਲੀ ਸੁਮਿਤਾ ਦੀਦੀ ਨੂੰ ਜਗਾਇਆ। ਉਨ੍ਹਾਂ ਦੇ ਹਮੇਸ਼ਾ ਆਸਵੰਦ ਦਿਸਦੇ ਚਿਹਰੇ ’ਤੇ ਛਾਈ ਨਿਰਾਸ਼ਾ ਸਮਝ ਆਈ। ਸੈਨਿਕ ਪਰਿਵਾਰ ਦੀ ਹੋਣਹਾਰ ਧੀ ਦਾ ਭਾਵੁਕ ਹੋਣਾ ਸੁਭਾਵਿਕ ਸੀ। ਸੁਮਿਤਾ ਅਕਸਰ ਆਖਦੀ, “ਸੈਨਾ ਦੇ ਸਾਹ ਵਿੱਚ ਸਾਹ ਲੈਂਦੇ ਪਰਿਵਾਰਾਂ ਦੇ ਧੀ ਪੁੱਤ ਹੋਣ ਦਾ ਨਿਮਾਣਾ ਜਿਹਾ ਮਾਣ ਤਾਂ ਹੁੰਦਾ ਹੈ ਪਰ ਇਹ ਪਤਾ ਨ੍ਹੀਂ ਹੁੰਦਾ ਕਿ ਸਾਡਾ ਜਿਊਣ ਕਦ ਪਲਾਂ ਛਿਣਾਂ ਵਿੱਚ ਸੋਗ ਵਿੱਚ ਤਬਦੀਲ ਹੋ ਜਾਵੇ।... ਸੰਧੂਰ ਅਪਰੇਸ਼ਨ ਸ਼ੁਰੂ ਹੋਣ ਸਾਰ, ਘਰ ਵਿੱਚ ਚੁੱਪ ਵਰਤ ਗਈ ਹੈ। ਪਾਪਾ ਤੇ ਵੱਡੇ ਮਾਮਾ ਜੀ ਸਰਹੱਦਾਂ ’ਤੇ ਤਾਇਨਾਤ ਨੇ। ਉਨ੍ਹਾਂ ਨਾਲ ਹੀ ਸਾਡੀ ਜ਼ਿੰਦਗੀ ਹੈ। ਖ਼ੁਸ਼ੀਆਂ, ਸੁਫਨੇ ਤੇ ਭਵਿੱਖ ਹੈ। ਇਹ ਵੀ ਅਹਿਸਾਸ ਹੈ ਕਿ ਉਨ੍ਹਾਂ ਦੀ ਜਾਨ ਦੇਸ਼ ਦੇ ਲੇਖੇ ਹੈ ਪਰ ਇਹ ਲੇਖਾ ਸਾਡੇ ਵਰਗੇ ਹਜ਼ਾਰਾਂ, ਲੱਖਾਂ ਸੁਫਨਿਆਂ ਦੇ ਪਰ ਕੁਤਰ ਦਿੰਦਾ ਹੈ। ਜਿਊਣ ਰਾਹ ਵਿੱਚ ਹਨੇਰਾ ਕਰ ਦਿੰਦਾ ਹੈ। ਸਾਡੇ ਪਰਿਵਾਰ ਉਮਰਾਂ ਤੱਕ ਅਣਚਾਹੀਆਂ, ਬੇਵਕਤ ਮੌਤਾਂ ਦਾ ਦਰਦ ਹੰਢਾਉਂਦੇ ਹਨ। ਅਜਿਹੇ ਦਰਦ ਦੀ ਚੀਸ ਹੰਢਾਉਣ ਵਾਲਿਆਂ ਨੂੰ ਹੀ ਪਤਾ ਹੁੰਦੀ। ਮਹਿਜ਼ ਆਪਣੇ ਸੁਆਰਥਾਂ ਲਈ ਜਿਊਣ ਤੇ ਕੰਮ ਕਰਨ ਵਾਲੇ ਇਸ ਪੀੜ ਨੂੰ ਨਹੀਂ ਸਮਝ ਸਕਦੇ।”ਮੈਂ ਤੇ ਸੁਮਿਤਾ ਹੋਸਟਲ ਦੇ ਲਾਅਨ ਵਿੱਚ ਆ ਬੈਠੀਆਂ। ਚਹਿਲ ਪਹਿਲ ਵਾਲੀਆਂ ਸੜਕਾਂ ’ਤੇ ਸੁੰਨ ਪਸਰੀ ਸੀ। ਖਾਲੀ ਪਈ ਮੈੱਸ ਵਿਦਿਆਰਥੀਆਂ ਦੀ ਮਨੋਦਸ਼ਾ ਬਿਆਨ ਰਹੀ ਸੀ। ਮਨ ਨੂੰ ਢਾਰਸ ਦੇਣ ਲਈ ਮੈਂ ਆਪਣੇ ਘਰ ਪਰਿਵਾਰ ਤੋਂ ਮਿਲੀ ਸ਼ਬਦ, ਕਲਾ ਦੀ ਦਾਤ ਨੂੰ ਬੋਲਾਂ ਵਿੱਚ ਪਰੋਇਆ, “ਦੇਖੋ ਦੀਦੀ... ਜੀਵਨ ਵਿੱਚ ਸੁੱਖ ਦੁੱਖ ਨੇ ਆਉਣਾ ਹੀ ਹੁੰਦਾ। ਸੁੱਖ ਵਾਲਾ ਵਕਤ ਖੁਸ਼ੀ ਖੇੜੇ ਵਿੱਚ ਬਤੀਤ ਹੋ ਜਾਂਦਾ। ਦੁੱਖ ਤੇ ਔਕੜ ਜ਼ਿੰਦਗੀ ਦੀ ਪ੍ਰੀਖਿਆ ਲੈਂਦੀ ਹੈ। ਸਾਡਾ ਦਮਖ਼ਮ, ਸਿਦਕ, ਸਬਰ ਪਰਖਦੀ ਹੈ। ਮੁਸ਼ਕਿਲ ਸਮਿਆਂ ਵਿੱਚ ਹਾਲਾਤ ਨਾਲ ਸਿੱਝਣਾ ਮਨੁੱਖ ਦੀ ਪਛਾਣ ਬਣਦਾ ਹੈ। ਔਕੜਾਂ ਨੂੰ ਖਿੜੇ ਮੱਥੇ ਟੱਕਰਦੇ, ਆਪਣੀ ਮੰਜ਼ਿਲ ਵੱਲ ਵਧਦੇ ਸਿਦਕਵਾਨ ਮਨੁੱਖ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਬਣਦੇ।”ਮਨ ਦਾ ਰੌਂਅ ਬਦਲਿਆ ਤਾਂ ਅਸੀਂ ਚਾਹ ਪੀਣ ਲਈ ਮੈੱਸ ਵੱਲ ਹੋ ਤੁਰੀਆਂ। ਟੀਵੀ ਦੀ ਵੱਡੀ ਸਕਰੀਨ ’ਤੇ ਐਂਕਰ ਉੱਚੇ ਤੇ ਤਿੱਖੇ ਬੋਲਾਂ ਨਾਲ ਮਿਜ਼ਾਈਲ ਹਮਲਿਆਂ ਦਾ ਵਿਆਖਿਆਨ ਕਰ ਰਹੇ ਸਨ। ਇਨ੍ਹਾਂ ਨੂੰ ਦੇਖਣ, ਸੁਣਨ ਵਾਲਿਆਂ ਦੇ ਮਨਾਂ ਅੰਦਰ ਡਰ ਤੇ ਸਹਿਮ ਦਾ ਆਉਣਾ ਸੁਭਾਵਿਕ ਸੀ। ਆਪਣੇ ਕਮਰੇ ਵੱਲ ਪਰਤਦਿਆਂ ਸੁਮਿਤਾ ਦੀਦੀ ਬੋਲੇ, “ਫੌਜੀ ਜੀਵਨ ਵਾਂਗ ਸਾਡੇ ਘਰ ਵਿੱਚ ਵੀ ਅਨੁਸ਼ਾਸਨ ਦੀ ਪਾਲਣਾ ਹੁੰਦੀ ਹੈ। ਆਪੋ-ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਨ ਦਾ ਸਬਕ। ਸਹਿਜ ਤੇ ਸੰਜਮ ਦੀ ਪ੍ਰੇਰਨਾ। ਜਦੋਂ ਅਸੀਂ ਦੂਸਰਿਆਂ ਨੂੰ ਲਤਾੜ ਕੇ ਅੱਗੇ ਵਧਣ ਦੀ ਲਾਲਸਾ ਵਿੱਚ ਸੰਜਮ ਗੁਆ ਬੈਠਦੇ ਹਾਂ ਤਾਂ ਰਾਹ ਤੋਂ ਭਟਕਣਾ ਸੁਭਾਵਿਕ ਹੁੰਦਾ।”