For the best experience, open
https://m.punjabitribuneonline.com
on your mobile browser.
Advertisement

ਖਾਲੀ ਥਾਵਾਂ

04:57 AM Mar 01, 2025 IST
ਖਾਲੀ ਥਾਵਾਂ
Advertisement

ਦਰਸ਼ਨ ਸਿੰਘ
ਸਫ਼ਰ ਕਰਦੇ ਸਮੇਂ ਕੰਡਕਟਰ ਨੇ ਕਿਹਾ, “ਅੱਗੇ ਆ ਜੋ... ਸੀਟ ਖ਼ਾਲੀ ਪਈ ਆ...।” ਪਿੱਛਿਉਂ ਚੱਲ ਕੇ ਮੈਂ ਅੱਗੇ ਜਾ ਬੈਠਾ। ਇਸ ਮਿਲੀ ਸੁੱਖ ਸਹੂਲਤ ਪੱਖੋਂ ਮੈਂ ਹੋਰਾਂ ਨਾਲੋਂ ਸੁਭਾਗਾ ਸਾਂ। ਨਵੇਂ ਲੋਕਾਂ ਨਾਲ ਨਵੇਂ ਅਨੁਭਵ ਸਨ। ਖੁੱਲ੍ਹ ਕੇ ਹੱਸਦੀਆਂ ਕਈ ਸਵਾਰੀਆਂ ਨੂੰ ਮੈਂ ਦੇਖਿਆ, ਕਿਸੇ ਗੱਲੋਂ ਕੰਡਕਟਰ ਨਾਲ ਖਹਿਬੜਦੇ ਹੋਏ ਵੀ। ਆਉਂਦੀਆਂ ਜਾਂਦੀਆਂ ਬੱਸਾਂ ’ਚੋਂ ਕੁਝ ਲੋੜੋਂ ਵੱਧ ਭਰੀਆਂ ਵੀ ਸਨ ਤੇ ਕੁਝ ਖ਼ਾਲੀ ਸੀਟਾਂ ਨਾਲ ਸੜਕ ’ਤੇ ਦੌੜਦੀਆਂ ਨਜ਼ਰ ਆਈਆਂ। ‘ਕਦੇ ਕਿਵੇਂ, ਕਦੀ ਕਿਵੇਂ। ਚੱਲਦਾ ਰਹਿੰਦੈ ਇਉਂ ਹੀ ਸਭ ਕੁਝ। ਹਰ ਪਲ ਦੀਆਂ ਆਪਣੀਆਂ ਗੱਲਾਂ ਹੁੰਦੀਆਂ।’ ਆਪਣੇ ਆਪ ਨਾਲ ਹੀ ਜਿਵੇਂ ਮੈਂ ਗੱਲਾਂ ਕਰ ਰਿਹਾ ਹੋਵਾਂ।
ਮੇਰੀ ਬੱਸ ’ਚ ਕੋਈ ਸੀਟ ਖ਼ਾਲੀ ਨਹੀਂ ਸੀ।
