ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਗੁਰਮਤਿ ਸਮਾਗਮ
ਗੁਰਿੰਦਰ ਸਿੰਘ
ਲੁਧਿਆਣਾ, 13 ਅਪਰੈਲ
ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵੱਖ ਵੱਖ ਗੁਰਦੁਆਰਿਆਂ ਵਿੱਚ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਕੀਰਤਨੀ ਜੱਥਿਆਂ ਅਤੇ ਪ੍ਰਚਾਰਕਾਂ ਪਾਸੋਂ ਗੁਰੂ ਜੱਸ ਸਰਵਣ ਕੀਤਾ।
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿੱਚ ਅੰਮ੍ਰਿਤ ਵੇਲੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਏ, ਉਪਰੰਤ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਉਪਰੰਤ ਜਵੱਦੀ ਟਕਸਾਲ ਦੇ ਪ੍ਰੋਫ਼ੈਸਰ ਡਾ. ਚਰਨਜੀਤ ਕੌਰ ਨੇ ਕੀਰਤਨ ਦੀ ਹਾਜ਼ਰੀ ਲਵਾਈ। ਜਵੱਦੀ ਟਕਸਾਲ ਦੇ ਛੋਟੇ ਬੱਚਿਆਂ ਨੇ ਸੰਗਤ ਨੂੰ ਕਵਿਤਾਵਾਂ ਸੁਣਾਈਆਂ। ਪੰਥ ਪ੍ਰਸਿੱਧ ਢਾਡੀ ਗਿਆਨੀ ਕਮਲ ਸਿੰਘ ਬੱਦੋਵਾਲ ਦੇ ਜੱਥੇ ਨੇ ਢਾਡੀ ਵਾਰਾਂ ਪੇਸ਼ ਕੀਤੀਆਂ। ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ "ਬਾਰਹ ਮਾਹ ਤੁਖਾਰੀ" ਦੀ ਕਥਾ ਕੀਤੀ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਹੋਇਆ।
ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਹੋਏ ਗੁਰਮਤਿ ਸਮਾਗਮ ਵਿੱਚ
ਪੰਥ ਪ੍ਰਸਿੱਧ ਕੀਰਤਨੀਏ ਭਾਈ ਬਖਸ਼ੀਸ਼ ਸਿੰਘ ਅਤੇ ਭਾਈ ਹਰਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਕੀਰਤਨੀ ਜੱਥਿਆਂ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਕੀਰਤਨੀ ਜੱਥੇ ਅਤੇ ਇਸਤਰੀ ਸਤਿਸੰਗ ਸਭਾਵਾਂ ਦੇ ਕੀਰਤਨੀ ਜੱਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਖੇ ਹਾਈਡਰੋਲਿਕ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਗਈ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਸੰਗਤ ਨੂੰ ਵਿਸਾਖੀ ਪੁਰਬ ਦੀ ਵਧਾਈ ਦਿੱਤੀ ਅਤੇ ਰਾਗੀ ਜੱਥਿਆਂ ਨੂੰ ਸਨਮਾਨਿਤ ਕੀਤਾ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਸਿਟੀ ਇਨਕਲੇਵ, ਦੁੱਗਰੀ ਧਾਂਦਰਾ ਰੋਡ ਵਿੱਖੇ ਮੁੱਖ ਸੇਵਾਦਾਰ ਭਗਵਿੰਦਰ ਪਾਲ ਸਿੰਘ ਗੋਲਡੀ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਭਾਈ ਗਗਨਪ੍ਰੀਤ ਸਿੰਘ, ਭਾਈ ਭੁਪਿੰਦਰ ਸਿੰਘ ਖਾਲਸਾ ਅਤੇ ਇਸਤਰੀ ਸਤਿਸੰਗ ਜੱਥੇ ਨੇ ਰਸਭਿੰਨਾਂ ਕੀਰਤਨ ਕੀਤਾ। ਭਗਵਿੰਦਰ ਪਾਲ ਸਿੰਘ ਗੋਲਡੀ ਅਤੇ ਕਮੇਟੀ ਮੈਂਬਰਾਂ ਵੱਲੋਂ ਖਾਲਸਾ ਸਾਜਣਾ ਦਿਵਸ ਦੀ ਵਧਾਈ ਦਿੰਦਿਆਂ ਸੰਗਤ ਨੂੰ ਖੰਡੇ ਵਾਲੇ ਝੰਡੇ ਵੰਡੇ ਗਏ।
ਗੁਰਦੁਆਰਾ ਸ਼ਹੀਦਾਂ (ਫੇਰੂਮਾਨ) ਢੋਲੇਵਾਲ ਚੌਕ ਵਿੱਚ ਹੋਏ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਗੁਰਦੀਪ ਸਿੰਘ ਜੈਪੁਰ ਵਾਲੇ, ਭਾਈ ਗੁਰਸ਼ਰਨ ਸਿੰਘ, ਭਾਈ ਪਰਮਵੀਰ ਸਿੰਘ, ਭਾਈ ਹਰਪ੍ਰੀਤ ਸਿੰਘ ਖਾਲਸਾ ਅਤੇ ਭਾਈ ਰਾਜਵਿੰਦਰ ਸਿੰਘ ਵੱਲੋਂ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ ਗਈ। ਉਪਰੰਤ ਕਥਾ ਵਾਚਕ ਭਾਈ ਮਨਪ੍ਰੀਤ ਸਿੰਘ ਨੇ ਸੰਗਤ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਇਆ। ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਸਤਪਾਲ ਸਿੰਘ ਪਾਲ ਅਤੇ ਪਰਮਜੀਤ ਸਿੰਘ ਲਾਇਲਪੁਰੀ ਨੇ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।