ਸਵੇਰ ਸ਼ਾਮ ਹੋਸਟਲ ਵਿੱਚ ਨਾਲ ਦੇ ਕਮਰੇ ਵਾਲੀ ਪੰਜਾਬੀ ਸਾਹਿਤ ਦੀ ਖੋਜਾਰਥੀ ਸੁਦੀਪ ਦੀ ਸੰਗਤ ਹੁੰਦੀ। ਉਹ ਆਪਣੀਆਂ ਮੁੱਲਵਾਨ ਗੱਲਾਂ ਨਾਲ ਉਦਾਸੀ ਤੇ ਨਿਰਾਸ਼ਾ ਨੂੰ ਆਸ ਵਿੱਚ ਤਬਦੀਲ ਕਰਦੇ। ਸ਼ਿਵ, ਪਾਸ਼ ਤੇ ਪਾਤਰ ਜਿਹੇ ਪੰਜਾਬੀ ਕਵੀਆਂ ਦੇ ਹਵਾਲੇ ਨਾਲ ਜ਼ਿੰਦਗੀ ਦੀ ਬੁਲੰਦੀ ਦੀ ਬਾਤ ਪਾਉਂਦੇ। ਦੇਸ਼ ਦੀਆਂ ਸਰਹੱਦਾਂ ਦੇ ਬਹਾਦਰ ਰਾਖਿਆਂ ’ਤੇ ਰਸ਼ਕ ਕਰਦੇ ਆਖਦੇ, “ਆਪਣੇ ਲਈ ਜਿਊਣ ਦੀ ਇੱਛਾ ਹਰੇਕ ਨੂੰ ਹੁੰਦੀ, ਲੋਕਾਂ ਲਈ, ਦੇਸ਼ ਲਈ ਜਿਊਣ ਤੇ ਆਪਾ ਨਿਛਾਵਰ ਕਰਨ ਦਾ ਜਿਗਰਾ ਤੇ ਮਾਣ ਹਰੇਕ ਕੋਲ ਨ੍ਹੀਂ ਹੁੰਦਾ। ਇਹੋ ਜਿਊਣਾ ਉੱਤਮ ਹੁੰਦਾ ਤੇ ਜ਼ਿੰਦਗੀ ਦੇ ਸ਼ਾਹ ਅਸਵਾਰਾਂ ਦੇ ਹਿੱਸੇ ਆਉਂਦਾ।”ਗੋਲੀਬੰਦੀ ਦੀ ਸੁਖਦ ਖ਼ਬਰ ਸੁਣ ਸੁਮਿਤਾ ਦੇ ਚਿਹਰੇ ’ਤੇ ਰੌਣਕ ਪਰਤੀ। ਹਰ ਵਰਗ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜ਼ਿੰਦਗੀ ਦੀ ਗੱਡੀ ਲੀਹ ’ਤੇ ਆਉਣ ਲੱਗੀ। ਮੈਨੂੰ ਆਪਣੇ ਮਰਹੂਮ ਸੁਤੰਤਰਤਾ ਸੈਨਾਨੀ ਦਾਦਾ ਜੀ ਜੰਗੀਰ ਸਿੰਘ ਆਜ਼ਾਦ ਦੀ ਡਾਇਰੀ ਦੇ ਪੰਨਿਆਂ ’ਤੇ ਉੱਕਰੇ ਬੋਲ ਮਾਰਗ ਦਰਸ਼ਨ ਕਰਦੇ ਨਜ਼ਰ ਆਏ: ‘ਜੰਗਾਂ ਹਮੇਸ਼ਾ ਘਾਤਕ ਹੁੰਦੀਆਂ। ਦੇਸ਼ ਦੁਨੀਆ ਦੀਆਂ ਸਰਕਾਰਾਂ ਨੂੰ ਆਪਣੇ ਲੋਕਾਂ ਨੂੰ ਤਰੱਕੀ ਲਈ ਖੁੱਲ੍ਹਾ ਅੰਬਰ ਤੇ ਖੁਸ਼ਹਾਲੀ ਦੀ ਪਰਵਾਜ਼ ਦੇਣ ਲਈ ਵੈਰ, ਵਿਰੋਧ, ਨਫਰਤ, ਹਥਿਆਰਾਂ ਦੀ ਲਾਲਸਾ ਤੇ ਲੜਾਈ ਦੇ ਦਰ ਬੰਦ ਕਰ ਕੇ ਮੁਹੱਬਤ, ਸਾਂਝ ਤੇ ਅਮਨ ਸ਼ਾਂਤੀ ਦੀਆਂ ‘ਖਿੜਕੀਆਂ’ ਖੋਲ੍ਹਣੀਆਂ ਚਾਹੀਦੀਆਂ ਜਿਨ੍ਹਾਂ ਵਿੱਚ ਮਾਨਵਤਾ ਦੇ ਸੁਨਿਹਰੇ ਭਵਿੱਖ ਦੀ ਫਿਜ਼ਾ ਗੂੰਜਦੀ ਹੈ’।ਸੰਪਰਕ: salamzindgi88@gmail.com