ਸੋਚਣ ਲੱਗਾ- ਖ਼ਾਲੀ ਕੁਝ ਵੀ ਹੋਵੇ, ਮਨ ਨੂੰ ਚੰਗਾ ਨਹੀਂ ਲੱਗਦਾ। ਖ਼ਾਲੀ ਭਾਂਡਾ ਲੈ ਕੇ ਸਵੇਰੇ-ਸਵੇਰੇ ਕੋਈ ਮੱਥੇ ਲੱਗ ਜਾਵੇ ਤਾਂ ਲੋਕਾਂ ਨੂੰ ਵਹਿਮ ਹੋਣ ਲਗਦੈ। ਖ਼ਾਲੀ ਹੱਥ ਕਿਸੇ ਦੇ ਘਰ ਜਾਣਾ ਵੀ ਠੀਕ ਨਹੀਂ ਹੁੰਦਾ। ਪੰਛੀਆਂ ਤੋਂ ਬਿਨਾਂ ਖ਼ਾਲੀ ਅੰਬਰ ਵੀ ਕੋਈ ਧੂਹ ਜਿਹੀ ਪਾਉਂਦਾ। ਘਰ ਦੇ ਜੀਆਂ ਬਗੈਰ ਖ਼ਾਲੀ-ਖ਼ਾਲੀ ਜਾਪਦੇ ਘਰਾਂ ਦੀ ਭਾਂ-ਭਾਂ ਦਿਲ ਨੂੰ ਬੜਾ ਚੁੱਭਦੀ ਆ...।
ਬੈਠੇ-ਬੈਠੇ ਇਹ ਸੋਚਾਂ ਕਿਤੇ ਦੀਆਂ ਕਿਤੇ ਲੈ ਗਈਆਂ। ਸੋਚਦਾ, ਕੁਦਰਤ ਨੂੰ ਵੀ ਖ਼ਾਲੀ ਥਾਵਾਂ ਪਸੰਦ ਨਹੀਂ। ਘਾਹ-ਬੂਟੀਆਂ ਖ਼ਾਲੀ ਥਾਵਾਂ ’ਤੇ ਆਪੇ ਉੱਗ ਪੈਂਦੀਆਂ। ਛੋਟੇ ਹੁੰਦਿਆਂ ਮੈਨੂੰ ਜਮਾਤ ਵਿੱਚ ਮੂਹਰੇ ਬੈਠਣ ਦਾ ਚਾਅ ਹੁੰਦਾ ਸੀ। ਖ਼ਾਲੀ ਜਗ੍ਹਾ ਬੈਠਣ ਲਈ ਮਿਲਦੀ, ਮੈਂ ਭੱਜ ਕੇ ਜਾ ਬੈਠਦਾ। ਕਿਤਾਬ ਪੜ੍ਹਦਿਆਂ ‘ਖ਼ਾਲੀ ਥਾਵਾਂ ਭਰੋ’ ਦਾ ਸਵਾਲ ਥੋੜ੍ਹੀ ਦੇਰ ਲਈ ਮੇਰੇ ਮਨ ’ਚ ਆ ਕੇ ਠਹਿਰ ਜਾਂਦਾ। ਕੀ ਭਰਾਂ? ਗਲਤ ਭਰ ਬੈਠਾ ਤਾਂ...। ਜਾਪਦਾ, ਖ਼ਾਲੀ ਥਾਵਾਂ ਦੇ ਵੀ ਬੜੇ ਡੂੰਘੇ ਅਰਥ ਹੁੰਦੇ ਨੇ।
ਆਪਣੇ ਹੰਢਾਏ ਸਮੇਂ ’ਚ ਮੁੜਦਿਆਂ ਮੈਨੂੰ ਯਾਦ ਆਇਆ...
