ਖਾਲਸਾ ਕਾਲਜ ਦੀ ਸਕਿੱਟ ਟੀਮ ਯੂਨੀਵਰਸਿਟੀ ਕਲਰ ਨਾਲ ਸਨਮਾਨੀ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 15 ਅਪਰੈਲ
ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਥੀਏਟਰੀਕਲ ਟੀਮ ਦੇ ਛੇ ਵਿਦਿਆਰਥੀਆਂ ਨੂੰ ਸਕਿੱਟ ਵੰਨਗੀ ਵਿੱਚ ਸਰਵੋਤਮ ਕਾਰਗੁਜ਼ਾਰੀ ਵਜੋਂ ਰੋਲ ਆਫ ਆਨਰ ਅਤੇ ਯੂਨੀਵਰਸਿਟੀ ਕਲਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹਾਸਲ ਕਰਨ ਮਗਰੋਂ ਅੱਜ ਖਾਲਸਾ ਕਾਲਜ ਮਾਹਿਲਪੁਰ ਵਿੱਚ ਪੁੱਜੀ ਥੀਏਟਰੀਕਲ ਟੀਮ ਦੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਅਤੇ ਸਟਾਫ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਟੀਮ ਦੀ ਅਗਵਾਈ ਕਰਦੇ ਅਧਿਆਪਕਾਂ ਨੇ ਵਿਦਿਆਰਥੀ ਨਾਟ ਕਰਮੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾਲ ਸੰਸਥਾ ਦਾ ਨਾਮ ਰੌਸ਼ਨ ਹੁੰਦਾ ਹੈ।
ਥੀਏਟਰੀਕਲ ਟੀਮ ਦੇ ਕਨਵੀਨਰ ਡਾ. ਜੇਬੀ ਸੇਖੋਂ ਨੇ ਦੱਸਿਆ ਕਿ ਕਾਲਜ ਦੀ ਸਕਿੱਟ ਟੀਮ ਦੇ ਛੇ ਵਿਦਿਆਰਥੀ- ਨਾਟ ਕਰਮੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਵੱਲੋਂ ਰੋਲ ਆਫ ਆਨਰ ਅਤੇ ਯੂਨੀਵਰਸਿਟੀ ਕਲਰ ਨਾਲ ਸਨਮਾਨਿਤ ਕੀਤੇ ਗਏ ਹਨ। ਜੇਤੂ ਵਿਦਿਆਰਥੀਆਂ ਅੰਮ੍ਰਿਤਪਾਲ ਸਿੰਘ, ਸ਼ੈਰਲ, ਰੀਤਿਕਾ, ਗਗਨਦੀਪ ਸਿੰਘ, ਹਰਮਨ, ਮੁਨੀਸ਼ ਕੁਮਾਰ ਨੇ ਕਾਲਜ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।