“... ਆਟਾ ਵੀ ਹੱਥੋਂ ਭੁੜਕਿਆ। ਕਾਂ ਵੀ ਬਨੇਰੇ ਬੈਠਾ ਬੋਲਦਾ। ਲਗਦਾ, ਅੱਜ ਕੋਈ ਆਊਗਾ...।” ਘਰ ਅੰਦਰ ਤੇ ਘਰੋਂ ਬਾਹਰ ਵੀ ਮੈਂ ਕਈਆਂ ਨੂੰ ਕਹਿੰਦੇ ਸੁਣਿਆ। ਵਿਸ਼ਵਾਸ ਉਦੋਂ ਬੜੇ ਡੂੰਘੇ ਹੁੰਦੇ ਸਨ ਅਤੇ ਜ਼ਿੰਦਗੀ ਨੂੰ ਸਿੱਧੇ-ਅਸਿੱਧੇ ਅਗਾਂਹ ਤੋਰਦੇ ਸਨ। ਕਾਂ ਦੀ ਕਾਂ-ਕਾਂ ਨਾਲ ਹੀ ਕਿਸੇ ਦੇ ਆਉੇਣ ਦਾ ਯਕੀਨ ਬੱਝਾ ਹੋਇਆ ਸੀ। ਉਡੀਕਾਂ ਕਈ ਵਾਰ ਜਦ ਲੰਮੀਆਂ ਹੋ ਜਾਂਦੀਆਂ ਤਾਂ ਮਨ ’ਚ ਜਿਵੇਂ ਕੋਈ ਖਿਲਾਅ ਪਸਰ ਜਾਂਦਾ। ਕਿਸੇ ਦੇ ਆ ਕੇ ਚਲੇ ਜਾਣ ਪਿੱਛੋਂ ਵੀ ਕਈ ਕਈ ਦਿਨ ਘਰ ਖ਼ਾਲੀ ਖ਼ਾਲੀ ਲਗਦਾ। “ਚੱਲਿਐਂ? ਕੱਲ੍ਹ ਚਲੇ ਜਾਣਾ ਸੀ।” ਉਦਾਸ ਜਿਹੀ ਕਿਸੇ ਆਵਾਜ਼ ਨਾਲ ਘਰ ਦੀਆਂ ਕੰਧਾਂ ’ਤੇ ਵੀ ਜਿਵੇਂ ਚੁੱਪ ਆ ਬੈਠਦੀ। ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣਾ ਮਨੁੱਖੀ ਫ਼ਿਤਰਤ ਸੀ। “ਦਾਦੂ, ਰੋਟੀ ਖਾ ਲਈ?” ਘਰੋਂ ਤੁਰਿਆ ਸਾਂ ਤਾਂ ਜਲੰਧਰ ਰਹਿੰਦੀ ਸਾਢੇ ਛੇ ਕੁ ਸਾਲਾਂ ਦੀ ਮੇਰੀ ਪੋਤੀ ਦਾ ਫੋਨ ਆਇਆ ਸੀ। ਮੈਂ ਹੱਸਦਿਆਂ ਕਿਹਾ, “ਨਹੀਂ, ਆਜੋ ਬਣਾ ਦਿਉ...।” “ਮੈਂ ਤਾਂ ਅਜੇ ਛੋਟੀ ਹਾਂ। ਵੱਡੀ ਹੋਵਾਂਗੀ ਤਾਂ...।” “ਉਦੋਂ ਤੱਕ ਤਾਂ ਮੈਂ ਬੁੱਢਾ ਹੋ ਜਾਵਾਂਗਾ।” “... ਤਾਂ ਕੀ ਹੋਇਆ। ਮੈਂ ਵੀ ਹੋਰ ਸਿਆਣੀ ਹੋ ਜਾਵਾਂਗੀ। ਵਧੀਆ ਪਕਾਵਾਂਗੀ, ਖੁਆਵਾਂਗੀ...।” ਮੈਨੂੰ ਜਾਪਿਆ ਮੇਰੀ ਜੀਵਨ ਸਾਥਣ ਦੇ ਗੁਜ਼ਰ ਜਾਣ ਪਿੱਛੋਂ ਮੇਰੇ ਅੰਦਰ ਪੈਦਾ ਹੋਏ ਅਥਾਹ ਖ਼ਾਲੀਪਣ ਨੂੰ ਭਰਨ ਲਈ ਇਹ ਛੋਟਾ ਜਿਹਾ ਨਿੱਘਾ ਬੋਲ ਹੀ ਕਾਫੀ ਸੀ। ਇਉਂ ਲੱਗਾ, ਪਲ ਦੋ ਪਲ ਲਈ ਮੈਂ ਆਉਣ ਵਾਲੇ ਬੁਢਾਪੇ ਦੀ ਸਾਂਭ-ਸੰਭਾਲ ਦੇ ਡਰ-ਫਿਕਰ ਤੋਂ ਜਿਵੇਂ ਪੂਰੀ ਤਰ੍ਹਾਂ ਮੁਕਤ ਹੀ ਹੋ ਗਿਆ ਹੋਵਾਂ।
“ਕਿੱਥੇ ਜਾਣਾ ਤੁਸੀਂ?” ਕੋਲ ਬੈਠੀ ਸਵਾਰੀ ਨੇ ਮੈਨੂੰ ਪੁੱਛਿਆ। “ਵੱਡੇ ਪੁੱਤ ਕੋਲ। ਮੁਹਾਲੀ ਰਹਿੰਦਾ। ਪੋਤਾ ਵੀ ਉਡੀਕਦਾ ਰਹਿੰਦੈ। ਪੰਜ ਸੱਤ ਦਿਨ ਰਹਿ ਕੇ ਛੋਟੀ ਨੂੰਹ ਕੋਲ ਜਲੰਧਰ ਜਾਵਾਂਗਾ...। ਦੋ ਕੁ ਹਫ਼ਤੇ ਰਹਾਂਗਾ।” “ਬੜੀ ਚੰਗੀ ਗੱਲ ਹੈ। ਮਾਪਿਆਂ ਨੂੰ ਪੁੱਛਣ ਤੇ ਕੋਲ ਬੈਠਣ ਵਾਲੇ ਧੀ-ਪੁੱਤ ਹੁਣ ਵਿਰਲੇ ਟਾਵੇਂ ਹੀ ਰਹਿਗੇ...।” ਉਸ ਦੇ ਬੋਲਾਂ ਦੀ ਉਦਾਸੀ ਤੋਂ ਮੈਨੂੰ ਲੱਗਾ ਜਿਵੇਂ ਉਹ ਆਪਣੇ ਅੰਦਰ ਕੁਝ ਅਣਚਾਹਿਆ ਲੈ ਕੇ ਸਫ਼ਰ ਕਰ ਰਿਹਾ ਹੋਵੇ ਤੇ ਮੇਰੀਆਂ ਗੱਲਾਂ ’ਚੋਂ ਆਪਣੀ ਸੁਖੱਲੀ-ਸਵੱਲੀ ਜ਼ਿੰਦਗੀ ਦਾ ਕੋਈ ਗੁਆਚਾ ਸੁਫਨਾ ਭਾਲ ਰਿਹਾ ਹੋਵੇ।
ਸਫ਼ਰ ਮੁੱਕਣ ਹੀ ਵਾਲਾ ਸੀ। ਰਾਹ ’ਚ ਸਵਾਰੀਆਂ ਉਤਰਨ ਕਰ ਕੇ ਬੱਸ ਖ਼ਾਲੀ ਹੋਣ ਨਾਲ ਬੇਰੌਣਕੀ ਵਧਣ ਲੱਗੀ ਸੀ। ਬਸ ਸਟੈਂਡ ’ਤੇ ਇਹ ਪੂਰੀ ਤਰ੍ਹਾਂ ਖ਼ਾਲੀ ਹੋ ਗਈ। ਕੰਡਕਟਰ ਡਰਾਈਵਰ ਵੀ ਸ਼ੀਸ਼ੇ ਤਾਕੀਆਂ ਬੰਦ ਕਰ ਕੇ ਚਲੇ ਗਏ। ਬੱਸ ਤੋਂ ਉੱਤਰ ਕੇ ਮੈਂ ਬੱਸ ਨੂੰ ਅੱਗਿਉਂ ਪਿੱਛੋਂ ਦੇਖਿਆ। ਖ਼ਾਲੀ ਖੜ੍ਹੀ ਬੱਸ ਮੈਨੂੰ ਉਦਾਸ ਜਿਹੀ ਲੱਗੀ। ਰਾਤ ਭਰ ਇਸ ਨੇ ਇਸੇ ਤਰ੍ਹਾਂ ਹੀ ਖੜ੍ਹਨਾ ਸੀ। ਸੋਚਣ ਲੱਗਾ, ਸਵੇਰ ਨੂੰ ਸਵਾਰੀਆਂ ਆਉਣਗੀਆਂ... ਬੈਗ, ਅਟੈਚੀ, ਝੋਲਿਆਂ ਤੇ ਸਵਾਰੀਆ ਦੇ ਹੋਰ ਸਮਾਨ ਨਾਲ ਭਰੀ ਇਹ ਸੜਕਾਂ ’ਤੇ ਚਾਅ ਨਾਲ ਦੌੜਨ ਲੱਗੇਗੀ। ਰੌਣਕ ਫਿਰ ਪਰਤੇਗੀ। ਜ਼ਿੰਦਗੀ ਦਾ ਸਫ਼ਰ ਵੀ ਸ਼ਾਇਦ ਬੱਸ ਦੇ ਖ਼ਾਲੀ ਹੋਣ ਅਤੇ ਭਰਨ ਜਿਹਾ ਹੀ ਹੈ। ਜ਼ਿੰਦਗੀ ਵਿੱਚ ਵੀ ਕਿਸੇ ਵਜ੍ਹਾ ਕਦੇ ਸੁੰਨ ਹੁੰਦੀ ਹੈ, ਕਦੇ ਭਾਰੀ ਬੋਝਲ ਖਿਲਾਅ ਹੁੰਦੇ ਹਨ। ਬੰਦਾ ਕਦੀ ਤੁਰਦਾ, ਭੱਜਦਾ ਤੇ ਕਦੀ ਰੁਕਦਾ। ਖ਼ਾਲੀ ਬੱਸ ’ਚ ਚੜ੍ਹਦੀਆਂ ਸਵਾਰੀਆਂ ਵਾਂਗ ਖ਼ਾਲੀ ਮਨ ਤੇ ਖ਼ਾਲੀ ਅੱਖਾਂ ਨੂੰ ਭਰਨ ਵਾਲਾ ਕੋਈ ‘ਆਪਣਾ’ ਤਾਂ ਜ਼ਿੰਦਗੀ ’ਚ ਹੋਣਾ ਤੇ ਆਉਣਾ ਚਾਹੀਦੈ। ਉਮਰਾਂ ਦੇ ਪੈਂਡੇ ਫਿਰ ਅਸੁਖਾਵੇਂ ਨਹੀਂ ਲੱਗਦੇ... ਨਾ ਹੀ ਆਸਾਂ ਉਡੀਕਾਂ ਮਰਦੀਆਂ।
ਸੁਫਨਿਆਂ ਦੇ ਸਿਰਨਾਵੇਂ ਤਾਂ ਹਰ ਕਿਸੇ ਕੋਲ ਹੁੰਦੇ, ਪੁੱਜਣ ਲਈ ਸਿਰਫ਼ ਉਨ੍ਹਾਂ ਰਾਹਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਰਾਹਾਂ ਦਾ ਰੂਹ ਨਾਲ ਰਿਸ਼ਤਾ ਹੋਵੇ ਤੇ ਜਿੱਥੇ ਵਾਰ-ਵਾਰ ਰੱਜ ਕੇ ਤੁਰਨ ਟਹਿਲਣ ਨੂੰ ਜੀਅ ਕਰੇ...। ਮੇਰਾ ਰਾਹ ਤਾਂ ਅਜਿਹਾ ਹੀ ਸੀ ਪਰ ਸਵਾਰੀਆਂ ਆਪੋ-ਆਪਣੇ ਸਮਾਨ ਲੈ ਕੇ ਕਿਹੜੇ ਰਾਹਾਂ ’ਤੇ ਗਈਆਂ, ਪਤਾ ਨਹੀਂ ਉਹ ਰਾਹ-ਰਸਤੇ ਅਪਣੱਤ ਭਰੇ ਸਨ ਜਾਂ ਖ਼ਾਲੀ ਖ਼ਾਲੀ...।
ਸੰਪਰਕ: 98667-37933

Advertisement

Advertisement
Advertisement
Advertisement
Author Image

Jasvir Samar

View all posts

Advertisement